ਨਵੀਂ ਦਿੱਲੀ : ਪਾਰਟੀਬਾਜ਼ੀ ਤੋਂ ਉੱਤੇ ਉਠਕੇ ਸਮੂਹ ਸਿੱਖਾਂ ਨੂੰ ਕੌਮੀ ਮਸਲਿਆਂ ’ਤੇ ਇੱਕਸੁਰ ਰੱਖਣਾ ਚਾਹੀਦਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਸ਼ਹੀਦ ਭਾਈ ਕੇਹਰ ਸਿੰਘ ਦੀ ਧਰਮ ਸੁਪਤਨੀ ਬੀਬੀ ਜਸਬੀਰ ਕੌਰ ਦੀ ਅੰਤਿਮ ਅਰਦਾਸ ਮੌਕੇ ਕੀਤਾ। ਸਾਬਕਾ ਪ੍ਰਧਾਨਮੰਤਰੀ ਇੰਦਰਾ ਗਾਂਧੀ ਦੇ ਕਤਲ ਮਾਮਲੇ ’ਚ ਫਾਂਸੀ ਦੇ ਫੰਦੇ ਨੂੰ ਚੁੰਮਣ ਵਾਲੇ ਸ਼ਹੀਦ ਭਾਈ ਕੇਹਰ ਸਿੰਘ ਦੇ ਜੀਵਨ ਵਿੱਚਲੇ ਸਿਦਕ ਅਤੇ ਇਖਲਾਕ ਬਾਰੇ ਕਈ ਬੁਲਾਰਿਆਂ ਨੇ ਆਪਣੇ ਵਿਚਾਰ ਰੱਖੇ।
ਜਿਸ ’ਚ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ, ਭਾਈ ਜਸਬੀਰ ਸਿੰਘ ਰੋਡੇ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ, ਆੱਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਭਾਈ ਕਰਨੈਲ ਸਿੰਘ ਪੀਰ ਮੁਹੰਮਦ, ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਅਵਤਾਰ ਸਿੰਘ ਹਿਤ ਸ਼ਾਮਿਲ ਸਨ। ਕਮੇਟੀ ਦੇ ਮੁਖ ਸਲਾਹਕਾਰ ਕੁਲਮੋਹਨ ਸਿੰਘ ਨੇ ਸਟੇਜ਼ ਸਕੱਤਰ ਦੀ ਸੇਵਾ ਨਿਭਾਉਂਦੇ ਹੋਏ ਸ਼ਹੀਦ ਪਰਿਵਾਰ ਵੱਲੋਂ ਕੌਮ ਪ੍ਰਤੀ ਕੀਤੇ ਗਏ ਕਾਰਜਾਂ ਨੂੰ ਯਾਦ ਕੀਤਾ।
