ਲੁਧਿਆਣਾ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਵਿਖੇ ਧੂਮ-ਧੜੱਕੇ ਨਾਲ ਸ਼ੁਰੂ ਹੋਏ ਅੰਤਰ ਕਾਲਜ ਯੁਵਕ ਮੇਲੇ 2017-18 ਦਾ ਰਸਮੀ ਉਦਘਾਟਨ ਕਰਦਿਆਂ ਡਾ.ਬਲਦੇਵ ਸਿੰਘ ਢਿੱਲੋਂ, ਵਾਈਸ ਚਾਂਸਲਰ, ਪੀਏਯੂ ਨੇ ਕਿਹਾ ਕਿ ਪੰਜਾਬੀ ਸਭਿਆਚਾਰ ਦੇ ਅਮੀਰ ਵਿਰਸੇ ਦੀ ਸਾਂਭ-ਸੰਭਾਲ ਕਰਨਾ ਸਾਡਾ ਸਾਰਿਆਂ ਦਾ ਮੁੱਢਲਾ ਫਰਜ ਹੈ। ਅਕਾਦਮਿਕ ਖੇਤਰ ਦੇ ਨਾਲ-ਨਾਲ ਸਭਿਆਚਾਰਕ ਗਤੀਵਿਧੀਆਂ ਅਤੇ ਖੇਡਾਂ ਵਿੱਚ ਵੱਧ ਚੜ ਕੇ ਹਿੱਸਾ ਲੈਣ ਲਈ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਦਿਆਂ ਉਹਨਾਂ ਕਿਹਾ ਕਿ ਸਮੁੱਚੀ ਸਖਸ਼ੀਅਤ ਨੂੰ ਨਿਖਾਰਨ ਵਿੱਚ ਇਹ ਗਤੀਵਿਧੀਆਂ ਜਿੱਥੇ ਵੱਡੀ ਭੂਮਿਕਾ ਨਿਭਾਉਂਦੀਆਂ ਹਨ ਉਥੇ ਇਹਨਾਂ ਨਾਲ ਇੱਕ ਨਰੋਏ ਸਮਾਜ ਦੀ ਸਿਰਜਨਾ ਵੀ ਹੁੰਦੀ ਹੈ। ਉਹਨਾਂ ਦੱਸਿਆ ਕਿ ਪੀਏਯੂ ਨੂੰ ਆਈ ਸੀ ਏ ਆਰ ਨਵੀਂ ਦਿੱਲੀ ਵੱਲੋਂ ਸਰਵੋਤਮ ਸਟੇਟ ਐਗਰੀਕਲਚਰਲ ਯੂਨੀਵਰਸਿਟੀ ਅਤੇ ਕੇਂਦਰੀ ਮਾਨਵ ਸਰੋਤ ਵਿਕਾਸ ਮੰਤਰਾਲੇ ਵੱਲੋਂ ਦੂਜੀ ਸਰਵੋਤਮ ਐਗਰੀਕਲਚਰਲ ਯੂਨੀਵਰਸਿਟੀ (ਐਨ ਆਈ ਆਰ ਐਫ ਦਰਜਾਬੰਦੀ ਅਨੁਸਾਰ) ਐਲਾਨਿਆ ਗਿਆ। ਇਸ ਤੋਂ ਇਲਾਵਾ ਪੀਏਯੂ ਨੂੰ ਫਸਲਾਂ ਦੀਆਂ ਲੈਂਡਮਾਰਕ ਕਿਸਮਾਂ ਦੇ ਵਿਕਾਸ ਹਿਤ ਜੈਨੇਟਿਕਸ ਅਤੇ ਪਲਾਂਟ ਬਰੀਡਿੰਗ ਦੀ ਭਾਰਤੀ ਸੋਸਾਇਟੀ ਵੱਲੋਂ ਸਰਵੋਤਮ ਘੋਸ਼ਿਤ ਕੀਤਾ ਗਿਆ, ਸਰਵੋਤਮ ਪ੍ਰਕਾਸ਼ਨਾਵਾਂ ਹਿਤ ਭਾਰਤੀ ਉਦਯੋਗ ਦੀ ਕਨਫੈਡਰੇਸ਼ਨ ਅਤੇ ਖੇਤੀ ਸੰਦਾਂ ਉੱਤੇ ਸਰਵ ਭਾਰਤੀ ਕੋਆਰਡੀਨੇਟਿਡ ਖੋਜ ਪ੍ਰੋਜੈਕਟ ਲਈ ਆਈ ਸੀ ਏ ਆਰ ਵੱਲੋਂ ਸਨਮਾਨਿਤ ਕੀਤਾ ਗਿਆ। ਉਹਨਾਂ ਦੱਸਿਆ ਕਿ ਇਸ ਸਾਲ ਪੀਏਯੂ ਦੇ ਦੋ ਵਿਦਿਆਰਥੀਆਂ ਨੂੰ ਜਵਾਹਰ ਲਾਲ ਨਹਿਰੂ ਐਵਾਰਡ ਅਤੇ ਪੰਜ ਵਿਦਿਆਰਥੀਆਂ ਨੂੰ ਪ੍ਰਧਾਨ ਮੰਤਰੀ ਫੈਲੋਸ਼ਿਪ ਹਾਸਲ ਹੋਈ। ਇਹਨਾਂ ਸਾਰੀਆਂ ਪ੍ਰਾਪਤੀਆਂ ਦਾ ਸਿਹਰਾ ਯੂਨੀਵਰਸਿਟੀ ਵਿਗਿਆਨੀਆਂ, ਮਾਹਿਰਾਂ, ਸਟਾਫ ਮੈਂਬਰਾਂ ਅਤੇ ਵਿਦਿਆਰਥੀਆਂ ਦੇ ਸਿਰ ਬੰਨਦਿਆਂ ਉਹਨਾਂ ਕਿਹਾ ਕਿ ਸਾਨੂੰ ਆਪਣੀ ਚੜ੍ਹਤ ਇਸੇ ਤਰ੍ਹਾਂ ਹੀ ਕਾਇਮ ਰੱਖਣ ਲਈ ਹੋਰ ਵੀ ਮਿਹਨਤ ਦੀ ਲੋੜ ਹੈ ਤਾਂ ਜੋ ਅਸੀਂ ਆਪਣੀ ਸੰਸਥਾ, ਸੂਬੇ ਅਤੇ ਦੇਸ਼ ਦਾ ਨਾਂ ਪੂਰੇ ਵਿਸ਼ਵ ਵਿੱਚ ਰੌਸ਼ਨ ਕਰ ਸਕੀਏ।
ਇਸ ਮੌਕੇ ਹਾਜ਼ਰ ਪਤਵੰਤਿਆਂ, ਫੈਕਲਟੀ, ਸਟਾਫ ਮੈਂਬਰਾਂ ਅਤੇ ਵਿਦਿਆਰਥੀਆਂ ਨੂੰ ਨਿੱਘਾ ਜੀ ਆਇਆਂ ਕਹਿੰਦਿਆਂ ਡਾ.ਰਵਿੰਦਰ ਕੌਰ ਧਾਲੀਵਾਲ, ਨਿਰਦੇਸ਼ਕ ਵਿਦਿਆਰਥੀ ਭਲਾਈ, ਪੀਏਯੂ ਨੇ ਦ੍ਰਿੜਤਾ, ਲਗਨ, ਨਿਸ਼ਠਾ ਅਤੇ ਅਨੁਸਾਸ਼ਨ ਦੀ ਮਹੱਤਤਾ ਬਾਰੇ ਚਾਣਨਾ ਪਾਇਆ। ਉਹਨਾਂ ਕਿਹਾ ਕਿ ਵਿਦਿਆਰਥੀਆਂ ਵਿੱਚ ਆਤਮ ਵਿਸਵਾਸ਼ ਨੂੰ ਵਧਾਉਣ ਵਿੱਚ ਸਭਿਆਚਾਰਕ ਗਤੀਵਿਧੀਆਂ ਅਹਿਮ ਭੂਮਿਕਾ ਨਿਭਾਉਂਦੀਆਂ ਹਨ।
