ਵਾਸ਼ਿੰਗਟਨ – ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਦੀ ਸੰਪਤੀ ਵਿੱਚ ਰਾਸ਼ਟਰਪਤੀ ਬਣਨ ਤੋਂ ਬਾਅਦ 60 ਮਿਲੀਅਨ ਡਾਲਰ ਦੀ ਕਮੀ ਆਈ ਹੈ। ਹੁਣ ਇਹ ਘੱਟ ਕੇ 3.1 ਬਿਲੀਅਨ ਡਾਲਰ ਰਹਿ ਗਈ ਹੈ। ਫੋਰਬਸ ਮੈਗਜ਼ਨਿ ਵੱਲੋਂ ਮੰਗਲਵਾਰ ਨੂੰ ਜਾਰੀ ਕੀਤੀ ਗਈ 400 ਸੱਭ ਤੋਂ ਵੱਧ ਅਮੀਰ ਅਮਰੀਕੀਆਂ ਦੀ ਸੂਚੀ ਵਿੱਚ ਇਹ ਤੱਥ ਸਾਹਮਣੇ ਆਏ ਹਨ।
ਅਰਬਪਤੀਆਂ ਦੀ ਸੂਚੀ ਵਿੱਚ ਇਸ ਸਾਲ ਰਾਸ਼ਟਰਪਤੀ ਟਰੰਪ 248ਵੇਂ ਸਥਾਨ ਤੇ ਆਏ ਹਨ ਜੋ ਕਿ ਪਿੱਛਲੇ ਸਾਲ 156ਵੇਂ ਸਥਾਨ ਤੇ ਸਨ। ਟਰੰਪ ਇਸ ਸਾਲ ਸਨੈਪ ਦੇ 27 ਸਾਲਾ ਸੀਈਓ ਇਵਾਨ ਸਪੀਗਲ ਦੇ ਨਾਲ ਸੰਯੁਕਤ ਰੂਪ ਵਿੱਚ ਇਸ ਸਥਾਨ ਤੇ ਹੈ। ਫੋਰਬਸ ਦੀ ਸੂਚੀ ਵਿੱਚ ਸਪੀਗਲ ਸੱਭ ਤੋਂ ਘੱਟ ਉਮਰ ਦੇ ਅਰਬਪਤੀ ਹਨ।
ਬਿੱਲ ਗੇਟਸ ਲਗਾਤਾਰ 24ਵੇਂ ਸਾਲ ਵੀ ਇਸ ਸੂਚੀ ਵਿੱਚ ਸੱਭ ਤੋਂ ਪਹਿਲੇ ਸਥਾਨ ਤੇ ਹਨ। ਉਨ੍ਹਾਂ ਦੀ ਸੰਪਤੀ ਮੁੱਲ 89 ਅਰਬ ਅਮਰੀਕੀ ਡਾਲਰ ਹੋਣ ਦਾ ਅਨੁਮਾਨ ਹੈ। ਐਮਾਜਾਨ ਦੇ ਸੰਸਥਾਪਕ ਅਤੇ ਸੀਈਓ ਜੈਫ਼ ਬੇਜੋਸ 81.5 ਬਿਲੀਅਨ ਅਮਰੀਕੀ ਡਾਲਰ ਦੀ ਸੰਪਤੀ ਦੇ ਨਾਲ ਦੂਸਰੇ ਸਥਾਨ ਤੇ ਹਨ।
ਜੈਫ਼ ਤੋਂ ਬਾਅਦ ਇਸ ਸੂਚੀ ਵਿੱਚ ਵਾਰੇਨ ਬਫ਼ੇ ਅਤੇ ਫੇਸਬੁੱਕ ਦੇ ਮਾਰਕ ਜੁਕਰਬਰਗ ਦਾ ਸਥਾਨ ਹੈ। ਫੋਰਬਸ ਅਨੁਸਾਰ ਇਨ੍ਹਾਂ 400 ਅਰਬਪਤੀਆਂ ਦੀ ਕੁਲ ਸੰਪਤੀ ਦੋ ਲੱਖ 70 ਹਜ਼ਾਰ ਕਰੋੜ ਡਾਲਰ ਹੈ, ਜੋ ਕਿ ਪਿੱਛਲੇ ਸਾਲ ਦੀ 2 ਲੱਖ 40 ਹਜ਼ਾਰ ਕਰੋੜ ਡਾਲਰ ਤੋਂ ਵੱਧ ਹੈ।