ਨਵੀਂ ਦਿੱਲੀ – ਬੀਜੇਪੀ ਦੇ ਆਪਣੀ ਹੀ ਪਾਰਟੀ ਦੇ ਦਿਗਜ਼ ਨੇਤਾ ਇੱਕ ਤੋਂ ਬਾਅਦ ਇੱਕ ਮੋਦੀ ਸਰਕਾਰ ਦੀਆਂ ਘਾਤਕ ਨੀਤੀਆਂ ਦੇ ਖਿਲਾਫ਼ ਸਾਹਮਣੇ ਆ ਰਹੇ ਹਨ। ਯਸ਼ਵੰਤ ਸਿਨਹਾ ਤੋਂ ਬਾਅਦ ਅਰੁਣ ਸ਼ੌਰੀ ਨੇ ਵੀ ਆਰਥਿਕ ਵਿਕਾਸ ਦੀ ਘੱਟ ਰਹੀ ਰਫ਼ਤਾਰ ਅਤੇ ਵੱਧ ਰਹੀ ਬੇਰੁਜ਼ਗਾਰੀ ਤੇ ਕੇਂਦਰ ਸਰਕਾਰ ਤੇ ਵਾਰ ਕਰਦੇ ਹੋਏ ਨੋਟਬੰਦੀ ਦੇ ਫੈਂਸਲੇ ਨੂੰ ਆਤਮਹੱਤਿਆ ਕਰਨ ਦੇ ਬਰਾਬਰ ਦੱਸਿਆ। ਸਾਬਕਾ ਕੈਬਨਿਟ ਮੰਤਰੀ ਨੇ ਮੋਦੀ ਤੇ ਤੰਜ ਕਸਦੇ ਹੋਏ ਕਿਹਾ ਕਿ ਇਹ ਮੋਦੀ ਸਰਕਾਰ ਦਾ ਕੁਝ ਜਿਆਦਾ ਹੀ ਬਹਾਦਰੀ ਵਾਲਾ ਫੈਂਸਲਾ ਸੀ।
ਉਨ੍ਹਾਂ ਨੇ ਐਨਡੀਟੀਵੀ ਨੂੰ ਦਿੱਤੇ ਇੱਕ ਇੰਟਰਵਿਯੂ ਵਿੱਚ ਨੋਟਬੰਦੀ ਸਬੰਧੀ ਕੀਤੇ ਗਏ ਸਵਾਲਾਂ ਦੇ ਜਵਾਬ ਵਿੱਚ ਕਿਹਾ, ‘ਇਹ ਹੁਣ ਤੱਕ ਦੀ ਸੱਭ ਤੋਂ ਵੱਡੀ ਮਨੀਲਾਂਡਰਿੰਗ ਸਕੀਮ ਹੈ, ਜੋ ਸਰਕਾਰ ਵੱਲੋਂ ਮਨਜ਼ੂਰ ਕੀਤੀ ਗਈ ਹੈ ਅਤੇ ਲਾਗੂ ਵੀ ਕੀਤੀ ਗਈ ਹੈ।’ ਉਨ੍ਹਾਂ ਨੇ ਕਿਹਾ ਕਿ ਇਹ ‘ਮੂਰਖਤਾਪੂਰਣ ਝੱਟਕਾ’ ਸੀ। ਨੋਟਬੰਦੀ ਦੌਰਾਨ ਕਾਲਾ ਧੰਧਾ ਕਰਨ ਵਾਲਿਆਂ ਨੇ ਵੀ ਆਪਣਾ ਧੰਨ ਚਿੱਟਾ ਕਰ ਲਿਆ ਸੀ। ਉਨ੍ਹਾਂ ਨੇ ਕੇਂਦਰ ਸਰਕਾਰ ਨੂੰ ‘ਸਿਰਫ਼ ਢਾਈ ਲੋਕਾਂ ਦੀ ਸਰਕਾਰ’ ਦੱਸਿਆ।
ਅਰੁਣ ਸ਼ੌਰੀ ਨੇ ਸਿੱਧੇ ਤੌਰ ਤੇ ਪੀਐਮ ਤੇ ਹਮਲਾ ਬੋਲਦੇ ਹੋਏ ਕਿਹਾ ਕਿ ਇੱਕ ਦਿਨ ਅਚਾਨਕ ਮੋਦੀ ਨੂੰ ਇਹ ਗਿਆਨ ਹੁੰਦਾ ਹੈ ਕਿ ਨੋਟਬੰਦੀ ਕੀਤੀ ਜਾਣੀ ਚਾਹੀਦੀ ਹੈ ਤਾਂ ਉਹ ਕਰ ਦਿੰਦੇ ਹਨ। ਜੇ ਇਹ ਬਹਾਦਰੀ ਵਾਲਾ ਕਦਮ ਸੀ ਤਾਂ ਮੈਂ ਤੁਹਾਨੂੰ ਯਾਦ ਦਿਵਾ ਦੇਵਾਂ ਕਿ ਆਤਮਹੱਤਿਆ ਕਰਨਾ ਵੀ ਬਹਾਦਰੀ ਭਰਿਆ ਫੈਂਸਲਾ ਹੀ ਹੁੰਦਾ ਹੈ।