ਇਸ ਮੌਕੇ ਡਾ. ਸ਼੍ਰੀਮਤੀ ਨੀਲਮ ਗਰੇਵਲ, ਡੀਨ, ਪੋਸਟ ਗਰੈਜੂਏਟ ਸਟੱਡੀਜ਼ ਨੇ ਸਾਰਿਆਂ ਦਾ ਧੰਨਵਾਦ ਕੀਤਾ। ਯੂਨੀਵਰਸਿਟੀ ਦੇ ਚਾਰੇ ਕਾਲਜਾਂ ਦੇ ਵਿਦਿਆਰਥੀਆਂ ਨੇ ਸਾਰਥਕ ਸੰਦੇਸ਼ ਲੈ ਕੇ ਸਭਿਆਚਾਰਕ ਝਲਕੀਆਂ ਦੇ ਰੂਪ ਵਿੱਚ ਯੁਵਕ ਮੇਲੇ ਵਿੱਚ ਸ਼ਮੂਲੀਅਤ ਕੀਤੀ। ਇਹਨਾਂ ਝਲਕੀਆਂ ਦੇ ਵਿਸ਼ੇ ਸਮਕਾਲੀ, ਸਮਾਜਿਕ ਸਰੋਕਾਰਾਂ ਜਿਵੇਂ ਕਿ ਦਾਜ, ਭਰੂਣ ਹੱਤਿਆ, ਦਿਖਾਵਿਆਂ ਤੇ ਵਧ ਰਹੇ ਖਰਚੇ, ਕਿਸਾਨ ਕਰਜ਼ੇ ਅਤੇ ਖੁਦਕੁਸ਼ੀਆਂ, ਨਿਘਰਦੇ ਕੁਦਰਤੀ ਸਰੋਤ ਆਦਿ ਸਨ। ਇਸ ਮੌਕੇ ਸਰਦਾਰ ਵਲਬ ਭਾਈ ਪਟੇਲ ਦੇ ਜਨਮ ਦਿਹਾੜੇ ਨੂੰ ਸਮਰਪਿਤ ਰਾਸ਼ਟਰੀਯ ਏਕਤਾ ਦਿਵਸ ਵਜੋਂ ਯਾਦ ਕਰਦਿਆਂ ਅਤੇ ਰਾਸ਼ਟਰੀ ਏਕਤਾ ਅਤੇ ਸਾਂਝੀਵਾਲਤਾ ਦਾ ਪ੍ਰਣ ਵੀ ਲਿਆ ਗਿਆ। ਅੱਜ ਦੇ ਵੱਖੋ-ਵੱਖ ਮੁਕਾਬਲਿਆਂ ਦੇ ਨਤੀਜੇ ਇਸ ਪ੍ਰਕਾਰ ਹਨ:
ਲੋਕ ਗੀਤ
ਪਹਿਲਾ ਸਥਾਨ : ਅਮਨਪ੍ਰੀਤ ਕੌਰ (ਹੋਮ ਸਾਇੰਸ ਕਾਲਜ), ਦੂਜਾ ਸਥਾਨ : ਪ੍ਰਿਯੰਕਾ (ਖੇਤੀਬਾੜੀ ਕਾਲਜ), ਤੀਜਾ ਸਥਾਨ : ਹਰਪ੍ਰੀਤ ਕੌਰ (ਖੇਤੀਬਾੜੀ ਕਾਲਜ) ਅਤੇ ਗਗਨਦੀਪ ਕੌਰ (ਹੋਮ ਸਾਇੰਸ ਕਾਲਜ)।
ਸੋਲੋ ਡਾਂਸ
ਪਹਿਲਾ ਸਥਾਨ : ਗੂੰਜਨ (ਹੋਮ ਸਾਇੰਸ ਕਾਲਜ), ਦੂਜਾ ਸਥਾਨ ਸ਼ਿਵਰੀਤ (ਖੇਤੀਬਾੜੀ ਕਾਲਜ) ਅਤੇ ਤੀਜਾ ਸਥਾਨ ਨਵਦੀਪ ਕੌਰ (ਖੇਤੀਬਾੜੀ ਇੰਜੀਨੀਅਰਿੰਗ ਕਾਲਜ)