ਪਟਨਾ- ਰਾਜਦ ਮੁੱਖੀ ਲਾਲੂ ਪ੍ਰਸਾਦ ਯਾਦਵ ਨੇ ਕਿਹਾ ਕਿ ਮੋਦੀ ਅਤੇ ਨਤੀਸ਼ ਪਟਨਾ ਯੂਨੀਵਰਿਸਟੀ ਨੂੰ ਕੇਂਦਰੀ ਯੂਨੀਵਰਿਸਟੀ ਦਾ ਦਰਜ਼ਾ ਨਾ ਦੇ ਕੇ ਬਿਹਾਰ ਦੇ ਲੋਕਾਂ ਨੂੰ ਬੇਵਕੂਫ਼ ਬਣਾ ਰਹੇ ਹਨ। ਮੋਦੀ ਦੇ ਬਿਹਾਰ ਤੋਂ ਦਿੱਲੀ ਰਵਾਨਾ ਹੋਣ ਦੇ ਥੋੜੀ ਦੇਰ ਪਿੱਛੋਂ ਹੀ ਦਿੱਲੀ ਤੋਂ ਪਟਨਾ ਪਹੁੰਚੇ ਲਾਲੂ ਪ੍ਰਸਾਦ ਯਾਦਵ ਨੇ ਪਟਨਾ ਏਅਰਪੋਰਟ ਤੇ ਹੀ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੇਂਦਰ ਸਰਕਾਰ ਤੇ ਬਿਹਾਰ ਦੀ ਨਤੀਸ਼ ਸਰਕਾਰ ਤੇ ਤਿੱਖੇ ਸ਼ਬਦੀ ਵਾਰ ਕੀਤੇ।
ਲਾਲੂ ਯਾਦਵ ਨੇ ਇਹ ਆਰੋਪ ਲਗਾਇਆ ਕਿ ਮੋਦੀ ਅਤੇ ਨਤੀਸ਼ ਰਾਜ ਦੀ ਜਨਤਾ ਨੂੰ ਬੇਵਕੂਫ਼ ਬਣਾ ਰਹੇ ਹਨ। ਮੋਦੀ ਨੇ ਪਟਨਾ ਯੂਨੀਵਰਿਸਟੀ ਨੂੰ ਕੇਂਦਰੀ ਦਰਜ਼ਾ ਦੇਣ ਦੀ ਮੰਗ ਨੂੰ ਪੁਰਾਣੀ ਦੱਸਦੇ ਹੋਏ ਕਿਹਾ ਕਿ ਦੇਸ਼ ਦੀਆਂ 20 ਸੱਭ ਤੋਂ ਚੰਗੀਆਂ ਯੂਨੀਵਰਿਸਟੀਆਂ ਦੀ ਸੂਚੀ ਬਣਾਈ ਜਾਵੇਗੀ, ਜਿੰਨ੍ਹਾਂ ਨੂੰ 10 ਹਜ਼ਾਰ ਕਰੋੜ ਰੁਪੈ ਦੇ ਫੰਡ ਦੇ ਕੇ ਵਿਸ਼ਵ ਲੈਵਲ ਦਾ ਬਣਾਉਣ ਦੀ ਯੋਜਨਾ ਹੈ। ਇਨ੍ਹਾਂ ਵਿੱਚ 10 ਸਰਕਾਰੀ ਅਤੇ 10 ਨਿਜੀ ਯੂਨੀਵਰਿਸਟੀਆਂ ਸ਼ਾਮਿਲ ਹੋਣਗੀਆਂ।
ਰਾਜਦ ਪ੍ਰਮੁੱਖ ਨੇ ਪਟਨਾ ਯੂਨੀਵਰਿਸਟੀ ਸਮੇਤ ਬਿਹਾਰ ਦੇ ਹੋਰ ਯੂਨੀਵਰਿਸਟੀਆਂ ਵਿੱਚ ਪ੍ਰੋਫੈਸਰਾਂ ਦੇ ਅਹੁਦੇ ਖਾਲੀ ਹੋਣ ਦੇ ਕਾਰਣ ਪੜ੍ਹਾਈ ਨਾ ਹੋਣ ਦਾ ਆਰੋਪ ਲਗਾਉਂਦੇ ਹੋਏ ਕਿਹਾ ਕਿ ਅਜਿਹੀ ਸਥਿਤੀ ਦੇਸ਼ਭਰ ਵਿੱਚ ਹੈ, ਅਜਿਹੇ ਹਾਲਾਤ ਵਿੱਚ ਸਾਡੇ ਬੱਚੇ ਕੀ ਪੜ੍ਹਾਈ ਕਰਨਗੇ?