ਲੁਧਿਆਣਾ : ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਫਸਲਾਂ ਵਿੱਚ ਲੋੜ ਅਧਾਰਿਤ ਨਾਈਟਰੋਜਨ ਖਾਦ ਦੀ ਵਰਤੋਂ ਕਰਨ ਲਈ ਵਿਕਸਿਤ ਕੀਤੇ ਪੱਤਾ ਰੰਗ ਚਾਰਟ ਨੂੰ ਇੰਡੋ-ਯੂ ਕੇ ਨਾਈਟਰੋਜਨ ਪ੍ਰਭਾਵੀ ਸਾਂਝ ਕੇਂਦਰਾਂ ਵੱਲੋਂ ਸਮੁੱਚੇ ਭਾਰਤ ਦੇ ਕਿਸਾਨਾਂ ਨੂੰ ਸਪਲਾਈ ਕਰਨ ਦੀ ਸਿਫਾਰਸ਼ ਕੀਤੀ ਗਈ। ਇੰਡੋ-ਯੂ ਕੇ ਨਾਈਟਰੋਜਨ ਸਾਂਝ ਕੇਂਦਰਾਂ ਵੱਲੋਂ ਨਾਈਟਰੋਜਨ ਦੀ ਘਾਟ ਨੂੰ ਲੋੜ ਅਧਾਰਿਤ ਪੂਰਿਆਂ ਕਰਨ ਸੰਬੰਧੀ ਇਹ ਫੈਸਲਾ 3 ਅਕਤੂਬਰ ਤੋਂ 5 ਅਕਤੂਬਰ 2017 ਦੌਰਾਨ ਐਨ ਏ ਐਸ ਸੀ ਨਵੀਂ ਦਿੱਲੀ ਵਿਖੇ ਭਾਰਤ ਵਿੱਚ ਖੇਤੀ ਨਾਈਟਰੋਜਨ ਵਿਗਿਆਨ ਨੂੰ ਦਰਪੇਸ਼ ਚੁਣੌਤੀਆਂ ਅਤੇ ਮੌਕੇੂ ਸੰਬੰਧੀ ਵਿਚਾਰ ਵਟਾਂਦਰੇ ਦੌਰਾਨ ਅਤੇ ਇਸ ਉਪਰੰਤ 5 ਅਕਤੂਬਰ ਤੋਂ 7 ਅਕਤੂਬਰ 2017 ਦੌਰਾਨ ਹੈਦਰਾਬਾਦ ਵਿਖੇ ਸੀ ਆਈ ਐਨ ਟੀ ਆਰ ਆਈ ਐਨ ਦੀ ਮੀਟਿੰਗ ਦੌਰਾਨ ਲਿਆ ਗਿਆ। ਇਨ੍ਹਾਂ ਮੀਟਿੰਗਾਂ ਵਿੱਚ ਵਿਚਾਰ ਵਟਾਂਦਰੇ ਦੌਰਾਨ ਡਾ.ਵਰਿੰਦਰਪਾਲ ਸਿੰਘ, ਸੀਨੀਅਰ ਸਾਇਲ ਕੈਮਿਸਟ ਨੇ ਦੱਸਿਆ ਕਿ ਆਈ ਆਰ ਆਰ ਆਈ ਐਲ ਸੀ ਸੀ ਦੀ ਪੀਏਯੂ ਵਲੋਂ ਝੋਨੇ, ਮੱਕੀ ਅਤੇ ਕਣਕ ਵਿੱਚ ਲੋੜ ਅਧਾਰਿਤ ਨਾਈਟਰੋਜਨ ਖਾਦ ਦੀ ਵਰਤੋਂ ਕਰਨ ਲਈ ਸ਼ੁਰੂਆਤ ਕੀਤੀ ਗਈ ਸੀ ਲੇਕਿਨ ਇਹ ਪੱਤਾ ਰੰਗ ਚਾਰਟ ਪੱਤੇ ਦੀ ਹਰਿਆਲੀ ਦੇ ਫਰਕ ਨੂੰ 10 ਐ ਪੀ ਏ ਡੀ (ਕਲੋਰੋਫਿਲ ਮੀਟਰ) ਤੋਂ ਘੱਟ ਹੋਣ ਤੇ ਬਾਰੀਕੀ ਨਾਲ ਨਹੀਂ ਸੀ ਮਾਪ ਸਕਦਾ ਜਿਸ ਕਰਕੇ ਨਾਈਟਰੋਜਨ ਖਾਦ ਦੀ ਲੋੜ ਅਧਾਰਿਤ ਵਰਤੋਂ ਵਿੱਚ ਲਾਹੇਵੰਦ ਸਾਬਤ ਨਹੀਂ ਸੀ ਹੋ ਰਿਹਾ। ਉਨ੍ਹਾਂ ਦੱਸਿਆ ਕਿ ਯੂਨੀਵਰਸਿਟੀ ਦੇ ਭੂਮੀ ਵਿਗਿਆਨ ਵਿਭਾਗ ਦੇ ਆਈ ਆਰ ਆਰ ਆਈ ਪੱਤਾ ਰੰਗ ਚਾਰਟ ਨੂੰ ਸੋਧਿਆ ਅਤੇ ਇਸ ਵਿੱਚ 5 ਐਸ ਪੀ ਏ ਡੀ ਯੂਨਿਟਾਂ ਦੇ ਫਰਕ ਨੂੰ ਦਰਸਾਉਂਦੀਆਂ ਨਵੀਆਂ ਰੰਗਦਾਰ ਧਾਰੀਆਂ ਜੋੜ ਕੇ ਇਸਦੀ ਸੂਖਮਤਾ ਨੂੰ ਵਧਾਇਆ। ਪੀਏਯੂ ਦੇ ਪੱਤਾ ਰੰਗ ਚਾਰਟ ਬਾਰੇ ਜਾਣਕਾਰੀ ਦਿੰਦਿਆਂ ਉਹਨਾਂ ਦੱਸਿਆ ਕਿ ਝੋਨਾ, ਕਣਕ, ਮੱਕੀ ਅਤੇ ਬਾਸਮਤੀ ਵਿੱਚ ਨਾਈਟਰੋਜਨ ਦੀ ਉਚਿਤ ਵਰਤੋਂ ਕਰਨ ਨਾਲ ਫਸਲਾਂ ਦੇ ਝਾੜ ਵਿੱਚ ਚੋਖਾ ਵਾਧਾ ਕੀਤਾ ਜਾ ਸਕਦਾ ਹੈ।
ਡਾ: ਓ ਪੀ ਚੌਧਰੀ ਮੁਖੀ ਭੂਮੀ ਵਿਗਿਆਨ ਵਿਭਾਗ ਪੀਏਯੂ ਨੇ ਦੱਸਿਆ ਕਿ ਯੂਨੀਵਰਸਿਟੀ ਵੱਲੋਂ ਨਾਈਟਰੋਜਨ ਵਿਚ ਖੋਜ ਲਈ ਕੈਂਬਰਿਜ-ਇੰਡੀਆ ਨੈੱਟਵਰਕ ਅਤੇ ਆਤਮ ਪ੍ਰਗਾਸ ਸਮਾਜ ਭਲਾਈ ਕੌਂਸਲ ਦੇ ਸਹਿਯੋਗ ਨਾਲ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਬੱਸੀਆਂ ਅਤੇ ਪਠਾਨਕੋਟ ਦੇ ਮਿਰਜ਼ਾਪੁਰ ਵਿੱਚ ਪੀਏਯੂ ਐਲ ਸੀ ਸੀ ਦੀ ਵਰਤੋਂ ਕਰਦਿਆਂ ਕਿਸਾਨਾਂ ਨੂੰ ਨਾਈਟਰੋਜਨ ਖਾਦਾਂ ਦੀ ਉਚਿਤ ਵਰਤੋਂ ਕਰਨ ਵਿੱਚ ਸੁਸਖਿਅਤ ਕਰਨ ਦਾ ਬੀੜਾ ਚੁੱਕਿਆ ਗਿਆ ਹੈ। ਡਾ. ਵਰਿੰਦਰ ਪਾਲ ਸਿੰਘ ਨੇ ਦੱਸਿਆ ਕਿ ਬੱਸੀਆਂ ਪਿੰਡ ਦੇ ਕਿਸਾਨਾਂ ਨੇ ਝੋਨੇ ਵਿੱਚ ਪੀਏਯੂ ਐਫ ਸੀ ਸੀ ਦੀ ਵਰਤੋਂ ਨਾਲ 50 ਤੋਂ 75 ਕਿਲੋ ਯੂਰੀਆ ਪ੍ਰਤੀ ਏਕੜ ਬਚਾਇਆ ਹੈ ਜਦੋਂ ਕਿ ਆਮ ਤੌਰ ਤੇ ਕਿਸਾਨ 150 ਕਿਲੋ ਯੂਰੀਆ ਪ੍ਰਤੀ ਏਕੜ ਦਾ ਛਿੜਕਾਅ ਕਰ ਰਹੇ ਹਨ। ਇਸ ਮੀਟਿੰਗ ਵਿੱਚ ਯੂਨੀਵਰਸਿਟੀ ਵੱਲੋਂ ਡਾ. ਪ੍ਰਵੀਨ ਛੁਨੇਜਾ , ਡਾ. ਸਤਿੰਦਰ ਕੌਰ ਅਤੇ ਡਾ.ਜੈਇਸ ਸਿੰਘ ਨੇ ਵੀ ਸ਼ਿਰਕਤ ਕੀਤੀ।