ਨਵੀਂ ਦਿੱਲੀ – ਇਸ ਵਾਰ ਦਿੱਲੀ ਦੇ ਲੋਕਾਂ ਦੀ ਦੀਵਾਲੀ ਸਾਈਲੈਂਟ ਹੀ ਬੀਤਣ ਵਾਲੀ ਹੈ। ਸੁਪਰੀਮ ਕੋਰਟ ਨੇ ਇੱਥੇ ਪਟਾਖਿਆਂ ਦੀ ਵਿਕਰੀ ਤੇ ਇੱਕ ਨਵੰਬਰ ਤੱਕ ਦੇ ਲਈ ਰੋਕ ਲਗਾ ਦਿੱਤੀ ਹੈ। ਇਸ ਤੋਂ ਪਹਿਲਾਂ ਕੋਰਟ ਨੇ 12 ਸਤੰਬਰ ਨੂੰ ਪਟਾਖਿਆਂ ਦੀ ਵਿਕਰੀ ਸਬੰਧੀ ਰਾਹਤ ਦਿੱਤੀ ਸੀ, ਜਿਸ ਵਿੱਚ ਹੁਣ ਸੁਧਾਰ ਕਰ ਦਿੱਤਾ ਗਿਆ ਹੈ।
ਸੁਪਰੀਮ ਕੋਰਟ ਨੇ ਸਾਰੇ ਸਥਾਈ ਅਤੇ ਅਸਥਾਈ ਲਾਈਸੈਂਸ ਤਤਕਾਲ ਪ੍ਰਭਾਵ ਨਾਲ ਬਰਖਾਸਤ ਕਰਦੇ ਹੋਏ ਕਿਹਾ ਹੈ ਕਿ ਪਟਾਖਿਆਂ ਤੇ ਬੈਨ 31 ਅਕਤੂਬਰ ਤੱਕ ਬਰਕਰਾਰ ਰਹੇਗਾ। ਹੁਣ ਇੱਕ ਨਵੰਬਰ ਤੋਂ ਦਿੱਲੀ ਐਨਸੀਆਰ ਖੇਤਰ ਵਿੱਚ ਪਟਾਖੇ ਵਿੱਕ ਸਕਣਗੇ। ਜਸਟਿਸ ਏਕੇ ਸਿਕਰੀ ਦੀ ਪ੍ਰਧਾਨਗੀ ਵਾਲੇ ਬੈਂਚ ਨੇ 6 ਅਕਤੂਬਰ ਨੂੰ ਇਸ ਮੁੱਦੇ ਤੇ ਆਪਣਾ ਫੈਂਸਲਾ ਸੁਰੱਖਿਅਤ ਰੱਖ ਲਿਆ ਸੀ। ਕੋਰਟ ਤੋਂ ਇਹ ਮੰਗ ਕੀਤੀ ਗਈ ਸੀ ਕਿ ਉਹ ਆਪਣੇ ਪਿੱਛਲੇ ਸਾਲ ਦੇ ਉਸ ਆਦੇਸ਼ ਨੂੰ ਬਹਾਲ ਕਰੇ, ਜਿਸ ਦੇ ਤਹਿਤ ਦਿੱਲੀ-ਐਨਸੀਆਰ ਵਿੱਚ ਪਟਾਖਿਆਂ ਦੀ ਵਿਕਰੀ ਤੇ ਰੋਕ ਲਗਾ ਦਿੱਤੀ ਗਈ ਸੀ।
ਅਰਜਨ ਗੋਪਾਲ ਨਾਮ ਦੇ ਵਿਅਕਤੀ ਨੇ ਅਦਾਲਤ ਵਿੱਚ ਚੁਣੌਤੀ ਦਿੱਤੀ ਸੀ। ਉਨ੍ਹਾਂ ਵੱਲੋਂ ਪੇਸ਼ ਹੋਏ ਵਕੀਲ ਗੋਪਾਲ ਸ਼ੰਕਰ ਨਰਾਇਣ ਨੇ ਸੁਪਰੀਮ ਕੋਰਟ ਦੇ ਸਾਹਮਣੇ ਇਹ ਦਲੀਲ ਦਿੱਤੀ ਸੀ ਕਿ ਪਟਾਖਿਆਂ ਦੀ ਵਿਕਰੀ ਤੇ ਰੋਕ ਦਾ ਆਦੇਸ਼ ਜਾਰੀ ਰਹਿਣਾ ਚਾਹੀਦਾ ਹੈ, ਕਿਉਂਕਿ ਇਸ ਨਾਲ ਦੀਵਾਲੀ ਦੇ ਪਹਿਲਾਂ ਅਤੇ ਬਾਅਦ ਵਿੱਚ ਦਿੱਲੀ- ਐਨਸੀਆਰ ਵਿੱਚ ਵਾਯੂ ਪ੍ਰਦੂਸ਼ਣ ਖਤਰਨਾਕ ਪੱਧਰ ਤੇ ਪਹੁੰਚ ਜਾਂਦਾ ਹੈ।