ਨਵੀਂ ਦਿੱਲੀ : 1984 ਸਿੱਖ ਕਤਲੇਆਮ ਵਿਚ ਮਾਰੇ ਗਏ ਸਿੱਖਾਂ ਦੀ ਯਾਦ ’ਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਰਦਾਸ ਸਮਾਗਮ ਦਾ ਆਯੋਜਨ ਕੀਤਾ ਗਿਆ। ਗੁਰਦੁਆਰਾ ਬੰਗਲਾ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੀ ਸਮਾਪਤੀ ਉਪਰੰਤ 1984 ਸਿੱਖ ਕਤਲੇਆਮ ਦੀ ਯਾਦਗਾਰ ‘ਸੱਚ ਦੀ ਕੰਧ’ ’ਤੇ ਹੋਏ ਅਰਦਾਸ ਸਮਾਗਮ ਦੌਰਾਨ ਕਈ ਧਾਰਮਿਕ ਅਤੇ ਸਿਆਸੀ ਸਖ਼ਸ਼ੀਅਤਾਂ ਨੇ ਹਾਜਰੀ ਭਰੀ। ਪੰਜਾਬ ਦੇ ਸਾਬਕਾ ਉਪ ਮੁਖਮੰਤਰੀ ਸੁਖਬੀਰ ਸਿੰਘ ਬਾਦਲ ਨੇ ਆਪਣੀ ਤਕਰੀਰ ਦੌਰਾਨ ਦਿੱਲੀ ਕਮੇਟੀ ਨੂੰ ਯਾਦਗਾਰ ’ਤੇ ਕਤਲੇਆਮ ਦੀ ਜਾਣਕਾਰੀ ਦੇਣ ਵਾਲਾ ‘ਲਾਈਟ ਐਂਡ ਸਾਊਂਡ ਸ਼ੋਅ’ ਰੋਜ਼ਾਨਾ ਚਲਾਉਣ ਅਤੇ ਸ਼੍ਰੋਮਣੀ ਕਮੇਟੀ ਨੂੰ ਕਤਲੇਆਮ ਸਬੰਧੀ ਯਾਦਗਾਰ ਦੀ ਉਸਾਰੀ ਅੰਮ੍ਰਿਤਸਰ ਵਿਖੇ ਕਰਨ ਦਾ ਵੀ ਸੁਝਾਵ ਦਿੱਤਾ।
ਬਾਦਲ ਨੇ ਕਿਹਾ ਕਿ ਅਜ਼ਾਦੀ ਦੀ ਲੜਾਈ ਦੌਰਾਨ ਸਭ ਤੋਂ ਵੱਧ ਕੁਰਬਾਨੀ ਸਿੱਖ ਕੌਮ ਨੇ ਦਿੱਤੀ ਪਰ ਸਾਬਕਾ ਪ੍ਰਧਾਨਮੰਤਰੀ ਰਾਜੀਵ ਗਾਂਧੀ ਦੀ ਸਰਪ੍ਰਸਤੀ ਹੇਠ ਸਿੱਖਾਂ ਦਾ ਕਤਲੇਆਮ ਕਰਕੇ ਸਿੱਖਾਂ ਦੀ ਕੁਰਬਾਨੀਆਂ ’ਤੇ ਲੂਣ ਛਿੜਕਿਆ ਗਿਆ। ਸਭ ਜਾਣਦੇ ਹਨ ਕਿ ਕਤਲੇਆਮ ਕਿਸਨੇ, ਕਿਉਂ ਅਤੇ ਕਿਸ ਦੀ ਸਹਿ ’ਤੇ ਕਰਵਾਇਆ। ਬਾਦਲ ਨੇ ਕਿਹਾ ਕਿ ਕਾਤਲਾਂ ਨੂੰ ਉੱਚੇ ਅਹੁਦੇ ਦੇਣ ਵਾਲੀ ਕਾਂਗਰਸ ਪਾਰਟੀ ਪੰਜਾਬ ’ਚ ਇੰਦਰਾ ਗਾਂਧੀ ਦਾ ਬੁੱਤ ਲਗਾਕੇ ਬੇਇਨਸਾਫ਼ੀ ਦਾ ਮੁਜਾਹਿਰਾ ਕਰ ਰਹੀ ਹੈ। ਗੁਰੂ ਘਰਾਂ ’ਤੇ ਹਮਲਾ ਕਰਨ ਵਾਲੇ ਹੈਵਾਨ ਸਨ। ਸਰਕਾਰਾਂ ਨੇ ਸਾਨੂੰ ਕਤਲੇਆਮ ਦੀ ਯਾਦਗਾਰ ਬਣਾਉਣ ਲਈ ਥਾਂ ਵੀ ਨਹੀਂ ਦਿੱਤੀ। ਪਰ ਦਿੱਲੀ ਕਮੇਟੀ ਮੁਬਾਰਕ ਦੀ ਹੱਕਦਾਰ ਹੈ ਜਿਨ੍ਹਾਂ ਨੇ ਕਾਂਗਰਸ ਵੱਲੋਂ ਅੜ੍ਹਿਕੇ ਖੜੇ ਕਰਨ ਦੇ ਬਾਵਜੂਦ ਇਸ ਕਾਰਜ ਨੂੰ ਸਿਰੇ ਚੜਾਇਆ।
ਆਉਣ ਵਾਲੀ ਪਨ੍ਹੀਰੀ ਨੂੰ ਕਤਲੇਆਮ ਦੀ ਜਾਣਕਾਰੀ ਦੇਣ ਲਈ ਰੋਜ਼ਾਨਾ ਲਾਈਟ ਐਂਡ ਸਾਉਂਡ ਸ਼ੋਅ ਚਲਾਉਣ ਦੀ ਬਾਦਲ ਨੇ ਵਕਾਲਤ ਕੀਤੀ। ਸ਼੍ਰੋਮਣੀ ਅਕਾਲੀ ਦਲ ਦੀ ਸਿੱਖਾਂ ਨੂੰ ਕਤਲੇਆਮ ਦਾ ਇਨਸਾਫ਼ ਦਿਵਾਉਣ ਲਈ ਵੱਚਨਬੱਧਤਾ ਹੋਣ ਦਾ ਦਾਅਵਾ ਕਰਦੇ ਹੋਏ ਬਾਦਲ ਨੇ ਕੌਮ ਨੂੰ ਇਨਸਾਫ ਦੀ ਲੜਾਈ ਲੜਨ ਦੀ ਪ੍ਰੇਰਣਾ ਕੀਤੀ। ਇਸਤੋਂ ਪਹਿਲਾ ਸਕੂਲੀ ਬੱਚਿਆਂ ਨੇ ਸ਼ਬਦ ਗਾਇਨ ਵੀ ਕੀਤਾ। ਸਰਬ ਧਰਮ ਸੰਸਦ ਦੇ ਵੱਖ-ਵੱਖ ਆਗੂਆਂ ਨੇ ਵੀ ਇਸ ਮੌਕੇ ਹਾਜ਼ਰੀ ਭਰੀ। ਗੁਰਦੁਆਰਾ ਬੰਗਲਾ ਸਾਹਿਬ ਦੇ ਹੈਡ ਗ੍ਰੰਥੀ ਗਿਆਨੀ ਰਣਜੀਤ ਸਿੰਘ ਨੇ ਸ਼ਹੀਦਾਂ ਨਮਿੱਤ ਅਰਦਾਸ ਕੀਤੀ।
ਸਟੇਜ ਸਕੱਤਰ ਦੀ ਸੇਵਾ ਨਿਭਾਉਂਦੇ ਹੋਏ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਸੰਗਤਾਂ ਪਾਸੋਂ 2 ਮੱਤੇ ਵੀ ਪ੍ਰਵਾਨ ਕਰਵਾਏ। ਜਿਸ ’ਚ ਪਹਿਲੇ ਮੱਤੇ ਅਨੁਸਾਰ ਦਿੱਲੀ ਸਰਕਾਰ ਵੱਲੋਂ 1984 ਕਤਲੇਆਮ ਦੇ ਪੀੜਿਤਾਂ ਨੂੰ ਦਿੱਤੇ ਗਏ ਫਲੈਟਾਂ ਦਾ ਮਾਲਿਕਾਨਾਂ ਹੱਕ ਪੀੜਿਤਾਂ ਨੂੰ ਦੇਣ ਅਤੇ ਦੂਜੇ ਮੱਤੇ ’ਚ ਕਾਂਗਰਸ ਆਗੂ ਸੱਜਣ ਕੁਮਾਰ ਨੂੰ ਤਿਹਾੜ ਜੇਲ੍ਹ ਭੇਜਣ ਵਾਸਤੇ ਕਤਲੇਆਮ ਦੇ ਇੱਕ ਮਾਮਲੇ ਨੂੰ ਲੈ ਕੇ 1992 ਵਿਖੇ ਨਾਂਗਲੋਈ ਥਾਣੇ ’ਚ ਦਰਜ ਹੋਈ ਐਫ.ਆਈ.ਆਰ. ਦੀ ਚਾਰਜਸ਼ੀਟ ਤੁਰੰਤ ਅਦਾਲਤ ’ਚ ਪੇਸ਼ ਕਰਨ ਦੀ ਕੇਂਦਰ ਸਰਕਾਰ ਪਾਸੋਂ ਮੰਗ ਕੀਤੀ ਗਈ। ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ 1984 ਦੇ ਦੁਖਾਂਤ ਦਾ ਸ਼ਾਬਦਿਕ ਚਿੱਤਰਣ ਕਰਦੇ ਹੋਏ ਭਾਰਤ ਦਾ ਨਾਂ ਹਿੰਦੂਸਤਾਨ ਪਹਿਲੀ ਵਾਰ ਗੁਰੂ ਨਾਨਕ ਸਾਹਿਬ ਵੱਲੋਂ ਗੁਰਬਾਣੀ ’ਚ ਕਹੇ ਜਾਣ ਦਾ ਹਵਾਲਾ ਦਿੱਤਾ। ਜੀ.ਕੇ. ਨੇ ਕਿਹਾ ਕਿ ਕਾਤਲਾਂ ਨੇ ਇਹ ਨਹੀਂ ਦੇਖਿਆ ਸੀ ਕਿ ਸਿੱਖ ਕਿਹੜੀ ਪਾਰਟੀ ਨਾਲ ਸਬੰਧਿਤ ਹੈ। ਪਰ ਉਸਦੀ ਸਿਰਫ ਪੱਗ ਕਰਕੇ ਹੀ ਉਸਨੂੰ ਮੌਤ ਪ੍ਰਾਪਤ ਹੋਈ। ਜੀ.ਕੇ. ਨੇ ਕਿਹਾ ਕਿ ਜੇਕਰ 1984 ਕਤਲੇਆਮ ਦਾ ਸਿੱਖਾਂ ਨੂੰ ਇਨਸਾਫ਼ ਮਿਲ ਜਾਂਦਾ ਤਾਂ ਸ਼ਾਇਦ ਉਸਤੋਂ ਬਾਅਦ ਦੇਸ਼ ’ਚ ਗੋਧਰਾ ਕਾਂਡ ਜਾਂ ਅਜਿਹੇ ਦੰਗੇ ਹੋਰ ਨਾ ਹੁੰਦੇ। ਜੀ.ਕੇ. ਨੇ ਵਿਅੰਗ ਲਹਿਜੇ ’ਚ ਕਿਹਾ ਕਿ ਜਦ ਤਕ ਵੋਟਾਂ ਦੇ ਲਈ ਧਰਮ ਬੱਕਰਾ ਬਣਦਾ ਰਹੇਗਾ ਤਦੋਂ ਤਕ ਸੱਚ ਦੀ ਕੰਧਾ ਦੀ ਉਸਾਰੀ ਜਾਰੀ ਰਹੇਗੀ। ਇਹ ਕਿਸੇ ਵੀ ਧਰਮ ਦੇ ਨਾਲ ਭਵਿੱਖ ’ਚ ਹੋ ਸਕਦਾ ਹੈ।
