ਫ਼ਤਹਿਗੜ੍ਹ ਸਾਹਿਬ – “ਇਹ ਹਿੰਦੂਤਵ ਹੁਕਮਰਾਨਾਂ ਵੱਲੋਂ ਅਤੇ ਉਨ੍ਹਾਂ ਦੇ ਗੁਲਾਮ ਬਣੇ ਪੰਜਾਬ ਦੇ ਹੁਕਮਰਾਨਾਂ ਵੱਲੋਂ ਬਹੁਤ ਹੀ ਦੁੱਖ ਅਤੇ ਅਫਸੋਸ ਵਾਲੇ ਅਮਲ ਹੋ ਰਹੇ ਹਨ ਕਿ ਨਿਰਦੋਸ਼ ਭੋਲੇ-ਭਾਲੇ ਮੁਸਲਿਮ ਨੌਜ਼ਵਾਨਾਂ ਨੂੰ ਆਈ.ਐਸ.ਆਈ. ਦੇ ਏਜੰਟ ਗਰਦਾਨਕੇ ਅਤੇ ਸਿੱਖ ਨੌਜ਼ਵਾਨੀ ਨੂੰ ਬੱਬਰ ਖ਼ਾਲਸਾ ਅਤੇ ਹੋਰ ਖਾੜਕੂ ਜਥੇਬੰਦੀਆਂ ਦੇ ਏਜੰਟ ਗਰਦਾਨਕੇ ਇਨ੍ਹੀ ਦਿਨੀ ਕੇਵਲ ਸਿੱਖ ਕੌਮ ਨੂੰ ਬਦਨਾਮ ਹੀ ਨਹੀਂ ਕੀਤਾ ਜਾ ਰਿਹਾ, ਬਲਕਿ ਉਨ੍ਹਾਂ ਨੂੰ ਨਿਸ਼ਾਨਾ ਬਣਾਕੇ ਇਥੋ ਦੀ ਪੁਲਿਸ ਅਤੇ ਪ੍ਰਸ਼ਾਸ਼ਨ ਵੱਲੋ ਅਣਮਨੁੱਖੀ ਢੰਗਾਂ ਰਾਹੀ ਤਸੱਦਦ ਅਤੇ ਜੁਲਮ ਵੀ ਵੱਡੇ ਪੱਧਰ ਤੇ ਕੀਤਾ ਜਾ ਰਿਹਾ ਹੈ । ਇਹ ਹੋਰ ਵੀ ਦੁੱਖ ਤੇ ਅਫਸੋਸ ਵਾਲੀ ਕਾਰਵਾਈ ਹੈ ਕਿ ਮਨੁੱਖੀ ਅਧਿਕਾਰਾਂ, ਆਜ਼ਾਦੀ ਦੇ ਨਿਯਮਾਂ ਦੇ ਅਸੂਲਾਂ ਦੀ ਗੱਲ ਕਰਨ ਵਾਲੇ ਸੰਗਠਨ ਅਤੇ ਸਖਸ਼ੀਅਤਾਂ ਵੀ ਇਸ ਹੋ ਰਹੇ ਜੁਲਮ ਨੂੰ ਦੇਖਕੇ ਪਾਸਾ ਵੱਟਣ ਦੀਆਂ ਆਦੀ ਹੋ ਗਈਆ ਹਨ ਜੋ ਹੁਕਮਰਾਨਾਂ ਨੂੰ ਗੈਰ-ਵਿਧਾਨਿਕ ਢੰਗਾਂ ਰਾਹੀ ਮੁਸਲਿਮ ਅਤੇ ਸਿੱਖ ਕੌਮ ਉਤੇ ਜ਼ਬਰ-ਜੁਲਮ ਕਰਨ ਲਈ ਉਤਸਾਹਿਤ ਕਰ ਰਹੀਆ ਹਨ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਤੇ ਦਿਨੀਂ ਜਲੰਧਰ ਵਿਖੇ ਆਸਟ੍ਰੀਆ ਮੁਲਕ ਦੇ ਮੁਸਲਿਮ ਕੌਮ ਨਾਲ ਸੰਬੰਧਤ ਨਾਗਰਿਕ ਸ੍ਰੀ ਹੱਕ ਉਤੇ ਘੜੇ-ਘੜਾਏ ਸਾਜ਼ਸੀ ਦੋਸ ਲਗਾਕੇ ਉਸ ਉਤੇ ਝੂਠੇ ਕੇਸ ਬਣਾਉਣ ਅਤੇ ਉਸ ਉਤੇ ਅਣਮਨੁੱਖੀ ਢੰਗ ਨਾਲ ਜ਼ਬਰ-ਜੁਲਮ ਕਰਨ ਦੀ ਕਾਰਵਾਈ ਦੀ ਪੁਰਜੋਰ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਅਤੇ ਕੌਮਾਂਤਰੀ ਪੱਧਰ ਦੀਆਂ ਮਨੁੱਖੀ ਅਧਿਕਾਰਾਂ ਨਾਲ ਸੰਬੰਧਤ ਜਥੇਬੰਦੀਆਂ ਅਮਨੈਸਟੀ ਇੰਟਰਨੈਸਨਲ, ਏਸੀਆ ਵਾਚ ਹਿਊਮਨ ਰਾਈਟਸ ਅਤੇ ਸਮੁੱਚੇ ਮੁਲਕਾਂ ਦੀ ਸਾਂਝੀ ਜਥੇਬੰਦੀ ਯੂ.ਐਨ.ਓ. ਨੂੰ ਇਸ ਦਿਸ਼ਾਂ ਵੱਲ ਸੰਜੀਦਗੀ ਨਾਲ ਕਦਮ ਉਠਾਉਣ ਦੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਇਹ ਕੇਵਲ ਮੁਸਲਿਮ ਕੌਮ ਨਾਲ ਹੀ ਨਹੀਂ, ਸਿੱਖ ਨੌਜ਼ਵਾਨੀ ਨਾਲ ਵੀ ਹੁਕਮਰਾਨ ਇਸ ਸਾਜਿ਼ਸ ਅਧੀਨ ਅਜਿਹਾ ਕਰ ਰਹੇ ਹਨ । ਬੀਤੇ ਸਮੇਂ ਵਿਚ ਨਵਾਂਸ਼ਹਿਰ, ਹੁਸਿਆਰਪੁਰ, ਮੋਗਾ ਆਦਿ ਜਿ਼ਲ੍ਹਿਆਂ ਵਿਚ ਸਕੂਲਾਂ ਅਤੇ ਕਾਲਜਾਂ ਵਿਚ ਪੜ੍ਹਨ ਵਾਲੇ ਸਿੱਖ ਵਿਦਿਆਰਥੀਆਂ ਨੂੰ ਨਿਸ਼ਾਨਾ ਬਣਾਕੇ ਅਤੇ ਉਨ੍ਹਾਂ ਨੂੰ ਬੱਬਰ ਖ਼ਾਲਸਾ ਦੇ ਮੈਬਰ ਗਰਦਾਨਕੇ ਅਜਿਹਾ ਜੁਲਮ ਢਾਹਿਆ ਗਿਆ ਜੋ ਕਿ ਅਜੇ ਵੀ ਪੰਜਾਬ ਵਿਚ ਜਾਰੀ ਹੈ । ਅਜਿਹੇ ਅਮਲ ਹੁਕਮਰਾਨਾਂ ਵੱਲੋ ਦੋਵੇ ਮਾਰਸ਼ਲ ਕੌਮਾਂ ਮੁਸਲਿਮ ਅਤੇ ਸਿੱਖ ਕੌਮ ਨੂੰ ਬਦਨਾਮ ਕਰਨ ਅਤੇ ਉਨ੍ਹਾਂ ਉਤੇ ਤਸੱਦਦ ਢਾਹਕੇ ਗੁਲਾਮਾਂ ਵਾਲਾ ਜੀਵਨ ਬਤੀਤ ਕਰਨ ਲਈ ਅਣਮਨੁੱਖੀ ਮਾਹੌਲ ਬਣਾਉਣ ਲਈ ਕੀਤਾ ਜਾ ਰਿਹਾ ਹੈ । ਜਦੋਂਕਿ ਇਥੇ ਇਹ ਵਰਣਨ ਕਰਨਾ ਜ਼ਰੂਰੀ ਹੈ ਕਿ ਉਪਰੋਕਤ ਮੁਸਲਿਮ ਨੌਜ਼ਵਾਨ ਸ੍ਰੀ ਹੱਕ ਦਾ ਪਰਿਵਾਰ ਮੁਲਕ ਦੀ ਵੰਡ ਵੇਲੇ ਇੱਧਰ ਆਇਆ ਸੀ ਅਤੇ ਜੋ ਉਸਨੇ ਪਲਾਟ ਖ੍ਰੀਦਿਆ ਹੈ, ਉਹ ਆਪਣੇ ਬੈਂਕ ਅਕਾਊਂਟ ਵਿਚੋਂ ਪੈਸੇ ਕਢਵਾਕੇ ਖਰੀਦਿਆ ਹੈ ਅਤੇ ਉਸਦੀ ਕਿਸੇ ਵੀ ਗੈਰ-ਕਾਨੂੰਨੀ ਜਾਂ ਗੈਰ-ਇਖਲਾਕੀ ਕਾਰਵਾਈ ਵਿਚ ਸ਼ਮੂਲੀਅਤ ਨਹੀਂ। ਉਸਦੇ ਬਾਵਜੂਦ ਵੀ ਉਸ ਨੂੰ ਝੂਠੇ ਕੇਸਾਂ ਵਿਚ ਫਸਾਕੇ ਤਸ਼ੱਦਦ ਢਾਹੁਣ ਦੇ ਅਮਲ ਬਿਲਕੁਲ ਬੀਤੇ ਸਮੇਂ ਵਿਚ ਅਤੇ ਅਜੋਕੇ ਸਮੇਂ ਵਿਚ ਹਿੰਦੂਤਵ ਹੁਕਮਰਾਨਾਂ ਵੱਲੋਂ ਸਿੱਖ ਕੌਮ ਨਾਲ ਕੀਤੀਆਂ ਜਾ ਰਹੀਆਂ ਜਿਆਦਤੀਆਂ ਨਾਲ ਬਿਲਕੁਲ ਮੇਲ ਖਾਂਦੇ ਹਨ ਅਤੇ ਦੋਵਾਂ ਕੌਮਾਂ ਨੂੰ ਇਕ ਡੂੰਘੀ ਸਾਜਿਸ਼ ਅਧੀਨ ਨਿਸ਼ਾਨਾ ਬਣਾਇਆ ਜਾ ਰਿਹਾ ਹੈ । ਸਿੱਖ ਕੌਮ ਅਤੇ ਮੁਸਲਿਮ ਕੌਮ ਮੁਤੱਸਵੀ ਹਿੰਦੂਤਵ ਹੁਕਮਰਾਨਾਂ ਦੇ ਅਜਿਹੇ ਅਮਲਾਂ ਨੂੰ ਬਿਲਕੁਲ ਬਰਦਾਸ਼ਤ ਨਹੀਂ ਕਰਨਗੀਆਂ । ਜੇਕਰ ਹੁਕਮਰਾਨਾਂ ਨੇ ਇਹ ਗੈਰ-ਕਾਨੂੰਨੀ ਅਤੇ ਅਣਮਨੁੱਖੀ ਅਮਲ ਬੰਦ ਨਾ ਕੀਤੇ ਤਾਂ ਇਸਦੇ ਨਤੀਜਿਆਂ ਲਈ ਵੀ ਹੁਕਮਰਾਨ ਜਿੰਮੇਵਾਰ ਹੋਣਗੇ, ਨਾ ਕਿ ਸਿੱਖ ਤੇ ਮੁਸਲਿਮ ਕੌਮ ।