ਨਵੀਂ ਦਿੱਲੀ : ਗੁਰਦੁਆਰਾ ਬੰਗਲਾ ਸਾਹਿਬ ਨੂੰ ਸਵੱਛ ਭਾਰਤ ਮੁਹਿੰਮ ਤਹਿਤ ਦਿੱਲੀ ਦੇ ਸਭ ਤੋਂ ਸਾਫ਼ ਧਾਰਮਿਕ ਸਥਾਨ ਵੱਜੋਂ ਚੁਣਿਆ ਗਿਆ ਹੈ। ਨਵੀਂ ਦਿੱਲੀ ਨਗਰ ਪਰਿਸ਼ਦ ਦੇ ਚੇਅਰਮੈਨ ਪਵਨ ਗੋਇਲ, ਸਕੱਤਰ ਚੰਚਲ ਯਾਦਵ, ਸੀ.ਐਮ.ਓ. ਡਾ. ਸ੍ਰੀ ਵਾਸਤਵ ਅਤੇ ਸਾਬਕਾ ਸਾਂਸਦ ਅਨਿਤਾ ਆਰਯ ਵੱਲੋਂ ਇਸ ਸਬੰਧੀ ਕਨਾਟ ਪਲੈਸ ਦੇ ਸੈਂਟ੍ਰਲ ਪਾਰਕ ਵਿਖੇ ਹੋਏ ਸਮਾਗਮ ਦੌਰਾਨ ਗੁਰਦੁਆਰਾ ਸਾਹਿਬ ਦੇ ਚੇਅਰਮੈਨ ਪਰਮਜੀਤ ਸਿੰਘ ਚੰਢੋਕ ਨੂੰ ਪ੍ਰਮਾਣ-ਪੱਤਰ ਦਿੱਤਾ ਗਿਆ।
ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਗੁਰਦੁਆਰਾ ਬੰਗਲਾ ਸਾਹਿਬ ਦੀ ਚੋਣ ਬੀਤੇ ਦਿਨੀਂ ਦਿੱਲੀ ਦੇ ਸਭ ਤੋਂ ਪਸੰਦੀਦਾ ਧਾਰਮਿਕ ਸਥਾਨ ਵੱਜੋਂ ਹੋਣ ਉਪਰੰਤ ਹੁਣ ਸਭ ਤੋਂ ਸਾਫ਼ ਧਾਰਮਿਕ ਸਥਾਨ ਦਾ ਪ੍ਰਮਾਣ ਪੱਤਰ ਗੁਰਦੁਆਰਾ ਸਾਹਿਬ ਨੂੰ ਮਿਲਣ ’ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਕਿਹਾ ਕਿ ਕਮੇਟੀ ਲਗਾਤਾਰ ਗੁਰਦੁਆਰਾ ਸਾਹਿਬ ਦੇ ਸੁੰਦਰੀਕਰਨ ਦੇ ਕਾਰਜਾਂ ਦੇ ਨਾਲ ਹੀ ਸੰਗਤਾਂ ਦੀ ਸਹੂਲਤਾਂ ’ਚ ਵਾਧਾ ਕਰਨ ਵਾਸਤੇ ਲਗਾਤਾਰ ਕੋਸ਼ਿਸ਼ ਕਰ ਰਹੀ ਹੈ। ਜਿਸ ਕਰਕੇ ਅੱਜ ਗੁਰਦੁਆਰਾ ਬੰਗਲਾ ਸਾਹਿਬ ਧਰਮ ਅਤੇ ਅਧਿਆਤਮ ਦਾ ਸਭ ਤੋਂ ਵੱਡਾ ਕੇਂਦਰ ਬਣਕੇ ਉਭਰਨ ’ਚ ਕਾਮਯਾਬ ਹੋ ਰਿਹਾ ਹੈ। ਉਨ੍ਹਾਂ ਨੇ ਛੇਤੀ ਹੀ ਬੰਗਲਾ ਸਾਹਿਬ ਵਿਖੇ ਆਧੂਨਿਕ ਮਸ਼ੀਨਾਂ ਨਾਲ ਲੈਸ ਹਸਪਤਾਲ ਸ਼ੁਰੂ ਹੋਣ ਦੀ ਵੀ ਜਾਣਕਾਰੀ ਦਿੱਤੀ।