ਇਸਲਾਮਾਬਾਦ – ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਆਸਿਫ਼ ਅਲੀ ਜਰਦਾਰੀ ਨੇ ਬਰਖਾਸਤ ਹੋਏ ਪ੍ਰਧਾਨਮੰਤਰੀ ਨਵਾਜ਼ ਸ਼ਰੀਫ਼ ਅਤੇ ਉਨ੍ਹਾਂ ਦੇ ਭਰਾ ਅਤੇ ਪੰਜਾਬ ਦੇ ਮੁੱਖਮੰਤਰੀ ਸ਼ਾਹਬਾਜ਼ ਸ਼ਰੀਫ਼ ਤੇ ਗੰਭੀਰ ਆਰੋਪ ਲਗਾਏ ਹਨ। ਉਨ੍ਹਾਂ ਨੇ ਦਾਅਵੇ ਨਾਲ ਕਿਹਾ ਕਿ ਸ਼ਰੀਫ਼ ਭਰਾਵਾਂ ਨੇ ਦੋ ਵਾਰ ਉਨ੍ਹਾਂ ਨੂੰ ਕੱਤਲ ਕਰਨ ਦਾ ਯਤਨ ਕੀਤਾ ਗਿਆ ਸੀ। ਸਾਬਕਾ ਰਾਸ਼ਟਰਪਤੀ ਜਰਦਾਰੀ ਨੇ 2018 ਦੀਆਂ ਚੋਣਾਂ ਤੋਂ ਬਾਅਦ ਸ਼ਰੀਫ਼ ਦੀ ਪਾਰਟੀ ਪੀਐਮਐਲ-ਐਨ ਦੇ ਨਾਲ ਗਠਬੰਧਨ ਕਰਨ ਤੋਂ ਇਨਕਾਰ ਕਰ ਦਿੱਤਾ ਹੈ।
ਜਰਦਾਰੀ ਨੇ ਸ਼ਨਿਚਰਵਾਰ ਨੂੰ ਆਪਣੀ ਪਾਰਟੀ ਦੇ ਵਰਕਰਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਨਵਾਜ਼ ਸਮੱਰਥਨ ਹਾਸਿਲ ਕਰਨ ਲਈ ਸਾਡੇ ਨਾਲ ਸੰਪਰਕ ਕਰਨ ਦੀ ਕੋਸਿ਼ ਸ਼ ਕਰ ਰਹੇ ਹਨ, ਪਰ ਅਸਾਂ ਉਨ੍ਹਾਂ ਨੂੰ ਮਨ੍ਹਾ ਕਰ ਦਿੱਤਾ ਹੈ। ਆਸਿਫ਼ ਅਲੀ ਜਰਦਾਰੀ ਨੇ ਕਿਹਾ, ‘ ਸ਼ਰੀਫ਼ ਭਰਾਵਾਂ ਨੇ ਬੇਨਜ਼ੀਰ ਦੇ ਨਾਲ ਜੋ ਕੀਤਾ, ਉਹ ਮੈਂ ਭੁੱਲਿਆ ਨਹੀਂ ਹਾਂ।’ ਫਿਰ ਵੀ ਉਨ੍ਹਾਂ ਨੂੰ ਮੁਆਫ਼ ਕਰਕੇ ਚਾਰਟਰ ਆਫ਼ ਡੈਮੋਕ੍ਰੇਸੀ ਤੇ ਦਸਤਖਤ ਕਰ ਦਿੱਤੇ। ਪਰ ਉਹ ਮੈਮੋਗੇਟ ਮਾਮਲੇ ਵਿੱਚ ਮੇਰੇ ਤੇ ਦੇਸ਼ਧ੍ਰੋਹ ਦਾ ਆਰੋਪ ਲਗਾਉਣ ਦੇ ਲਈ ਅਦਾਲਤ ਪਹੁੰਚ ਗਏ।’
ਸਾਬਕਾ ਰਾਸ਼ਟਰਪਤੀ ਜਰਦਾਰੀ ਨੇ ਕਿਹਾ ਕਿ ਸ਼ਰੀਫ਼ ਭਰਾਵਾਂ ਤੇ ਭਰੋਸਾ ਨਹੀਂ ਕੀਤਾ ਜਾ ਸਕਦਾ। ਉਹ ਜਦੋਂ ਮੁਸੀਬਤ ਵਿੱਚ ਹੁੰਦੇ ਹਨ ਤਾਂ ਤੁਹਾਡੇ ਨਾਲ ਸਹਿਯੋਗ ਕਰਨ ਲਈ ਤਿਆਰ ਹੋ ਜਾਂਦੇ ਹਨ ਪਰ ਜਦੋਂ ਪਾਵਰ ਵਿੱਚ ਹੁੰਦੇ ਹਨ ਤਾਂ ਦੁਤਕਾਰ ਦਿੰਦੇ ਹਨ। ਵਰਨਣਯੋਗ ਹੈ ਕਿ ਅਗਲੇ ਸਾਲ ਦੇ ਸ਼ੁਰੂ ਵਿੱਚ ਹੀ ਪਾਕਿਸਤਾਨ ਵਿੱਚ ਸੰਸਦੀ ਚੋਣਾਂ ਹੋ ਰਹੀਆਂ ਹਨ।