ਨਵੀਂ ਦਿੱਲੀ : ਅਕਸਰ ਸਿਆਸੀ ਅਖਾੜੇ ’ਚ ਵਿਰੋਧੀਆਂ ਨੂੰ ਧੂੜ ਚਟਾਉਣ ਵਾਲੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਹੁਣ ਭਲਵਾਨੀ ਅਖਾੜੇ ’ਚ ਵੀ ਸੋਨੇ ਦਾ ਤਮਗਾ ਪ੍ਰਾਪਤ ਕਰ ਲਿਆ ਹੈ। ਵਰਲਡ ਪਾਵਰ ਲਿਫਟਿੰਗ ਦੇ ਦਿੱਲੀ ਵਿਖੇ ਚਲ ਰਹੇ ਮੁਕਾਬਲੇ ਦੌਰਾਨ 55 ਤੋਂ 60 ਉਮਰ ਵਰਗ ਦੇ ਮੁਕਾਬਲੇ ’ਚ ਭਾਗ ਲੈਂਦੇ ਹੋਏ ਜੀ.ਕੇ. ਨੇ 80 ਕਿਲੋ ਵਜਨ ਨੂੰ ਪਾਵਰਲਿਫਟ ਕਰ ਇਹ ਮਾਨ ਪ੍ਰਾਪਤ ਕੀਤਾ ਹੈ। ਜਿਸ ਕਰਕੇ ਕਿਸੇ ਕੌਮਾਂਤਰੀ ਮੁਕਾਬਲੇ ਦੌਰਾਨ ਅਜਿਹਾ ਮਾਨ ਪ੍ਰਾਪਤ ਕਰਨ ਵਾਲੇ ਜੀ.ਕੇ. ਦਿੱਲੀ ਕਮੇਟੀ ਦੇ ਪਹਿਲੇ ਪ੍ਰਧਾਨ ਬਣ ਗਏ ਹਨ।
ਤਮਗਾ ਪ੍ਰਾਪਤ ਕਰਨ ਵੇਲੇ ਲੋਕਾਂ ਨੂੰ ਸੰਬੋਧਿਤ ਕਰਦੇ ਹੋਏ ਜੀ.ਕੇ. ਨੇ ਖੇਡ ’ਚ ਭਾਗ ਲੈਣ ਪਿੱਛੇ ਦੇ ਮਨੋਰਥ ਅਤੇ ਟ੍ਰੇਨਿੰਗ ਦੀ ਵੀ ਜਾਣਕਾਰੀ ਦਿੱਤੀ। ਜੀ.ਕੇ. ਨੇ ਦੱਸਿਆ ਕਿ ਬੀਤੇ ਇੱਕ ਸਾਲ ਤੋਂ ਇਸ ਸੰਬੰਧੀ ਉਹ ਆਪਣੇ ਕੋਚ ਪ੍ਰਤਯੂਸ ਦੇ ਨਾਲ ਜਿਮ ’ਚ ਪਸੀਨਾ ਬਹਾਕੇ ਤਿਆਰੀ ਕਰ ਰਹੇ ਸਨ। ਖੇਡ ’ਚ ਭਾਗ ਲੈਣ ਪਿੱਛੇ ਮੁਖ ਕਾਰਨ ਨੌਜਵਾਨਾਂ ਨੂੰ ਖੇਡਾਂ ਨਾਲ ਜੁੜਨ ਵਾਸਤੇ ਪ੍ਰੇਰਿਤ ਕਰਨ ਦੇ ਨਾਲ ਹੀ ਹਸਪਤਾਲਾਂ ’ਚ ਮਰੀਜਾਂ ਦੀ ਭੀੜ ਨੂੰ ਘਟਾਉਣਾ ਹੈ। ਨੌਜਵਾਨਾਂ ’ਚ ਵੱਧ ਰਹੀ ਅਪਰਾਧ ਅਤੇ ਨਸ਼ੇ ਦੀ ਲੱਤ ਨੂੰ ਰੋਕਣ ਅਤੇ ਆਪਣੀ ਸਿਹਤ ਤੇ ਸ਼ਰੀਰ ਨਾਲ ਪਿਆਰ ਕਰਨ ਲਈ ਵੀ ਅਜਿਹਾ ਜਰੂਰੀ ਸੀ।
ਜੀ.ਕੇ. ਨੇ ਸਵਾਲਿਆ ਲਹਿਜੇ ’ਚ ਪੁੱਛਿਆ ਕਿ ਜੇਕਰ ਉਹ 59 ਸਾਲ ਦੀ ਉਮਰ ’ਚ ਜਿਮ ਜਾ ਸਕਦੇ ਹਨ ਤਾਂ ਬਾਕੀ ਕਿਉਂ ਨਹੀਂ ਇਹ ਕਾਰਜ ਕਰ ਸਕਦੇ ? ਉਨ੍ਹਾਂ ਦੱਸਿਆ ਕਿ ਜਿਮ ਜਾਣ ਤੋਂ ਪਹਿਲਾ ਉਹ ਮੁਸ਼ਕਲ ਨਾਲ 20 ਤੋਂ 25 ਕਿਲੋ ਵਜਨ ਹੀ ਚੁੱਕ ਸਕਦੇ ਸਨ ਪਰ ਲਗਾਤਾਰ ਤਕਨੀਕ ਅਤੇ ਮਿਹਨਤ ਸਹਾਰੇ ਇਹ ਕਾਰਜ ਆਸਾਨ ਹੋ ਗਿਆ। ਜਿਸ ਕਰਕੇ ਦਿੱਲੀ ਕਮੇਟੀ ਮੈਂਬਰ ਮਨਜੀਤ ਸਿੰਘ ਔਲਖ ਨੇ ਉਨ੍ਹਾਂ ਨੂੰ ਇਸ ਮੁਕਾਬਲੇ ’ਚ ਭਾਗ ਲੈਣ ਲਈ ਪ੍ਰੇਰਿਤ ਕੀਤਾ। ਜੀ.ਕੇ. ਨੇ ਦੇਸ਼ ਅਤੇ ਕੌਮ ਦੀ ਸੇਵਾ ਤੇ ਰਾਖੀ ਲਈ ਆਪਣੇ ਸ਼ਰੀਰ ਨਾਲ ਪਿਆਰ ਕਰਨ ਦਾ ਨੌਜਵਾਨਾਂ ਨੂੰ ਸੁਨੇਹਾ ਵੀ ਦਿੱਤਾ। ਇਸ ਮੌਕੇ ਜੀ.ਕੇ. ਦੇ ਪਰਿਵਾਰਿਕ ਮੈਂਬਰਾਂ ਦੇ ਨਾਲ ਹੀ ਦਿੱਲੀ ਕਮੇਟੀ ਮੈਂਬਰ ਵੱਡੀ ਗਿਣਤੀ ’ਚ ਮੌਜੂਦ ਸਨ।