ਤਹਿਰਾਨ – ਦੁਨੀਆਂਭਰ ਦੇ ਕਈ ਦੇਸ਼ਾਂ ਦੇ ਨਾਲ 2015 ਵਿੱਚ ਈਰਾਨ ਦੇ ਨਾਲ ਕੀਤੇ ਗਏ ਨਿਊਕਲੀਅਰ ਸਮਝੌਤਿਆਂ ਦੇ ਬਚਾਅ ਦਾ ਪੱਖ ਲੈਂਦੇ ਹੋਏ ਈਰਾਨ ਦੇ ਰਾਸ਼ਟਰਪਤੀ ਨੇ ਕਿਹਾ ਕਿ 10 ਡੋਨਲਡ ਟਰੰਪ ਮਿਲ ਕੇ ਵੀ ਇਨ੍ਹਾਂ ਸਮਝੌਤਿਆਂ ਨਾਲ ਈਰਾਨ ਨੂੰ ਮਿਲਣ ਵਾਲੇ ਲਾਭ ਨੂੰ ਨਹੀਂ ਰੋਕ ਸਕਦੇ। ਉਨ੍ਹਾਂ ਨੇ ਕਿਹਾ ਕਿ ਕੋਈ ਵੀ ਵਿਅਕਤੀ ਈਰਾਨ ਤੋਂ ਉਸ ਦਾ ਹੱਕ ਨਹੀਂ ਖੋਹ ਸਕਦਾ।
ਈਰਾਨੀ ਰਾਸ਼ਟਰਪਤੀ ਹਸਨ ਰੂਹਾਨੀ ਨੇ ਤਹਿਰਾਨ ਯੂਨੀਵਰਿਸਟੀ ਵਿੱਚ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ, ‘ਅਸਾਂ ਇਸ ਸਮਝੌਤੇ ਦਾ ਲਾਭ ਲਿਆ ਹੈ ਅਤੇ ਇਸ ਵਿੱਚ ਕੋਈ ਪ੍ਰੀਵਰਤਨ ਨਹੀਂ ਹੋਵੇਗਾ। ਕੋਈ ਵੀ ਇਸ ਨੂੰ ਵਾਪਿਸ ਨਹੀਂ ਲੈ ਸਕਦਾ। 10 ਟਰੰਪ ਵੀ ਅਜਿਹਾ ਨਹੀਂ ਕਰ ਸਕਦੇ।’ ਵਰਨਣਯੋਗ ਹੈ ਕਿ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਨੇ ਹਾਲ ਹੀ ਵਿੱਚ ਕਿਹਾ ਸੀ ਕਿ ਉਹ ਬਹੁਤ ਜਲਦ ਹੀ ਇਸ ਸਮਝੌਤੇ ਨੂੰ ਰੱਦ ਕਰ ਦੇਣਗੇ। ਇਸ ਕਰਕੇ ਇਹੋ ਹੀ ਉਮੀਦ ਕੀਤੀ ਜਾ ਰਹੀ ਹੈ ਕਿ ਈਰਾਨ ਨਾਲ ਕੀਤਾ ਗਿਆ ਇਹ ਨਿਊਕਲੀਅਰ ਸਮਝੌਤਾ ਜਲਦੀ ਹੀ ਰੱਦ ਹੋ ਸਕਦਾ ਹੈ।
ਅੰਤਰਰਾਸ਼ਟਰੀ ਪੱਧਰ ਤੇ ਹੋਏ ਇਸ ਸਮਝੌਤੇ ਦੇ ਤਹਿਤ ਈਰਾਨ ਦੇ ਪਰਮਾਣੂੰ ਪ੍ਰੋਗਰਾਮਾਂ ਤੇ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਗਾਈਆਂ ਗਈਆਂ ਸਨ। ਇਸ ਦੇ ਤਹਿਤ ਹੀ ਈਰਾਨ ਤੋਂ ਤੇਲ ਨਿਰਯਾਤ ਸਮੇਤ ਕਈ ਤਰ੍ਹਾਂ ਦੀਆਂ ਹੋਰ ਪਾਬੰਦੀਆਂ ਹਟਾ ਲਈਆਂ ਗਈਆਂ ਸਨ। ਅਮਰੀਕੀ ਰਾਸਲਟਰਪਤੀ ਟਰੰਪ ਪਿੱਛਲੇ ਕੁਝ ਅਰਸੇ ਤੋਂ ਈਰਾਨ ਪਰਮਾਣੂੰ ਸਮਝੌਤੇ ਦੀ ਆਲੋਚਨਾ ਕਰਦੇ ਆ ਰਹੇ ਹਨ। ਇਹ ਸਮਝੌਤਾ ਈਰਾਨ ਅਤੇ ਦਨੀਆਂ ਦੇ 6 ਦੇਸ਼ਾਂ ਚੀਨ, ਫਰਾਂਸ, ਅਮਰੀਕਾ,ਬ੍ਰਿਟੇਨ, ਰੂਸ ਅਤੇ ਜਰਮਨੀ ਦੇ ਦਰਮਿਆਨ ਹੋਇਆ ਸੀ। ਟਰੰਪ ਇਸ ਸਬੰਧੀ ਵਿਆਪਕ ਅਮਰੀਕੀ ਰਣਨੀਤੀ ਅਪਨਾ ਸਕਦੇ ਹਨ, ਜਿਸ ਵਿੱਚ ਪਰਮਾਣੂੰ ਸਮਝੌਤੇ ਨੂੰ ਲੈ ਕੇ ਇਹ ਫੈਂਸਲਾ ਮਹੱਤਵਪੂਰਣ ਹੋਵੇਗਾ।