ਨਵੀਂ ਦਿੱਲੀ – ਸੰਜੇ ਗਾਂਧੀ ਅਤੇ ਮੇਨਕਾ ਦੇ ਸਪੁੱਤਰ ਅਤੇ ਬੀਜੇਪੀ ਐਮਪੀ ਵਰੁਣ ਗਾਂਧੀ ਨੇ ਇੱਕ ਵਾਰ ਫਿਰ ਤੋਂ ਆਪਣੀ ਹੀ ਪਾਰਟੀ ਦੇ ਖਿਲਾਫ਼ ਬਾਗੀ ਤੇਵਰ ਵਿਖਾਉਣ ਦੀ ਹਿੰਮਤ ਕੀਤੀ ਹੈ। ਵਰੁਣ ਨੇ ਚੋਣ ਕਮਿਸ਼ਨ ਦੀ ਭੂਮਿਕਾ ਦੀ ਸਖਤ ਆਲੋਚਨਾ ਕੀਤੀ ਹੈ। ਉਨ੍ਹਾਂ ਨੇ ਚੋਣ ਆਯੋਗ ਨੂੰ ਬਿਨਾਂ ਦੰਦਾਂ ਅਤੇ ਬਿਨਾਂ ਸ਼ਕਤੀਆਂ ਵਾਲੀ ਸੰਸਥਾ ਕਿਹਾ ਹੈ। ਵਰਨਣਯੋਗ ਹੈ ਕਿ ਅਜੇ ਹਾਲ ਹੀ ਵਿੱਚ ਕੇਂਦਰੀ ਮੰਤਰੀ ਰਵੀਸ਼ੰਕਰ ਪ੍ਰਸਾਦ ਨੇ ਪ੍ਰੈਸ ਕਾਨਫਰੰਸ ਕਰਕੇ ਚੋਣ ਕਮਿਸ਼ਨ ਨੂੰ ਸੁਤੰਤਰ ਸੰਸਥਾ ਦੱਸਿਆ ਸੀ।
ਉਤਰਪ੍ਰਦੇਸ਼ ਤੋਂ ਭਾਜਪਾ ਦੇ ਸੰਸਦ ਮੈਂਬਰ ਵਰੁਣ ਗਾਂਧੀ ਨੇ ਕਿਹਾ, ‘ਚੋਣ ਕਮਿਸ਼ਨ ਦੇ ਨਾਲ ਸੱਭ ਤੋਂ ਵੱਡੀ ਸਮੱਸਿਆ ਇਹ ਹੈ ਕਿ ਉਹ ਅਸਲ ਵਿੱਚ ਇੱਕ ਬਿਨਾਂ ਦੰਦਾਂ ਵਾਲਾ ਸ਼ੇਰ ਹੈ।’ ਵਰੁਣ ਨੇ ਸੰਵਿਧਾਨ ਦਾ ਹਵਾਲਾ ਦਿੰਦੇ ਹੋਏ ਕਿਹਾ, ‘ ਧਾਰਾ 324 ਦੇ ਅਨੁਸਾਰ ਚੋਣ ਕਮਿਸ਼ਨ ਦਾ ਕੰਮ ਚੋਣ ਕਰਾਉਣਾ ਅਤੇ ਚੋਣ ਪ੍ਰਕਿਰਿਆ ਨੂੰ ਕੰਟਰੋਲ ਕਰਨ ਦਾ ਹੈ। ਕੀ ਸੱਚ ਵਿੱਚ ਅਜਿਹਾ ਹੀ ਹੁੰਦਾ ਹੈ।?’
ਵਰੁਣ ਨੇ ਚੋਣ ਕਮਿਸ਼ਨ ਦੀਆਂ ਸ਼ਕਤੀਆਂ ਦੇ ਲਿਮਟਿਡ ਹੋਣ ਦੀ ਗੱਲ ਕਰਦੇ ਹੋਏ ਕਿਹਾ, ‘ ਚੋਣ ਕਮਿਸ਼ਨ ਦੇ ਕੋਲ ਚੋਣਾਂ ਸੰਪੂਰਨ ਹੋ ਜਾਣ ਦੇ ਬਾਅਦ ਕੇਸ ਦਰਜ਼ ਕਰਨ ਦਾ ਵੀ ਅਧਿਕਾਰ ਨਹੀਂ ਹੈ। ਅਜਿਹਾ ਕਰਨ ਦੇ ਲਈ ਕਮਿਸ਼ਨ ਨੂੰ ਸੁਪਰੀਮ ਕੋਰਟ ਦੇ ਕੋਲ ਜਾਣਾ ਪੈਂਦਾ ਹੈ।’ ਵਰੁਣ ਗਾਂਧੀ ਇਸ ਤੋਂ ਪਹਿਲਾਂ ਵੀ ਰੋਹਿੰਗਿਆ ਸ਼ਰਨਾਰਥੀਆਂ ਦੇ ਮਾਮਲੇ ਤੇ ਵੀ ਆਪਣੀ ਪਾਰਟੀ ਬੀਜੇਪੀ ਦੇ ਖਿਲਾਫ਼ ਬਿਆਨ ਦੇ ਚੁੱਕੇ ਹਨ।