ਲੁਧਿਆਣਾ : ਪੰਜਾਬ ਸਕੂਲ ਸਿੱਖਿਆ ਬੋਰਡ ਪਿੱਛਲੇ ਲੰਮੇ ਅਰਸੇ ਤੋਂ ਪੰਜਾਬੀ ਸਾਹਿਤ ਅਕਾਡਮੀ, ਪੰਜਾਬੀ ਭਵਨ ਲੁਧਿਆਣਾ ਵਿਖੇ ਆਪਣਾ ਜ਼ਿਲ੍ਹਾ ਖੇਤਰੀ ਦਫ਼ਤਰ ਅਤੇ ਡਿਪੂ ਚਲਾ ਰਿਹਾ ਹੈ। ਪੰਜਾਬ ਸਕੂਲ ਸਿੱਖਿਆ ਬੋਰਡ ਦਾ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਨਾਲ ਹੋਏ ਕਿਰਾਏ ਦੇ ਇਕਰਾਰਨਾਮੇ ਅਨੁਸਾਰ ਬੋਰਡ ਵੱਲ 3,37,154/-ਰੁਪਏ (ਤਿੰਨ ਲੱਖ ਸੈਂਤੀ ਹਜ਼ਾਰ ਇਕ ਸੌ ਚੌਰੰਜਾ ਰੁਪਏ) ਬਕਾਇਆ ਹੈ। ਜਿਸ ਵਿਚ ਵਾਧੂ ਕਮਰਿਆਂ ਦਾ ਕਿਰਾਇਆ ਜਨਵਰੀ 2013 ਤੋਂ ਫ਼ਰਵਰੀ 2015 ਤੱਕ 1,30,000/- ਰੁਪਏ ਬਕਾਇਆ ਹੈ। ਅਕਾਡਮੀ ਵੱਲੋਂ ਬੋਰਡ ਨੂੰ ਸਰਕਾਰੀ ਰੇਟ ਤੋਂ ਵੀ ਘੱਟ ਰੇਟ ’ਤੇ ਇਹ ਥਾਂ ਕਿਰਾਏ ’ਤੇ ਦਿੱਤੀ ਹੋਈ ਹੈ। ਸਮੇਂ ਸਮੇਂ ਅਧਿਕਾਰੀਆਂ ਨਾਲ ਮਿਲ ਕੇ ਬਕਾਏ ਸੰਬੰਧੀ ਮੀਟਿੰਗਾਂ ਕੀਤੀਆਂ ਹਰ ਵਾਰ ਇਹੀ ਭਰੋਸਾ ਦਿੱਤਾ ਗਿਆ ਕਿ ਜਲਦੀ ਹੀ ਅਦਾਇਗੀ ਕਰ ਦਿੱਤੀ ਜਾਵੇਗੀ। ਬੋਰਡ ਦੀ ਚੇਅਰਪਰਸਨ ਡਾ. ਤੇਜਿੰਦਰ ਕੌਰ ਧਾਲੀਵਾਲ ਦੀ ਹਾਜ਼ਰੀ ’ਚ ਅਕਾਡਮੀ ਦੇ ਵਫ਼ਦ ਵੱਲੋਂ ਕੀਤੀ ਗਈ ਹੋਈ ਮੀਟਿੰਗ ਦੌਰਾਨ ਬਕਾਇਆ ਅਦਾਇਗੀਆਂ ਦੋ ਹਫ਼ਤਿਆਂ ਦੇ ਵਿਚ ਵਿਚ ਦੇਣ ਦਾ ਫ਼ੈਸਲਾ ਹੋਇਆ ਸੀ। ਪਰ ਇਸ ’ਤੇ ਵੀ ਅਮਲ ਨਹੀਂ ਹੋਇਆ। 11 ਸਤੰਬਰ 2017 ਨੂੰ ਪੰਜਾਬੀ ਸਾਹਿਤ ਅਕਾਡਮੀ ਦਾ ਇਕ ਵਫ਼ਦ ਜਿਸ ਵਿਚ ਅਕਾਡਮੀ ਦੇ ਪ੍ਰਧਾਨ ਡਾ. ਸੁਖਦੇਵ ਸਿੰਘ, ਮੀਤ ਪ੍ਰਧਾਨ ਸ੍ਰੀ ਸੁਰਿੰਦਰ ਕੈਲੇ ਅਤੇ ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ ਸ਼ਾਮਲ ਸਨ ਬੋਰਡ ਦੇ ਸੰਬੰਧਿਤ ਅਫ਼ਸਰਾਂ ਨਾਲ ਬਕਾਇਆਂ ਦੀ ਅਦਾਇਗੀ ਸੰਬੰਧੀ ਮੀਟਿੰਗ ਕੀਤੀ ਸੀ ਜਿਸ ਵਿਚ ਬੋਰਡ ਵੱਲੋਂ ਬਕਾਇਆਂ ਦੀ ਅਦਾਇਗੀ ਲਈ ਦੋ ਹਫ਼ਤਿਆਂ ਦਾ ਸਮਾਂ ਮੰਗਿਆ ਗਿਆ ਸੀ ਜੋ ਪ੍ਰਵਾਨ ਕੀਤਾ ਗਿਆ ਸੀ। ਪਰ ਹਾਲੇ ਵੀ 3,37,154/-ਰੁਪਏ ਬਕਾਏ ਖੜ੍ਹੇ ਹਨ ਜਿਸ ਵਿਚ ਬਣਦੇ ਵਿਆਜ ਦੀ ਰਕਮ ਸ਼ਾਮਲ ਨਹੀਂ।
