ਲੁਧਿਆਣਾ – ਭਾਰਤੀ ਖੇਤੀ ਖੋਜ ਪ੍ਰੀਸ਼ਦ ਨਵੀਂ ਦਿੱਲੀ ਸਮੁੱਚੇ ਭਾਰਤ ਦੀ ਖੇਤੀ ਦਾ ਦਿਸ਼ਾ ਨਿਰਦੇਸ਼ਨ ਕਰਦੀ ਹੈ। ਪੰਜਾਬ ਵਿੱਚ ਖੇਤੀ ਦੇ ਅਜੋਕੇ ਸੰਕਟਾਂ, ਖੋਜ ਗਤੀਵਿਧੀਆਂ ਅਤੇ ਪਸਾਰ ਕਾਰਜਾਂ ਦਾ ਸਰਵੇਖਣ ਕਰਨ ਲਈ ਇਸ ਦੇ ਨਿਰਦੇਸ਼ਕ ਡਾ. ਪੀ. ਮਹਾਪਾਤਰਾ ਕੱਲ੍ਹ ਵਿਸ਼ੇਸ਼ ਰੂਪ ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਸਥਿਤ ਅਟਾਰੀ, ਪਾਮੇਟੀ ਵਿੱਚ ਦੌਰੇ ਤੇ ਪੁ¤ਜੇ । ਡਾ. ਮਹਾਪਾਤਰਾ ਦਾ ਸਵਾਗਤ ਅਟਾਰੀ ਦੇ ਡਾਇਰੈਕਟਰ ਡਾ. ਰਾਜਬੀਰ ਸਿੰਘ ਅਤੇ ਪੀਏਯੂ ਦੇ ਵਾਈਸ-ਚਾਂਸਲਰ ਡਾ. ਬਲਦੇਵ ਸਿੰਘ ਢਿੱਲੋਂ ਨੇ ਕੀਤਾ । ਇਸ ਮੌਕੇ ਡਾ. ਮਹਾਪਾਤਰਾ ਨੇ ਪੀਏਯੂ ਅਤੇ ਅਟਾਰੀ ਵੱਲੋਂ ਪਰਾਲੀ ਦੀ ਸਾਂਭ-ਸੰਭਾਲ ਸੰਬੰਧੀ ਵਿਕਸਿਤ ਕੀਤੀ ਤਕਨਾਲੋਜੀ ਅਤੇ ਪਸਾਰ ਕਾਰਜਾਂ ਦੀ ਸ਼ਲਾਘਾ ਕੀਤੀ । ਡਾ. ਮਹਾਪਾਤਰਾ, ਡਾ. ਬਲਦੇਵ ਸਿੰਘ ਢਿੱਲੋਂ, ਡਾ. ਰਾਜਬੀਰ ਸਿੰਘ, ਡਾ. ਨਵਤੇਜ ਸਿੰਘ ਬੈਂਸ ਅਤੇ ਡਾ. ਅਸ਼ੋਕ ਕੁਮਾਰ ਨੇ ਇੱਕ ਪ੍ਰਦਰਸ਼ਨੀ ਵੈਨ ਨੂੰ ਵੀ ਹਰੀ ਝੰਡੀ ਦਿੱਤੀ, ਜਿਸ ਉਪਰ ਪਰਾਲੀ ਸਾੜਨ ਤੋਂ ਹੋਣ ਵਾਲੇ ਨੁਕਸਾਨ ਦੀ ਚੇਤਨਾ ਪੈਦਾ ਕਰਨ ਵਾਲੀਆਂ ਦਸਤਾਵੇਜੀ ਫਿਲਮਾਂ ਦਿਖਾਈਆਂ ਜਾਣਗੀਆਂ । ਇੱਥੇ ਪੰਜਾਬ ਦੇ ਵੱਖ-ਵੱਖ ਇਲਾਕਿਆਂ ਤੋਂ ਅਗਾਂਹ ਵਧੂ ਕਿਸਾਨ ਅਤੇ ਕ੍ਰਿਸ਼ੀ ਵਿਗਿਆਨ ਕੇਂਦਰਾਂ ਦੇ ਵਿਗਿਆਨੀ ਅਤੇ ਪਸਾਰ ਮਾਹਿਰ ਹਾਜ਼ਰ ਸਨ । ਫਾਰਮ ਪਾਵਰ ਅਤੇ ਮਸ਼ੀਨਰੀ ਦੇ ਸਾਬਕਾ ਮੁਖੀ ਡਾ. ਗੁਰਸਾਹਿਬ ਸਿੰਘ ਨੇ ਪਰਾਲੀ ਦੀ ਸੁਚੱਜੀ ਸਾਂਭ-ਸੰਭਾਲ ਲਈ ਪੀਏਯੂ ਵੱਲੋਂ ਵਿਕਸਿਤ ਮਸ਼ੀਨਰੀ ਦੀ ਪੇਸ਼ਕਾਰੀ ਦਿੱਤੀ । ਕਿਸਾਨਾਂ ਨੇ ਪਰਾਲੀ ਨਾ ਸਾੜਨ ਬਾਰੇ ਆਪਣੇ ਵਿਚਾਰ ਰੱਖਦਿਆਂ ਇਸ ਗੱਲ ਨੂੰ ਵਿਸ਼ੇਸ਼ ਮਹੱਤਵ ਦਿੱਤਾ ਕਿ ਵਾਤਾਵਰਣ ਸਾਡੀ ਸਭ ਦੀ ਸਾਂਝੀ ਧਰੋਹਰ ਹੈ ਜਿਸ ਦੀ ਸੰਭਾਲ ਕਰਨਾ ਸਾਡਾ ਪਹਿਲਾ ਫ਼ਰਜ਼ ਹੈ । ਡਾ. ਅਸ਼ੋਕ ਕੁਮਾਰ ਨੇ ਪਸਾਰ ਗਤੀਵਿਧੀਆਂ ਅਤੇ ਚੱਲ ਰਹੇ ਸੈਸ਼ਨ ਸੰਬੰਧੀ ਸੰਖੇਪ ਬਿਉਰਾ ਦਿੰਦਿਆਂ ਦੱਸਿਆ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਹਰ ਕ੍ਰਿਸ਼ੀ ਵਿਗਿਆਨ ਕੇਂਦਰ ਨੇ ਪਰਾਲੀ ਸਾੜਨ ਤੋਂ ਰੋਕਣ ਲਈ ਇੱਕ-ਇੱਕ ਪਿੰਡ ਅਪਣਾਇਆ ਹੋਇਆ ਹੈ ਅਤੇ ਹੈਪੀ ਸੀਡਰ ਮਸ਼ੀਨਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ । ਯੂਨੀਵਰਸਿਟੀ ਦੀਆਂ ਪਰਾਲੀ ਦੀ ਸਾਂਭ-ਸੰਭਾਲ ਲਈ ਕੀਤੀਆਂ ਸਿਫ਼ਾਰਸ਼ਾਂ ਬਾਰੇ ਦੱਸਦਿਆਂ ਡਾ. ਅਸ਼ੋਕ ਕੁਮਾਰ ਨੇ ਖੁੰਬਾਂ ਉਗਾਉਣ, ਬਾਇਓਚਾਰ ਬਣਾੳਣ, ਜਾਨਵਰਾਂ ਹੇਠ ਸੁੱਕ ਵਜੋਂ ਵਰਤਣ ਅਤੇ ਬਿਜਲੀ ਬਣਾਉਣ ਵਿੱਚ ਇਸ ਦੀ ਵਰਤੋਂ ਦਾ ਜ਼ਿਕਰ ਕੀਤਾ ।ਕ੍ਰਿਸ਼ੀ ਵਿਗਿਆਨ ਕੇਂਦਰ ਲਗਾਤਾਰ ਪਿੰਡਾਂ ਵਿੱਚ ਇਸ ਸੰਬੰਧੀ ਜਾਗਰੂਕਤਾ ਮੁਹਿੰਮ ਚਲਾਉਣਗੇ । ਡਾ. ਮਹਾਪਾਤਰਾ ਨੇ ਪਰਾਲੀ ਦੀ ਸੁਚੱਜੀ ਸੰਭਾਲ ਕਰਨ ਵਾਲੇ ਕਿਸਾਨਾਂ ਅਤੇ ਉਦਮੀ ਔਰਤਾਂ ਨੂੰ ਸਨਮਾਨਿਤ ਵੀ ਕੀਤਾ ।
ਪੀਏਯੂ ਦੇ ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਢਿੱਲੋਂ ਨੇ ਡਾ. ਮਹਾਪਾਤਰਾ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀਆਂ ਖੋਜ ਅਤੇ ਪਸਾਰ ਗਤੀਵਿਧੀਆਂ ਦੀ ਪ੍ਰਦਰਸ਼ਨੀ ਦਾ ਵਿਸ਼ੇਸ਼ ਦੌਰਾ ਕਰਵਾਇਆ ਜਿਸ ਨੂੰ ਦੇਖਦਿਆਂ ਡਾ. ਮਹਾਪਾਤਰਾ ਨੇ ਫ਼ਸਲਾਂ ਦੀਆਂ ਸੁਧਰੀਆਂ ਕਿਸਮਾਂ ਅਤੇ ਬੇਹਤਰੀਨ ਤਕਨਾਲੋਜੀ ਵਿਕਸਿਤ ਕਰਨ ਲਈ ਵਿਗਿਆਨੀਆਂ ਦੀ ਭਰਪੂਰ ਪ੍ਰਸ਼ੰਸ਼ਾ ਕੀਤੀ । ਉਨ੍ਹਾਂ ਨੇ ਕਿਹਾ ਕਿ ਦੇਸ਼ ਦਾ ਕਿਸਾਨ ਹਮੇਸ਼ਾਂ ਪੰਜਾਬ ਦੇ ਕਿਸਾਨਾਂ ਤੋਂ ਸਿੱਖਦਾ ਰਿਹਾ ਹੈ । ਖੇਤ ਦੀ ਰਹਿੰਦ-ਖੂੰਹਦ ਸੰਭਾਲਣ ਲਈ ਜੋ ਤਕਨੀਕਾਂ ਅਤੇ ਉਪਰਾਲੇ ਪੰਜਾਬ ਦੇ ਕਿਸਾਨ ਅਪਨਾਉਣਗੇ ਉਹ ਦੇਸ਼ ਦੇ ਦੂਜੇ ਕਿਸਾਨਾਂ ਲਈ ਵੀ ਰਾਹ ਦਿਖਾਉਣ ਵਾਲੇ ਹੋਣਗੇ । ਕ੍ਰਿਸ਼ੀ ਵਿਗਿਆਨ ਕੇਂਦਰ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਸਰਗਰਮੀ ਨਾਲ ਆਪਣੀ ਭੂਮਿਕਾ ਨਿਭਾ ਰਹੇ ਹਨ ਅਤੇ ਇਨ੍ਹਾਂ ਸਮੱਸਿਆਵਾਂ ਨੂੰ ਨਜਿੱਠਣ ਲਈ ਵੀ ਕ੍ਰਿਸ਼ੀ ਵਿਗਿਆਨ ਕੇਂਦਰਾਂ ਦੀ ਭੂਮਿਕਾ ਮਹੱਤਵਪੂਰਨ ਹੋਵੇਗੀ।
ਜ਼ਿਕਰਯੋਗ ਹੈ ਕਿ ਡਾ. ਪੀ. ਮਹਾਪਾਤਰਾ, ਆਈ ਸੀ ਏ ਆਰ ਦੇ ਅਧੀਨ ਆਉਂਦੇ ਕੇਂਦਰਾਂ ਪਾਮੇਟੀ, ਸਿਫਟ, ਅਟਾਰੀ ਵਿੱਚ ਚੱਲ ਰਹੀਆਂ ਗਤੀਵਿਧੀਆਂ ਨੂੰ ਜਾਨਣ ਹਿੱਤ ਪਹੁੰਚੇ ਹੋਏ ਸਨ ਜਿੱਥੇ ਉਨ੍ਹਾਂ ਨੇ ਅਟਾਰੀ ਦੇ ਨਿਰਦੇਸ਼ਕ ਡਾ. ਰਾਜਬੀਰ ਸਿੰਘ ਬਰਾੜ, ਪੀਏਯੂ ਦੇ ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਢਿੱਲੋਂ, ਸਿਫ਼ਟ ਦੇ ਨਿਰਦੇਸ਼ਕ ਡਾ. ਆਰ ਕੇ ਗੁਪਤਾ ਅਤੇ ਪਾਮੇਟੀ ਦੇ ਨਿਰਦੇਸ਼ਕ ਡਾ. ਹਰਜੀਤ ਸਿੰਘ ਧਾਲੀਵਾਲ ਨਾਲ ਮਹੱਤਵਪੂਰਨ ਵਿਚਾਰ-ਚਰਚਾ ਕੀਤੀ । ਉਨ੍ਹਾਂ ਨੇ ਲਾਡੋਵਾਲ ਬੀਜ ਫਾਰਮ ਅਤੇ ਮੱਕੀ ਖੋਜ ਕੇਂਦਰ ਦਾ ਦੌਰਾ ਵੀ ਕੀਤਾ ।