ਲੰਡਨ – ਬ੍ਰਿਟਿਸ਼ ਐਜੂਕੇਸ਼ਨਲ ਐਂਡ ਕਲਚਰਲ ਐਸੋ: ਆਫ਼ ਸਿੱਖਜ਼ (ਬੀਕਾਸ) ਬਰੈਡਫੋਰਡ ਵੱਲੋਂ 28ਵਾਂ ਸਾਲਾਨਾ ਸਾਹਿਤਕ ਸਮਾਗਮ ਗੁਰੂ ਗੋਬਿੰਦ ਸਿੰਘ ਗੁਰਦੁਆਰਾ ਸਾਹਿਬ ਦੇ ਸ਼ਹੀਦ ਊਧਮ ਸਿੰਘ ਹਾਲ ਵਿੱਚ ਸ਼ਾਨੋ-ਸ਼ੌਕਤ ਨਾਲ ਕਰਵਾਇਆ ਗਿਆ। ਜਿਸ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਵਿਸ਼ਵ ਪ੍ਰਸਿੱਧ ਨਾਵਲਕਾਰ ਸ਼ਿਵਚਰਨ ਜੱਗੀ ਕੁੱਸਾ, ਲੇਖਕ ਤੇ ਪੱਤਰਕਾਰ ਮਨਦੀਪ ਖੁਰਮੀ ਨੇ ਕੀਤੀ। ਇਹ ਬੀਕਾਸ ਸੰਸਥਾ ਦੀ ਵਿਸ਼ੇਸ਼ ਪ੍ਰਾਪਤੀ ਆਖੀ ਜਾ ਸਕਦੀ ਹੈ ਕਿ ਇਸ ਸਮਾਗਮ ਦੇ ਪਹਿਲੇ ਦੌਰ ਵਿੱਚ ਇੰਗਲੈਂਡ ਦੇ ਜੰਮਪਲ ਬੱਚਿਆਂ ਦਾ ਕਵੀ ਦਰਬਾਰ ਵੀ ਕਰਵਾਇਆ ਜਾਂਦਾ ਹੈ। ਬੱਚਿਆਂ ਦੇ ਕਵੀ ਦਰਬਾਰ ਵਿੱਚ ਆਪਣੇ ਤੋਤਲੇ ਬੋਲਾਂ ਰਾਹੀਂ ਕੋਮਲ ਕੌਰ, ਦਿਲਰਾਜ ਕੌਰ, ਸਰਵੰਸ ਸਿੰਘ, ਜਸਕੀਰਤ ਸਿੰਘ, ਸਿਮਰਨ ਕੌਰ ਸੇਖੋਂ, ਹਰਲੀਨ ਕੌਰ, ਤਰਨਜੀਤ ਸਿੰਘ, ਹਿੰਮਤ ਖੁਰਮੀ, ਕੀਰਤ ਖੁਰਮੀ, ਸਤਕਿਰਨ ਕੌਰ, ਰਮਨਦੀਪ ਕੌਰ, ਜੈਆ ਪ੍ਰੀਤ ਕੌਰ, ਗੁਰਮਨ ਸਿੰਘ ਤੇ ਪ੍ਰੀਤੀ ਕੌਰ ਨੇ ਸ਼ਮੂਲੀਅਤ ਕਰਕੇ ਦਰਸਾ ਦਿੱਤਾ ਕਿ ਜੇਕਰ ਮਾਪੇ ਸੁਹਿਰਦ ਹੋਣ ਤਾਂ ਪੰਜਾਬੀ ਬੋਲੀ ਦੁਨੀਆ ‘ਚ ਕਿਸੇ ਵੀ ਜਗ੍ਹਾ ਜ਼ਿੰਦਾਬਾਦ ਰਹਿ ਸਕਦੀ ਹੈ। ਪ੍ਰਬੰਧਕਾਂ ਵੱਲੋਂ ਹੌਂਸਲਾ ਅਫ਼ਜਾਈ ਵਜੋਂ ਬੱਚਿਆਂ ਨੂੰ ਸਨਮਾਨ ਵਜੋਂ ਨਕਦ ਰਾਸ਼ੀ ਭੇਂਟ ਕੀਤੀ ਗਈ। ਸਮਾਗਮ ਦੀ ਪ੍ਰਧਾਨਗੀ ਲਈ ਜੱਗੀ ਕੁੱਸਾ, ਮਨਦੀਪ ਖੁਰਮੀ, ਸੰਸਥਾ ਦੇ ਪ੍ਰਧਾਨ ਤ੍ਰਿਲੋਚਨ ਸਿੰਘ ਦੁੱਗਲ, ਰਣਵੀਰ ਸਿੰਘ ਰਾਏ ਨੇ ਕੀਤੀ। ਦੂਜੇ ਦੌਰ ਦੀ ਸ਼ੁਰੂਆਤ ਮੰਚ ਸੰਚਾਲਕ ਕਸ਼ਮੀਰ ਸਿੰਘ ਘੁੰਮਣ ਵੱਲੋਂ ਬਿੰਦਰ ਜਾਨ ਏ ਸਾਹਿਤ ਦੀ ਰਚਨਾ ‘ਲਿਖਣ ਲੱਗਿਆ ਸੋਚ ਕੇ ਲਿਖੀਂ’ ਰਾਹੀਂ ਕੀਤੀ। ਇਸ ਉਪਰੰਤ ਪ੍ਰਸਿੱਧ ਕਵੀ ਮਨਜੀਤ ਸਿੰਘ ਕਮਲਾ, ਗੁਰਸ਼ਰਨ ਸਿੰਘ ਜ਼ੀਰਾ, ਦੀਪਕ ਪਾਰਸ, ਮਨਜੀਤ ਸਿੰਘ ਚੀਮਾ, ਤਾਰਾ ਸਿੰਘ ਤਾਰਾ ਆਧੀਵਾਲਾ, ਤਰਲੋਚਨ ਸਿੰਘ ਚੰਨ ਜੰਡਿਆਲਵੀ, ਮਹਿੰਦਰ ਸਿੰਘ ਦਿਲਬਰ, ਰਾਜਵਿੰਦਰ ਸਿੰਘ, ਜੱਗੀ ਡੌਨਕਾਸਟਰ ਆਦਿ ਵੱਲੋਂ ਆਪਣੇ ਕਲਾਮਾਂ ਰਾਹੀਂ ਹਾਜਰੀਨ ਨੂੰ ਕੀਲੀ ਰੱਖਿਆ। ਨਰਿੰਦਰ ਸਿੰਘ ਧਾਮੀ ਤੇ ਮੁਕੇਸ਼ ਜੀ ਵੱਲੋਂ ਚੁਟਕਲਿਆਂ ਰਾਹੀਂ ਢਿੱਡੀਂ ਪੀੜਾਂ ਪੁਆਈਆਂ। ਜਿੱਥੇ ਇਸ ਸਮੇਂ ਜੀ ਸੀ ਐੱਸ ਈ ਦੇ ਇਮਤਿਹਾਨ ਵਿੱਚੋਂ ਅੱਵਲ ਆਉਣ ਵਾਲੀਆਂ ਬੱਚੀਆਂ ਅਮਰਪ੍ਰੀਤ ਕੌਰ ਤੇ ਸਿਮਰਨ ਕੌਰ ਦਾ ਸਨਮਾਨ ਕੀਤਾ ਉੱਥੇ ਨਾਵਲਕਾਰ ਜੱਗੀ ਕੁੱਸਾ ਤੇ ਲੇਖਕ ਮਨਦੀਪ ਖੁਰਮੀ ਨੂੰ ਆਪੋ ਆਪਣੇ ਖੇਤਰ ਵਿੱਚ ਪਾਏ ਜਾ ਰਹੇ ਯੋਗਦਾਨ ਬਦਲੇ ਸਨਮਾਨ ਚਿੰਨ੍ਹਾਂ ਨਾਲ ਨਿਵਾਜਿਆ ਗਿਆ। ਲੇਖਕ ਬਲਵਿੰਦਰ ਸਿੰਘ ਚਾਹਲ ਦੀ ਪੁਸਤਕ ਠਇਟਲੀ ਦੇ ਸਿੱਖ ਫੌਜ਼ੀ” ਵੀ ਲੋਕ ਅਰਪਣ ਕੀਤੀ ਗਈ। ਸੰਸਥਾ ਦੇ ਪ੍ਰਧਾਨ ਤ੍ਰਿਲੋਚਨ ਸਿੰਘ ਦੁੱਗਲ ਵੱਲੋਂ ਜਿੱਥੇ ਹਾਜਰੀਨ, ਬੱਚਿਆਂ ਤੇ ਵਡੇਰੇ ਕਵੀਜਨਾਂ ਦਾ ਧੰਨਵਾਦ ਕੀਤਾ ਉੱਥੇ ਸਮਾਗਮ ਦੀ ਸਫ਼ਲਤਾ ਲਈ ਯੂਰਪੀਅਨ ਪੰਜਾਬੀ ਸੱਥ ਦੇ ਸੰਚਾਲਕ ਮੋਤਾ ਸਿੰਘ ਸਰਾਏ, ਹਰਜਿੰਦਰ ਸਿੰਘ ਸੰਧੂ, ਪੰਜਾਬ ਰੇਡੀਓ ਦੇ ਸੰਚਾਲਕ ਸੁਰਜੀਤ ਸਿੰਘ ਘੁੰਮਣ, ਸੁਭਾਸ਼ ਕੌਸ਼ਲ, ਗੁਰਮੇਲ ਸਿੰਘ (ਆਕਾਸ਼ ਰੇਡੀਓ), ਸਤਵੀਰ ਸਿੰਘ, ਸਾਧੂ ਸਿੰਘ ਛੋਕਰ, ਮਹਿੰਦਰ ਸਿੰਘ ਮਾਨ, ਪਰੇਮ ਸਿੰਘ, ਸੇਵਾ ਸਿੰਘ ਅੱਟਾ ਸਮੇਤ ਸਮੂਹ ਗੁਰਦੁਆਰਾ ਕਮੇਟੀ ਸੇਵਾਦਾਰਾਂ ਦੇ ਸਹਿਯੋਗ ਨੂੰ ਅਹਿਮ ਦੱਸਿਆ।
ਬ੍ਰਿਟਿਸ਼ ਐਜੂਕੇਸ਼ਨਲ ਐਂਡ ਕਲਚਰਲ ਐਸੋ: ਆਫ਼ ਸਿੱਖਜ਼ ਦਾ 28 ਵਾਂ ਸਾਲਾਨਾ ਸਮਾਗਮ ਮੁੜ ਮਿਲਣ ਦੇ ਵਾਅਦੇ ਨਾਲ ਸਮਾਪਤ
This entry was posted in ਅੰਤਰਰਾਸ਼ਟਰੀ.