ਸੁਪਰੀਮ ਕੋਰਟ ਦੀ ਨਿਰਪਖਤਾ ’ਤੇ ਨਿਸ਼ਾਨਾ ਲਗਾਉਂਦੇ ਹੋਏ ਜੀ.ਕੇ. ਨੇ ਕਿਹਾ ਕਿ ਗੁਜਰਾਤ ਦੰਗਿਆ ’ਚ ਤਾਂ ਸੁਪਰੀਮ ਕੋਰਟ ਖੁਦ ਐਸ.ਆਈ.ਟੀ. ਬਣਾਉਂਦੀ ਹੈ ਪਰ ਸਿੱਖ ਕਤਲੇਆਮ ’ਤੇ ਕੇਂਦਰ ਸਰਕਾਰ ਉਸ ਵੇਲੇ ਐਸ.ਆਈ.ਟੀ. ਬਣਾਉਂਦੀ ਹੈ ਜਦੋਂ ਜਿਆਦਾਤਰ ਗਵਾਹ ਗਵਾਹੀ ਦੇਣ ਦੀ ਹਾਲਾਤ ਵਿਚ ਹੀ ਨਹੀਂ ਰਹੇ। ਮੋਦੀ ਸਰਕਾਰ ਨੂੰ ਚੇਤਾਵਨੀ ਦਿੰਦੇ ਹੋਏ ਜੀ.ਕੇ. ਨੇ ਕਿਹਾ ਕਿ ਅੱਗ ਲਾ ਦਿਓ, ਨੌਕਰੀਆਂ ਅਤੇ ਮੁਆਵਜਿਆਂ ਨੂੰ ਪਰ ਸਾਨੂੰ ਇਨਸਾਫ਼ ਦੇ ਦਿਓ। ਯਾਦ ਰੱਖਿਓ ਜੇ ਤੁਹਾਡੀ ਸਰਕਾਰ ਸਿੱਖਾਂ ਨੂੰ ਇਨਸਾਫ਼ ਦਿਵਾਉਣ ’ਚ ਨਾਕਾਮ ਰਹੀ ਤਾਂ ਇਹ ਕੌਮ ਕਦੇ ਤੁਹਾਨੂੰ ਮੁਆਫ ਨਹੀਂ ਕਰੇਗੀ।
ਸਿਰਸਾ ਨੇ ਕਿਹਾ ਕਿ ਸਿੱਖਾਂ ਦਾ ਕਤਲ ਗਿਣੀ-ਮਿੱਥੀ ਸਾਜਿਸ਼ ਤਹਿਤ ਹੋਇਆ ਸੀ। ਇਸ ਵਾਸਤੇ ਇਹ ਯਾਦਗਾਰ ਉਹਨਾਂ ਲੋਕਾਂ ਨੂੰ ਸਮਰਪਿਤ ਹੈ ਜਿਨ੍ਹਾਂ ਨੇ ਸਾਨੂੰ ਇਨਸਾਫ਼ ਨਹੀਂ ਦਿੱਤਾ ਸਗੋਂ ਕਤਲੇਆਮ ਕੀਤਾ। ਸਾਬਕਾ ਕਮੇਟੀ ਪ੍ਰਬੰਧਕਾਂ ਵੱਲੋਂ ਯਾਦਗਾਰ ਨੂੰ ਬਣਾਉਣ ਤੋਂ ਰੋਕਣ ਲਈ ਕੀਤੀਆਂ ਗਈਆਂ ਕੋਸ਼ਿਸ਼ਾਂ ਦੀ ਸਿਰਸਾ ਨੇ ਨਿਖੇਧੀ ਕੀਤੀ। ਪਿੱਛਲੇ 33 ਸਾਲਾਂ ਤੋਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਇਸ ਮਸਲੇ ’ਤੇ ਲੜੀ ਗਈ ਲੜਾਈ ਦਾ ਵੀ ਸਿਰਸਾ ਨੇ ਹਵਾਲਾ ਦਿੱਤਾ। 2012 ’ਚ ਪੰਜਾਬੀ ਬਾਗ ਵਿਖੇ ਇੱਕ ਪਾਰਕ ਦਾ ਨਾਂ ਕਤਲੇਆਮ ਦੀ ਯਾਦ ’ਚ ਨਾ ਰੱਖਣ ਦੀ ਕਾਂਗਰਸ ਸਰਕਾਰ ਵੱਲੋਂ ਦਿੱਤੀ ਗਈ ਮਨਜੂਰੀ ਨੂੰ ਚੇਤਾ ਕਰਦੇ ਹੋਏ ਸਿਰਸਾ ਨੇ ਦਿੱਲੀ ਕਮੇਟੀ ਵੱਲੋਂ ਬਣਾਈ ਗਈ ਯਾਦਗਾਰ ਨੂੰ ਸੰਗਤਾਂ ਨੂੰ ਕੀਤੇ ਗਏ ਵਾਇਦੇ ਨੂੰ ਪੂਰਾ ਕਰਨ ਦੇ ਤੌਰ ’ਤੇ ਪਰਿਭਾਸ਼ਿਤ ਕੀਤਾ।
ਮੁਖ ਇਮਾਮ ਸੈਯਦ ਉਮਰ ਅਹਿਮਦ ਇਲਿਆਸੀ ਨੇ ਕਿਹਾ ਕਿ ਉਹ ਸਿੱਖਾਂ ਦੇ ਦਰਦ ’ਚ ਸ਼ਰੀਕ ਹੋ ਕੇ ਏਕਤਾ ਤੇ ਭਾਈਚਾਰੇ ਦਾ ਪੈਗਾਮ ਦੇਣ ਲਈ ਇੱਥੇ ਆਏ ਹਨ। ਜੋ ਕੁਝ 1984 ’ਚ ਹੋਇਆ ਉਹਨਾਂ ਨੇ ਆਪਣੀ ਅੱਖਾਂ ਨਾਲ ਵੇਖਿਆ ਸੀ। ਕਾਤਲਾਂ ਨੂੰ ਸ਼ੈਤਾਨ ਦੱਸਦੇ ਹੋਏ ਮੁਖ ਇਮਾਮ ਨੇ ਸਿੱਖਾਂ ਨੂੰ ਇਨਸਾਫ਼ ਦੀ ਲੜਾਈ ਜਾਰੀ ਰੱਖਣ ਦੀ ਸਲਾਹ ਦਿੱਤੀ। ਮਿਆਂਮਾਰ ਤੋਂ ਉਜੜ ਕੇ ਆਏ ਰੋਹਿੰਗਾਂ ਮੁਸਲਮਾਨਾਂ ਨੂੰ ਬੰਗਲਾ ਦੇਸ਼ ਬਾਰਡਰ ’ਤੇ ਸਿੱਖਾਂ ਵੱਲੋਂ ਲੰਗਰ ਛਕਾਉਣ ਦੀ ਕੀਤੀ ਗਈ ਸੇਵਾ ਦਾ ਜਿਕਰ ਕਰਦੇ ਹੋਏ ਇਲਿਆਸੀ ਨੇ ਕਿਹਾ ਕਿ ਉਹ ਇਸ ਮਸਲੇ ’ਤੇ ਸਿੱਖਾਂ ਦਾ ਸ਼ੁਕਰਿਆਂ ਅਦਾ ਨਹੀਂ ਕਰਨਗੇ ਸਗੋਂ ਅੱਲ੍ਹਾ ਅੱਗੇ ਦੁਆ ਕਰਨਗੇ ਕਿ ਇਨਸਾਨੀਅਤ ਨੂੰ ਜਿੰਦਾ ਰੱਖਣ ਦੀ ਮੁਹਿੰਮ ਜਾਰੀ ਰਹਿਣੀ ਚਾਹੀਦੀ ਹੈ। ਸਰਕਾਰ ਤੋਂ ਇਨਸਾਫ਼ ਦੀ ਉਮੀਦ ਜਰੂਰ ਕਰੋ ਪਰ ਅੱਲ੍ਹਾ ਇਨਸਾਫ਼ ਜਰੂਰ ਦੇਵੇਗਾ। ਸਿੱਖਾਂ ਨੂੰ ਆਪਣੀ ਵਿਲੱਖਣ ਪਹਿਚਾਣ ਬਚਾਉਣ ਦੀ ਨਸੀਹਤ ਦਿੰਦੇ ਹੋਏ ਉਨ੍ਹਾਂ ਨੇ ਕਿਹਾ ਕਿ ਦਾੜ੍ਹੀ ਚਿਹਰੇ ਦਾ ਨੂਰ ਅਤੇ ਪੱਗ ਸਿਰ ਦਾ ਤਾਜ਼ ਹੁੰਦੀ ਹੈ।
ਪੱਛਮੀ ਦਿੱਲੀ ਤੋਂ ਲੋਕਸਭਾ ਮੈਂਬਰ ਪਰਵੇਸ਼ ਵਰਮਾ ਨੇ ਆਪਣੇ ਸਾਂਸਦ ਫੰਡ ’ਚੋਂ ਢਾਈ ਕਰੋੜ ਰੁਪਏ ਪੀੜਿਤ ਪਰਿਵਾਰਾਂ ਦੀ ਕਾੱਲੋਨੀਆਂ ਦੀ ਨੁਹਾਰ ਬਦਲਣ ਵਾਸਤੇ ਵਰਤਣ ਦਾ ਭਰੋਸਾ ਦਿੰਦੇ ਹੋਏ ਦਿੱਲੀ ਵਿਖੇ ਕਾਂਗਰਸ ਦੇ ਨਾਲ ਅੱਜੇ ਵੀ ਸਿੱਖਾਂ ਦੀ ਸਾਂਝ ਹੋਣ ’ਤੇ ਹੈਰਾਨੀ ਜਤਾਈ। ਇਸ ਮੋਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਜਸਬੀਰ ਸਿੰਘ ਰੋਡੇ, ਰਾਜਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ, ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਾਬਕਾ ਵਾਇਸ ਚਾਂਸਲਰ ਡਾ. ਜਸਪਾਲ ਸਿੰਘ, ਸਾਬਕਾ ਰਾਜਸਭਾ ਮੈਂਬਰ ਤ੍ਰਿਲੋਚਨ ਸਿੰਘ, ਸੀਨੀਅਰ ਅਕਾਲੀ ਆਗੂ ਅਵਤਾਰ ਸਿੰਘ ਹਿਤ, ਓਂਕਾਰ ਸਿੰਘ ਥਾਪਰ, ਕੁਲਦੀਪ ਸਿੰਘ ਭੋਗਲ ਸਣੇ ਦਿੱਲੀ ਕਮੇਟੀ ਦੇ ਸਮੂਹ ਅਹੁਦੇਦਾਰ ਅਤੇ ਮੈਂਬਰ ਸਾਹਿਬਾਨ ਮੌਜੂਦ ਸਨ।