ਮੱਸਿਆ ਦੀ ਰਾਤ ਕਾਲੀ, ਉੱਜਲੀ ਹੋ ਜਾਏਗੀ ।
ਤੇਲ ਪਾਓ ਦੀਵਿਆਂ ਵਿੱਚ, ਰੌਸ਼ਨੀ ਹੋ ਜਾਏਗੀ ।
ਸੋਚ ਅਪਣੀ ਨੂੰ ਬਦਲ ਹਉਮੈ ‘ਚ ਹੋ ਗਲਤਾਨ ਨਾ,
ਮੈਲ਼ ਮਨ ਦੀ ਧੋ ਲੈ, ਰੌਸ਼ਨ ਜ਼ਿੰਦਗੀ ਹੋ ਜਾਏਗੀ।
ਰੱਬ ਦਾ ਨਾਂ ਲੈਣ ਦਾ ਚੱਲ ਮੰਨਿਆਂ ਕਿ ਵਕਤ ਨ੍ਹੀ,
ਬਾਂਹ ਪਕੜ ਲੈ ਤੂੰ ਦੁਖੀ ਦੀ, ਬੰਦਗੀ ਹੋ ਜਾਏਗੀ।
ਬੰਦਿਆ ਜੇ ਮਾਰਿਆ ਸ਼ੈਤਾਨ ਨਾ ਤੂੰ ਅੰਦਰੋਂ,
ਆਪਣੇ ਹੀ ਆਪ ਤੇਰੇ ਤੋਂ ਬਦੀ ਹੋ ਜਾਏਗੀ ।
ਜੋ ਉਗਾਉਂਦੇ ਅੰਨ ਨੇ ਉਹਨਾਂ ਕਦੋਂ ਸੀ ਸੋਚਿਆ,
ਆਪਣੇ ਘਰ ਵੀ ਕਦੇ ਇਹ ਭੁੱਖਮਰੀ ਹੋ ਜਾਏਗੀ ।
ਪੱਥਰਾਂ ਦੇ ਸ਼ਹਿਰ ਵਿੱਚ, ਪੱਥਰ ਬਣੀ ਜਾਨੈ ਏ ਤੂੰ
ਪਿਆਰ ਕਰ ਫੁੱਲਾਂ ਨੂੰ, ਰੂਹ ਦੀ ਤਾਜ਼ਗੀ ਹੋ ਜਾਏਗੀ ।
ਝੂਠ ਦੇ ਦਰ ਤੇ ਕਦੇ ਨਾ ‘ਦੀਸ਼’ ਦਾ ਇਹ ਸਿਰ ਝੁਕੇ,
ਸੱਚ ਖਾਤਿਰ ਲੱਖ ਵਾਰੀ ਉਹ ਸਤੀ ਹੋ ਜਾਏਗੀ ।