ਜੀ.ਕੇ. ਨੇ ਕਿਹਾ ਕਿ ਭਾਈ ਕੇਹਰ ਸਿੰਘ ਦੇ ਪਰਿਵਾਰ ਨੇ ਬਹੁਤ ਸੰਤਾਪ ਹੰਢਾਇਆ ਹੈ। ਅਸਲ ’ਚ 1984 ਨੂੰ ਸਹੀ ਮਾਇਨੇ ’ਚ ਦਿੱਲੀ ਸ਼ਹਿਰ ਨੇ ਆਪਣੇ ਪਿੰਡੇ ’ਤੇ ਹੰਢਾਇਆ ਹੈ। ਬੇਸ਼ਕ ਪੰਜਾਬ ’ਚ ਕਾਲੇ ਦੌਰ ਦੌਰਾਨ 25 ਤੋਂ 30 ਹਜਾਰ ਸਿੱਖ ਨੌਜਵਾਨ ਮਾਰਿਆ ਗਿਆ। ਪਰ ਪੰਜਾਬ ਤੋਂ ਬਾਹਰ ਨਵੰਬਰ 1984 ਦੌਰਾਨ 12 ਤੋਂ 15 ਹਜਾਰ ਸਿੱਖਾਂ ਦਾ ਕਤਲ ਹੋਇਆ। ਜੀ.ਕੇ. ਨੇ ਕਿਹਾ ਕਿ ਜਿਸ ਸ਼ਹਿਰ ’ਚ ਸਾਡਾ ਕਤਲ ਹੋਇਆ ਅਸੀਂ ਅੱਜ ਵੀ ਚੜ੍ਹਦੀਕਲਾ ਨਾਲ ਇਸ ਸ਼ਹਿਰ ਵਿਚ ਜਿਉਂਦੇ ਹੋਏ ਸੱਜਣ-ਟਾਈਟਲਰ ਵਰਗਿਆਂ ਨੂੰ ਕਾਨੂੰਨੀ ਚੱਕਰ ’ਚ ਫਸਾ ਕੇ ਰੱਖਿਆ ਹੋਇਆ ਹੈ। ਸੰਗਤ ’ਚ ਕਈ ਸਿੰਘ ਅਜਿਹੇ ਬੈਠੇ ਹਨ ਜਿਨ੍ਹਾਂ ’ਤੇ 1984 ਤੋਂ ਬਾਅਦ ਟਾਡਾ ਅਤੇ ਐਨ.ਐਸ.ਏ. ਤਹਿਤ ਪਰਚੇ ਦਰਜ ਹੋਏ ਹਨ।
ਜੀ.ਕੇ. ਨੇ 1984 ਕਤਲੇਆਮ ਤੋਂ ਬਾਅਦ ਆਮ ਚੋਣਾਂ ਦੌਰਾਨ ਰਾਜੀਵ ਗਾਂਧੀ ਨੂੰ ਪ੍ਰਧਾਨ ਮੰਤਰੀ ਵੱਜੋਂ ਲੋਕਸਭਾ ’ਚ ਪ੍ਰਾਪਤ ਹੋਈਆਂ ਸੀਟਾਂ ਨੂੰ ਫਿਰਕਾਪ੍ਰਸ਼ਤੀ ਦਾ ਸਿੱਖਰ ਦੱਸਿਆ। ਜੀ.ਕੇ. ਨੇ ਹੈਰਾਨੀ ਪ੍ਰਗਟਾਈ ਕਿ ਜਦੋਂ ਦੇਸ਼ ’ਚ ਆਜ਼ਾਦੀ ਮੌਕੇ ਕਾਂਗਰਸ ਤੋਂ ਇਲਾਵਾ ਚੋਣਾਂ ਲੜਨ ਵਾਲੀ ਕੋਈ ਵੱਡੀ ਸਿਆਸੀ ਪਾਰਟੀ ਨਹੀਂ ਸੀ ਉਸ ਵੇਲੇ ਵੀ ਜਵਾਹਰ ਲਾਲ ਨਹਿਰੂ ਅਤੇ 1971 ਦੀ ਜੰਗ ਬਾਅਦ ਅਜਿਹਾ ਕ੍ਰਿਸ਼ਮਾ ਕਰਨ ’ਚ ਇੰਦਰਾ ਗਾਂਧੀ ਵੀ ਨਾਕਾਮਯਾਬ ਰਹੀ ਸੀ। ਜੀ.ਕੇ. ਨੇ ਕਿਹਾ ਕਿ 1984 ’ਚ ਬੇਸ਼ਕ ਸਾਡੀ ਪੱਗ ’ਤੇ ਹਮਲਾ ਹੋਇਆ ਪਰ ਦਿੱਲੀ ਦੇ ਸਿੱਖਾਂ ਨੇ ਪਿੱਠ ਨਹੀਂ ਵਿਖਾਈ, ਨਾ ਝੁੱਕੇ ਸਗੋਂ ਹਰ ਕੌਮੀ ਮਸਲੇ ’ਤੇ ਯੋਧਿਆਂ ਵਾਂਗ ਹੁੰਗਾਰ ਭਰੀ। ਜੀ.