ਫ਼ਤਹਿਗੜ੍ਹ ਸਾਹਿਬ -“ਪੰਜਾਬ ਵਿਚ ਜਾਂ ਕਿਸੇ ਹੋਰ ਸਥਾਨ ‘ਤੇ ਜਦੋਂ ਵੀ ਕਿਸੇ ਆਰ.ਐਸ.ਐਸ. ਜਾਂ ਹੋਰ ਹਿੰਦੂ ਜਮਾਤਾਂ ਦੇ ਆਗੂਆਂ ਉਤੇ ਹਮਲੇ ਹੁੰਦੇ ਹਨ ਜਾਂ ਉਨ੍ਹਾਂ ਦਾ ਕਿਸੇ ਵਜਹ ਕਾਰਨ ਕਤਲ ਹੋ ਜਾਂਦਾ ਹੈ, ਤਾਂ ਸਮੁੱਚੀ ਪ੍ਰੈਸ ਅਤੇ ਇਹ ਹਿੰਦੂ ਸੰਗਠਨ ਝੱਟ ਬਿਨ੍ਹਾਂ ਕਿਸੇ ਦਲੀਲ, ਸਬੂਤ, ਸੱਚਾਈ ਆਦਿ ਨੂੰ ਨਜ਼ਰ ਅੰਦਾਜ ਕਰਕੇ ਸਿੱਖ ਕੌਮ ਉਤੇ ਝੂਠੇ ਦੋਸ਼ ਲਗਾ ਦਿੰਦੇ ਹਨ ਕਿ ਇਹ ਕਤਲ ਸਿੱਖਾਂ ਨੇ ਕੀਤਾ ਹੈ । ਜਦੋਂਕਿ ਸਿੱਖ ਕੌਮ ਦਾ ਅਜਿਹੀ ਮਾਰ-ਧਾੜ ਜਾਂ ਗੈਰ-ਕਾਨੂੰਨੀ, ਗੈਰ-ਸਮਾਜਿਕ ਅਮਲਾਂ ਨਾਲ ਕੋਈ ਦੂਰ ਦਾ ਵੀ ਵਾਸਤਾ ਨਹੀਂ ਹੈ । ਫਿਰ ਇਹ ਹਿੰਦੂ ਮੁਤੱਸਵੀ ਸੰਗਠਨ, ਪ੍ਰੈਸ ਜਾਂ ਹੁਕਮਰਾਨ ਸਿੱਖ ਕੌਮ ਨੂੰ ਅਜਿਹੇ ਸਮਿਆਂ ਤੇ ਨਿਸ਼ਾਨਾਂ ਬਣਾਕੇ ਬਦਨਾਮ ਕਰਨ ਦੀ ਅਤੇ ਸਿੱਖੀ ਸੋਚ ਤੇ ਅਸੂਲਾਂ ਨੂੰ ਸਾਜਸੀ ਢੰਗਾਂ ਰਾਹੀ ਸੱਟ ਮਾਰਨ ਦੇ ਅਮਲ ਕਿਵੇ ਕਰ ਸਕਦੇ ਹਨ ?”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਤੇ ਕੁਝ ਦਿਨ ਪਹਿਲੇ ਲੁਧਿਆਣਾ ਵਿਖੇ ਰਵਿੰਦਰ ਗੋਸਾਈ ਜੋ ਕਿ ਆਰ.ਐਸ.ਐਸ. ਦੇ ਆਗੂ ਸਨ, ਉਨ੍ਹਾਂ ਦੇ ਹੋਏ ਕਤਲ ਉਤੇ ਪ੍ਰੈਸ ਅਤੇ ਹਿੰਦੂ ਸੰਗਠਨਾਂ ਵੱਲੋਂ ਸਿੱਖ ਕੌਮ ਵੱਲ ਇਸਾਰਾ ਕਰਨ ਦੀ ਸਿੱਖ ਕੌਮ ਵਿਰੋਧੀ ਸਾਜਿ਼ਸ ਅਤੇ ਸਿੱਖ ਕੌਮ ਨੂੰ ਬਦਨਾਮ ਕਰਨ ਦੇ ਮਨਸੂਬਿਆਂ ਦੀ ਪੁਰਜੋਰ ਸ਼ਬਦਾਂ ਵਿਚ ਨਿਖੇਧੀ ਕਰਦੇ ਹੋਏ ਅਤੇ ਸਿੱਖ ਕੌਮ ਦੀ ਮਨੁੱਖਤਾ ਪੱਖੀ ਸੋਚ ਨੂੰ ਸਪੱਸਟ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਕੋਈ ਵੀ ਸਿੱਖ ਕਿਸੇ ਵੀ ਬੇਦੋਸ਼ੇ ਹਿੰਦੂ ਜਾਂ ਕਿਸੇ ਹੋਰ ਵਰਗ ਦੇ ਇਨਸਾਨ ਉਤੇ ਹਮਲਾ ਕਰਨ ਜਾਂ ਉਸਦਾ ਕਤਲ ਕਰਨ ਦੀ ਕਾਰਵਾਈ ਕਤਈ ਨਹੀਂ ਕਰ ਸਕਦਾ ਅਤੇ ਨਾ ਹੀ ਬੀਤੇ ਸਮੇਂ ਵਿਚ ਲੁਧਿਆਣਾ ਵਿਖੇ ਸ੍ਰੀ ਨਿਰੇਸ਼ ਕੁਮਾਰ, ਬ੍ਰਿਗੇਡੀਅਰ ਗਗਨੇਜਾ ਆਦਿ ਦੇ ਹੋਏ ਕਤਲਾਂ ਸਮੇਂ ਸਿੱਖ ਕੌਮ ਦੀ ਕੋਈ ਅਜਿਹੀਆ ਕਾਰਵਾਈਆ ਵਿਚ ਸਮੂਲੀਅਤ ਰਹੀ ਹੈ । ਸ. ਮਾਨ ਨੇ ਬੀਤੇ ਸਮੇਂ ਵਿਚ ਮਹਾਤਮਾ ਗਾਂਧੀ, ਸ੍ਰੀ ਰਾਜੀਵ ਗਾਂਧੀ ਦੇ ਹੋਏ ਕਤਲਾਂ ਉਤੇ ਪ੍ਰਤੀਕਰਮ ਜ਼ਾਹਰ ਕਰਦੇ ਹੋਏ ਕਿਹਾ ਕਿ ਉਸ ਸਮੇਂ ਕਿਸੇ ਵੀ ਸਿੱਖ ਦੀ ਸਮੂਲੀਅਤ ਨਹੀਂ ਹੋਈ ਜਦੋਂਕਿ ਇਹ ਦੋਵੇ ਕਤਲ ਗੈਰ ਸਿੱਖਾਂ, ਹਿੰਦੂ ਅਤੇ ਲੀਟੇ ਵਾਲਿਆ ਨੇ ਕੀਤਾ ਸੀ । ਪਰ ਦੁੱਖ ਅਤੇ ਅਫਸੋਸ ਹੈ ਕਿ ਮੁਤੱਸਵੀ ਹਿੰਦੂ ਆਗੂ ਹਰ ਸਮੇਂ ਅਜਿਹੀ ਦੁਰਘਟਨਾ ਹੋਣ ਤੇ ਹਮੇਸ਼ਾਂ ਸਿੱਖ ਕੌਮ ਉਤੇ ਹੀ ਬਿਨ੍ਹਾਂ ਕਿਸੇ ਦਲੀਲ, ਸਬੂਤ ਜਾਂ ਸੱਚਾਈ ਦੇ ਦੋਸ਼ ਲਗਾ ਦਿੰਦੇ ਹਨ । ਅਸੀਂ ਅਜਿਹੇ ਮੁਤੱਸਵੀ ਸੰਗਠਨਾਂ ਦੇ ਆਗੂਆਂ, ਹੁਕਮਰਾਨਾਂ, ਪ੍ਰੈਸ ਨੂੰ ਜਨਤਕ ਤੌਰ ਤੇ ਪੁੱਛਣਾ ਚਾਹਵਾਂਗੇ ਕਿ ਉਨ੍ਹਾਂ ਕੋਲ ਅਜਿਹਾ ਕਿਹੜਾ ਪੈਰਾਮੀਟਰ ਹੈ ਜੋ ਕਤਲ ਹੋਣ ਦੇ ਚੰਦ ਮਿੰਟਾਂ ਬਾਅਦ ਹੀ ਬਿਨ੍ਹਾਂ ਕਿਸੇ ਜਾਂਚ ਜਾਂ ਤਫ਼ਤੀਸ ਤੋਂ ਇਹ ਲੋਕ ਅਜਿਹੇ ਕਤਲਾਂ ਸਮੇਂ ਸਿੱਖ ਕੌਮ ਉਤੇ ਦੋਸ਼ ਲਗਾਉਦੇ ਹਨ ਅਤੇ ਅਜਿਹੇ ਦੋਸ਼ ਲਗਾਉਣ ਪਿੱਛੇ ਉਨ੍ਹਾਂ ਦਾ ਕੀ ਗੁਝਾ ਮਕਸਦ ਹੈ ? ਇਥੇ ਇਹ ਵਰਣਨ ਕਰਨਾ ਜ਼ਰੂਰੀ ਹੈ ਕਿ ਲੁਧਿਆਣਾ ਵਿਖੇ ਸ੍ਰੀ ਨਿਰੇਸ਼ ਕੁਮਾਰ, ਬ੍ਰਿਗੇਡੀਅਰ ਗਗਨੇਜਾ ਦੇ ਬੀਤੇ ਸਮੇਂ ਵਿਚ ਹੋਏ ਦੋਵੇ ਕਤਲਾਂ ਵਿਚ ਕਿਸੇ ਵੀ ਸਿੱਖ ਦੀ ਸਮੂਲੀਅਤ ਸਾਹਮਣੇ ਨਹੀਂ ਆਈ ਅਤੇ ਨਾ ਹੀ ਸ੍ਰੀ ਗੋਸਾਈ ਦੇ ਹੋਏ ਦੁੱਖਦਾਇਕ ਕਤਲ ਵਿਚ ਸਿੱਖ ਕੌਮ ਦੀ ਕੋਈ ਭੂਮਿਕਾ ਹੈ । ਪਰ ਫਿਰ ਵੀ ਇਥੋ ਦੇ ਹੁਕਮਰਾਨ, ਪ੍ਰਸ਼ਾਸ਼ਨ ਅਤੇ ਆਰ.ਐਸ.ਐਸ. ਵਰਗੇ ਸੰਗਠਨ ਸਿੱਖ ਕੌਮ ਪ੍ਰਤੀ ਅਜਿਹੀ ਸੋਚ ਰੱਖਕੇ ਜ਼ਹਿਰੀਲਾਂ ਪ੍ਰਚਾਰ ਕਿਸ ਤਰ੍ਹਾਂ ਕਰ ਸਕਦੇ ਹਨ ? ਇਨ੍ਹਾਂ ਨਫ਼ਰਤ ਫਿਲਾਉਣ ਵਾਲੇ ਆਗੂਆਂ ਨੂੰ ਜਾਂ ਸਿੱਖ ਕੌਮ ਨੂੰ ਬਦਨਾਮ ਕਰਨ ਵਾਲੇ ਆਗੂਆਂ ਨੂੰ ਕਿਸ ਨੇ ਅਧਿਕਾਰ ਦਿੱਤਾ ਹੈ ਕਿ ਉਹ ਅਜਿਹੀਆਂ ਦੁੱਖਦਾਇਕ ਘਟਨਾਵਾਂ ਸਮੇਂ ਸਿੱਖ ਕੌਮ ਉਤੇ ਦੋਸ਼ ਥੋਪ ਦੇਣ ? ਸ. ਮਾਨ ਨੇ ਅਜਿਹੇ ਆਗੂਆਂ, ਹੁਕਮਰਾਨਾਂ ਅਤੇ ਪੀਲੀ ਪੱਤਰਕਾਰੀ ਕਰਨ ਵਾਲੇ ਪੱਤਰਕਾਰਾਂ ਅਤੇ ਅਖ਼ਬਾਰਾਂ ਨੂੰ ਖ਼ਬਰਦਾਰ ਕਰਦੇ ਹੋਏ ਕਿਹਾ ਕਿ ਸਿੱਖ ਕੌਮ ਅਜਿਹੀਆਂ ਗੈਰ-ਸਮਾਜਿਕ ਅਤੇ ਆਪਸੀ ਹਿੰਦੂ-ਸਿੱਖ ਅਤੇ ਦੂਸਰੀਆਂ ਕੌਮਾਂ ਵਿਚ ਨਫ਼ਰਤ ਫਿਲਾਉਣ ਵਾਲੀਆਂ ਕਾਰਵਾਈਆ ਨੂੰ ਬਿਲਕੁਲ ਵੀ ਬਰਦਾਸਤ ਨਹੀਂ ਕਰੇਗੀ ਅਤੇ ਨਾ ਹੀ ਅਸੀਂ ਸਿੱਖ ਕੌਮ ਨੂੰ ਬਿਨ੍ਹਾਂ ਵਜਹ ਬਦਨਾਮ ਕਰਨ ਦੀ ਕਿਸੇ ਨੂੰ ਇਜ਼ਾਜਤ ਦੇਵਾਂਗੇ । ਭਾਵੇ ਕਿ ਉਹ ਹੁਕਮਰਾਨ ਜਾਂ ਉੱਚ ਸਿਆਸਤਦਾਨ ਕਿਉਂ ਨਾ ਹੋਣ।