ਹੁਣ ਪੰਜਾਬ ਸਕੂਲ ਸਿੱਖਿਆ ਬੋਰਡ ਆਪਣਾ ਸਮਾਨ ਕਿਸੇ ਹੋਰ ਥਾਂ ਤਬਦੀਲ ਕਰਨ ਦੀ ਕਾਰਵਾਈ ਸ਼ੁਰੂ ਹੋ ਕਰ ਚੁੱਕਾ ਹੈ। ਉਪਰੰਤ ਅਕਾਡਮੀ ਦੇ ਅਹੁਦੇਦਾਰ ਬੋਰਡ ਦੇ ਸਕੱਤਰ ਜਨਕ ਰਾਜ ਮਹਿਰੋਕ ਨੂੰ ਮਿਲੇ ਸਨ। ਉਨ੍ਹਾਂ ਭਰੋਸਾ ਦਿਵਾਇਆ ਸੀ ਕਿ ਸਮਾਨ ਦਾ ਪੂਰੀ ਤਰ੍ਹਾਂ ਤਬਾਦਲਾ ਹੋਣ ਤੋਂ ਪਹਿਲਾਂ ਪਹਿਲਾਂ ਪੰਦਰਾਂ ਦਿਨਾਂ ਦੇ ਅੰਦਰ ਅਦਾਇਗੀ ਕਰ ਦਿੱਤੀ ਜਾਵੇਗੀ। ਇਸ ਸੰਬੰਧੀ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਨੇ ਕਿਸੇ ਵੀ ਤਰ੍ਹਾਂ ਦੀ ਸਖਤ ਕਾਰਵਾਈ ਨਹੀਂ ਕੀਤੀ ਅਤੇ ਸਮਾਨ ਚੁੱਕਣ ’ਚ ਕੋਈ ਅੜਚਣ ਨਹੀਂ ਪਾਈ। ਪਰ ਬੋਰਡ ਦੇ ਅਧਿਕਾਰੀਆਂ ਵੱਲੋਂ ਕੋਈ ਅਦਾਇਗੀ ਸੰਬੰਧੀ ਟਾਲਮਟੋਲ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਲਗਪਗ ਸਾਰਾ ਸਮਾਨ ਚੁੱਕ ਲਿਆ ਹੈ। ਇਸ ਤਰ੍ਹਾਂ ਅਕਾਡਮੀ ਆਪਣੇ ਆਪ ਨੂੰ ਠੱਗੀ ਹੋਈ ਮਹਿਸੂਸ ਕਰਦੀ ਹੈ।
ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਪ੍ਰਧਾਨ ਡਾ. ਸੁਖਦੇਵ ਸਿੰਘ ਸਿਰਸਾ ਨੇ ਕਿਹਾ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਅਧਿਕਾਰੀਆਂ ਨੇ ਵਿਸਵਾਸ਼ਘਾਤ ਕੀਤਾ ਹੈ ਅਤੇ ਇਸ ਵਿਚ ਸਥਾਨਕ ਅਧਿਕਾਰੀਆਂ ਤੋਂ ਲੈ ਕੇ ਉ¤ਚ ਅਧਿਕਾਰੀ ਸ਼ਾਮਲ ਹਨ।
ਯਾਦ ਰਹੇ ਕਿ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਲੇਖਕਾਂ ਦੇ ਫ਼ੰਡਾਂ ਅਤੇ ਭਵਨ ’ਚੋਂ ਆਉਂਦੇ ਕਿਰਾਏ ਦੇ ਸਿਰ ’ਤੇ ਹੀ ਸਾਰੀਆਂ ਸਰਗਰਮੀਆਂ ਕਰਦੀ ਹੈ। ਇਸ ਲਈ ਪੰਜਾਬ ਸਕੂਲ ਸਿੱਖਿਆ ਵਿਭਾਗ ਦਾ ਇਹ ਵਤੀਰਾ ਬਹੁਤ ਹੀ ਮੰਦਭਾਗਾ ਤੇ ਪੰਜਾਬੀ ਵਿਰੋਧੀ ਹੈ।
ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਅਹੁਦੇਦਾਰ ਅਤੇ ਸਮੂਹ ਮੈਂਬਰ ਸਿੱਖਿਆ ਮੰਤਰੀ ਤੋਂ ਮੰਗ ਕਰਦੇ ਹਨ ਕਿ ਇਸ ਮਾਮਲੇ ਵਿਚ ਦਖ਼ਲ ਅੰਦਾਜ਼ੀ ਕਰਕੇ 3,37,154/-ਰੁਪਏ ਅਦਾ ਕਰਨ ਸੰਬੰਧੀ ਫੌਰੀ ਤੌਰ ’ਤੇ ਕਾਰਵਾਈ ਕੀਤੀ ਜਾਵੇ ਅਤੇ ਇਸ ਅਮਲੇ ਦੀ ਜਾਂਚ ਕਰਵਾ ਕੇ ਸਿੱਖਿਆ ਬੋਰਡ ਦੇ ਉਨ੍ਹਾਂ ਕਰਮਚਾਰੀਆਂ ਖ਼ਿਲਾਫ਼ ਵਿਭਾਗੀ ਅਨੁਸਾਸ਼ਨੀ ਕਾਰਵਾਈ ਕੀਤੀ ਜਾਵੇ ਜਿਨ੍ਹਾਂ ਨੇ ਕਿਰਾਇਆ ਦੇਣ ਵਿਚ ਬੇਲੋੜੀ ਦੇਰੀ ਕਰਰਹੇ ਹਨ। ਯਾਦ ਰਹੇ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਇਸ ਡਿਪੂ ਰਾਹੀਂ ਕਰੋੜਾਂ ਰੁਪਏ ਸਾਲਾਨਾ ਕਮਾਈ ਕੀਤੀ ਹੈ।