ਕੇ. ਨੇ ਦਿੱਲੀ ਕਮੇਟੀ ਵੱਲੋਂ 1984 ਸਿੱਖ ਕਤਲੇਆਮ ਦੀ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਉਸਾਰੀ ਗਈ ਯਾਦਗਾਰ ਨੂੰ ਕਾਤਲਾਂ ਦੇ ਮੂੰਹ ’ਤੇ ਚਪੇੜ ਲੱਗਣ ਵੱਜੋਂ ਪਰਿਭਾਸ਼ਿਤ ਕੀਤਾ।
ਭਾਈ ਰਣਜੀਤ ਸਿੰਘ ਨੇ ਭਾਈ ਕੇਹਰ ਸਿੰਘ ਦੇ ਫਾਂਸੀ ਚੜਨ ਦੇ ਪੂਰੇ ਸਫ਼ਰ ਨੂੰ ਬਿਆਨ ਕਰਦੇ ਹੋਏ ਸੀਨੀਅਰ ਵਕੀਲ ਰਾਮ ਜੇਠਮਲਾਨੀ ਵੱਲੋਂ ਭਾਈ ਕੇਹਰ ਸਿੰਘ ਲਈ ਲੜੀ ਗਈ ਕਾਨੂੰਨੀ ਲੜਾਈ ਪ੍ਰਤੀ ਜੇਠਮਲਾਨੀ ਦਾ ਧੰਨਵਾਦ ਵੀ ਜਤਾਇਆ। ਭਾਈ ਰਣਜੀਤ ਸਿੰਘ ਨੇ ਭਾਈ ਕੇਹਰ ਸਿੰਘ ਵੱਲੋਂ ਫਾਂਸੀ ਦੇ ਤਖਤੇ ’ਤੇ ਫਾਂਸੀ ਚੜ੍ਹਨ ਤੋਂ ਪਹਿਲਾ ਜਪੁਜੀ ਸਾਹਿਬ ਦਾ ਪਾਠ ਪੂਰੀ ਚੜ੍ਹਦੀਕਲਾ ਨਾਲ ਕਰਨ ਦਾ ਵੀ ਖੁਲਾਸਾ ਕੀਤਾ। ਭਾਈ ਰੋਡੇ ਨੇ ਸਿੱਖ ਕੌਮ ਦੀ ਡਿੱਗੀ ਹੋਈ ਪੱਗ ਨੂੰ ਚੁਕਣ ਦਾ ਕਾਰਜ ਇੰਦਰਾ ਗਾਂਧੀ ਦਾ ਕਤਲ ਕਰਨ ਵਾਲੇ ਸੂਰਮਿਆਂ ਵੱਲੋਂ ਕਰਨ ਦਾ ਦਾਅਵਾ ਕੀਤਾ। ਭਾਈ ਰੋਡੇ ਨੇ ਕਿਹਾ ਕਿ ਭਾਈ ਕੇਹਰ ਸਿੰਘ ਅਤੇ ਸਾਥੀਆਂ ਨੇ ਕੌਮ ਦਾ ਮਾਨ ਵਧਾਇਆ ਹੈ।
ਮਾਨ ਨੇ ਦੁੱਖ ਦੀ ਘੜੀ ’ਚ ਸ਼ਹੀਦ ਪਰਿਵਾਰ ਦੇ ਨਾਲ ਖੜਨ ਵਾਸਤੇ ਦਿੱਲੀ ਕਮੇਟੀ ਦਾ ਧੰਨਵਾਦ ਜਤਾਉਂਦੇ ਹੋਏ ਫਾਂਸੀ ਚੜੇ ਸਿੰਘਾਂ ਦੇ ਅੰਤਿਮ ਸੰਸਕਾਰ ਦੀ ਥਾਂ ਅਤੇ ਤਰੀਕੇ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਬੀਤੇ ਲੰਬੇ ਸਮੇਂ ਤੋਂ ਲੜੀ ਜਾ ਰਹੀ ਲੜਾਈ ਦੀ ਵੀ ਜਾਣਕਾਰੀ ਦਿੱਤੀ। ਮਾਨ ਨੇ ਕਿਹਾ ਕਿ ਅਸੀਂ ਸ਼ਹੀਦ ਪਰਿਵਾਰ ਦੀ ਇੱਜ਼ਤ ਕਰਦੇ ਹਾਂ ਕਿਉਂਕਿ ਇਨ੍ਹਾਂ ਨੇ ਕੌਮ ਦੀ ਇੱਜ਼ਤ ਦੀ ਰਾਖੀ ਕੀਤੀ ਹੈ। ਸੰਸਦ ਤੋਂ ਸਰਕਾਰੀ ਦਫ਼ਤਰਾਂ ਤਕ ਸ਼ਹੀਦਾਂ ਦੇ ਅੰਤਿਮ ਸੰਸਕਾਰ ਦੀ ਜਾਣਕਾਰੀ ਲੈਣ ਲਈ ਮਾਨ ਨੇ ਉਨ੍ਹਾਂ ਵੱਲੋਂ ਕੀਤੀ ਗਈ ਜਦੋਜ਼ਹਿਦ ਨੂੰ ਨਿਰਾਸ਼ਾਜਨਕ ਦੱਸਿਆ।
ਮਾਨ ਨੇ ਕਿਹਾ ਕਿ ਸਾਡੀ ਫੌਜ ਦੇਸ਼ ਵਿਚ ਕੁਝ ਵੀ ਹੋ ਜਾਵੇ ਤਾਂ ਉਥੇ ਸਭ ਤੋਂ ਪਹਿਲੇ ਭੇਜੀ ਜਾਂਦੀ ਹੈ। ਪਰ ਨਵੰਬਰ 1984 ’ਚ ਸਿੱਖਾਂ ਦੇ ਕਤਲੇਆਮ ਮੌਕੇ ਦਿੱਲੀ ਸ਼ਹਿਰ ’ਚ ਅਮਨ ਬਹਾਲੀ ਲਈ ਫੌਜ ਨੂੰ ਉਤਾਰਨ ਤੋਂ ਗੁਰੇਜ਼ ਕੀਤਾ ਗਿਆ। ਦਿੱਲੀ ਸ਼ਹਿਰ ਨੇ ਜਿਥੇ ਮੁਸਲਮਾਨ ਬਾਦਸ਼ਾਹ ਤੈਮੂਰ, ਨਾਦਿਰਸ਼ਾਹ ਅਤੇ ਔਰੰਗਜੇਬ ਵੱਲੋਂ ਕੀਤੇ ਗਏ ਕਤਲੇਆਮ ਨੂੰ ਝੇਲਿਆ ਹੈ ਉਥੇ ਹੀ ਆਪਣੀ ਹੀ ਸਰਕਾਰ ਵੱਲੋਂ ਮਾਰੇ ਗਏ ਸਿੱਖਾਂ ਨੂੰ ਦੰਗਾ ਦੱਸਣ ਦੀ ਵੀ ਗੁਸਤਾਖੀ ਕੀਤੀ ਹੈ। ਨਿਆਂਪਾਲਿਕਾ ਅਤੇ ਕਾਰਜਪਾਲਿਕਾ ਦੀ ਇਸ ਮਸਲੇ ’ਤੇ ਧਾਰੀ ਚੁੱਪ ਨੂੰ ਗਲਤ ਦੱਸਦੇ ਹੋਏ ਮਾਨ ਨੇ ਦੇਸ਼ ਦੀ ਸਭਤੋਂ ਵੱਡੀ ਅਦਾਲਤ ਸੁਪਰੀਮ ਕੋਰਟ ’ਤੇ ਸਿੱਖਾਂ ਨੂੰ ਇਨਸਾਫ਼ ਨਾ ਦੇਣ ਦਾ ਵੀ ਦੋਸ਼ ਲਗਾਇਆ।
ਕੈਨੇਡਾ ਦੀ ਇੱਕ ਸੂਬਾ ਅਸੈਂਬਲੀ ਵੱਲੋਂ 1984 ਸਿੱਖ ਕਤਲੇਆਮ ਨੂੰ ਨਸ਼ਲਕੁਸ਼ੀ ਦੱਸਣ ਦੇ ਪਾਸ ਕੀਤੇ ਗਏ ਮਤੇ ਦਾ ਹਵਾਲਾ ਦਿੰਦੇ ਹੋਏ ਮਾਨ ਨੇ ਪੰਜਾਬ ਵਿਧਾਨਸਭਾ ਵੱਲੋਂ ਇਸ ਮਸਲੇ ’ਤੇ ਅਜੇ ਤਕ ਕੀਤੇ ਗਏ ਕਿਨਾਰੇ ’ਤੇ ਨਰਾਜ਼ਗੀ ਜਤਾਈ। ਮਾਨ ਨੇ ਖੁਲਾਸਾ ਕੀਤਾ ਕਿ ਦੇਸ਼ ਦੀ ਸੁਰੱਖਿਆ ਸਬੰਧੀ ਫੈਸਲੇ ਲੈਣ ਵਾਲੀਆਂ ਸੰਸਦ ਦੀਆਂ 2 ਸਰਬਉੱਚ ਕਮੇਟੀਆਂ ’ਚ ਸਿੱਖਾਂ ਦੀ ਭਾਗੀਦਾਰੀ ਨਹੀਂ ਹੈ। ਜਿਸ ਕਰਕੇ ਭਵਿੱਖ ’ਚ ਪਾਕਿਸਤਾਨ ਜਾਂ ਚੀਨ ਨਾਲ ਜੰਗ ਲੜਨ ਦਾ ਫੈਸਲਾ ਲੈਣ ਵੇਲੇ ਸਿੱਖ ਹੱਕਾਂ ਨੂੰ ਢਾਹ ਲਗਣ ਦਾ ਖਦਸਾ ਬਣਿਆ ਰਹੇਗਾ। ਕਿੳਂੁਕਿ ਦੋਵਾਂ ਮੁਲਕਾਂ ਦੇ ਨਾਲ ਜੰਗ ਵੇਲੇ ਸਭ ਤੋਂ ਜਿਆਦਾ ਨੁਕਸਾਨ ਪੰਜਾਬ ਦਾ ਹੋਵੇਗਾ।
ਪੀਰ ਮੁਹੰਮਦ ਨੇ ਇੰਦਰਾ ਗਾਂਧੀ ਕਤਲਕਾਂਡ ਦੇ ਦੋਸ਼ੀ ਭਾਈ ਬੇਅੰਤ ਸਿੰਘ, ਭਾਈ ਸਤਵੰਤ ਸਿੰਘ ਅਤੇ ਭਾਈ ਕੇਹਰ ਸਿੰਘ ਦੀ ਯਾਦਗਾਰ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਬਣਾਉਣ ਦੀ ਦਿੱਲੀ ਕਮੇਟੀ ਤੋਂ ਮੰਗ ਕੀਤੀ। ਹਿਤ ਨੇ ਕਿਹਾ ਕਿ ਇੱਕ ਸੱਚਾ ਸਿੱਖ ਇਸ ਗੱਲ ਤੋਂ ਕਦੇ ਇਨਕਾਰੀ ਨਹੀਂ ਹੋ ਸਕਦਾ ਕਿ ਅਸੀਂ ਇੰਦਰਾ ਨੂੰ ਮਾਰਿਆ ਸੀ ਕਿਉਂਕਿ ਇੰਦਰਾ ਗਾਂਧੀ ਨੇ ਸਿੱਖਾਂ ਦੇ ਸਭ ਤੋਂ ਪਵਿੱਤਰ ਸਥਾਨ ਸ੍ਰੀ ਦਰਬਾਰ ਸਾਹਿਬ ’ਤੇ ਜਿਹਾਦੀ ਮਾਨਸਿਕਤਾ ਨਾਲ ਤੋਪਾਂ ਰਾਹੀਂ ਹਮਲਾ ਕੀਤਾ ਸੀ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਕਿਰਪਾਲ ਸਿੰਘ ਬਡੂੰਗਰ, ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਾਬਕਾ ਵਾਇਸ ਚਾਂਸਲਰ ਡਾ. ਜਸਪਾਲ ਸਿੰਘ ਸਣੇ ਕਈ ਪੰਥਕ ਸਖਸ਼ੀਅਤਾਂ ਨੇ ਹਾਜ਼ਰੀ ਭਰੀ।