ਫ਼ਤਹਿਗੜ੍ਹ ਸਾਹਿਬ – “ਭਾਰਤ ਦੀ ਮੋਦੀ ਹਕੂਮਤ, ਭਾਰਤੀ ਪਾਰਲੀਮੈਂਟ, ਸੁਪਰੀਮ ਕੋਰਟ, ਇਥੋ ਦੀ ਪ੍ਰੈਸ, ਕਾਂਗਰਸ ਜਮਾਤ ਅਤੇ ਬਾਦਲ-ਬੀਜੇਪੀ ਆਦਿ ਜਮਾਤਾਂ ਦੇ ਜੇਕਰ ਅਜੋਕੀਆ ਕਾਰਵਾਈਆ ਉਤੇ ਨਿਰਪੱਖਤਾ ਨਾਲ ਨਜ਼ਰ ਮਾਰੀ ਜਾਵੇ ਤਾਂ ਸਭਨਾਂ ਦੇ ਅਮਲ ਅਜਿਹੇ ਹਨ ਜਿਸ ਨਾਲ ਪੰਜਾਬ ਸੂਬੇ ਤੇ ਸਿੱਖ ਕੌਮ ਦੇ ਅਮਨ-ਚੈਨ ਨੂੰ ਸਾਜ਼ਸੀ ਢੰਗਾਂ ਰਾਹੀ ਡੂੰਘੀ ਸੱਟ ਮਾਰੀ ਜਾ ਰਹੀ ਹੈ । ਬੀਤੇ ਦਿਨਾਂ ਦੇ ਉਪਰੋਕਤ ਸਿਆਸੀ ਜਮਾਤਾਂ ਅਤੇ ਸਿਆਸਤਦਾਨਾਂ ਵੱਲੋਂ ਜੋ ਅਖ਼ਬਾਰਾਂ ਵਿਚ ਇਸਤਿਹਾਰਬਾਜੀ ਕੀਤੀ ਗਈ ਹੈ, ਉਹ ਕਾਂਗਰਸ ਵੱਲੋ ਸਿੱਖ ਕੌਮ ਦੀ ਕਾਤਲ ਮਰਹੂਮ ਇੰਦਰਾ ਗਾਂਧੀ ਦੀ ਇਸਤਿਹਾਰਬਾਜੀ ਕਰਕੇ, ਉਸਦੇ ਪੰਜਾਬ ਵਿਚ ਬੁੱਤ ਲਗਾਉਣ ਦਾ ਪ੍ਰਚਾਰ ਕਰਕੇ ਸਿੱਖ ਕੌਮ ਦੇ ਅਮਨ-ਚੈਨ ਨੂੰ ਖੁੱਲ੍ਹੇਆਮ ਚੁਣੋਤੀ ਦਿੱਤੀ ਜਾ ਰਹੀ ਹੈ । ਦੂਸਰੇ ਪਾਸੇ ਮੋਦੀ, ਬੀਜੇਪੀ ਅਤੇ ਬਾਦਲ ਦਲ ਵੱਲੋਂ ਸਿੱਖ ਕੌਮ ਨੂੰ ਜ਼ਰਾਈਮ ਪੇਸ਼ਾ ਕਰਾਰ ਦੇਣ ਵਾਲੇ ‘ਪਟੇਲ’ ਦੀਆਂ ਤਸਵੀਰਾਂ ਦੇ ਕੇ ਉਸਦੇ ਬੁੱਤ ਲਗਾਉਣ ਦੀਆਂ ਗੱਲਾਂ ਕਰਕੇ ਪੰਜਾਬ ਨੂੰ ਫਿਰ ਤੋਂ ਅੱਗ ਦੀ ਭੱਠੀ ਵਿਚ ਝੋਕਣ ਦੇ ਦੁੱਖਦਾਇਕ ਅਮਲ ਹੋ ਰਹੇ ਹਨ । ਫਿਰ ਭਾਰਤੀ ਪਾਰਲੀਮੈਂਟ ਵਿਚ ਸਿੱਖ ਕੌਮ ਤੇ ਪੰਜਾਬ ਸੂਬੇ ਨੂੰ ਇਨਸਾਫ਼ ਦੇਣ ਲਈ ਅੱਜ ਤੱਕ ਕੋਈ ਅਮਲ ਹੀ ਨਹੀਂ ਹੋਇਆ ਅਤੇ ਨਾ ਹੀ ਪਾਰਲੀਮੈਂਟ ਵਿਚ ਪੰਜਾਬ ਸੂਬੇ ਤੇ ਸਿੱਖ ਕੌਮ ਦੇ ਹੱਕ-ਹਕੂਕਾਂ ਅਤੇ ਉਨ੍ਹਾਂ ਨਾਲ ਹੋ ਰਹੀਆ ਬੇਇਨਸਾਫ਼ੀਆਂ ਦੀ ਆਵਾਜ਼ ਬੁਲੰਦ ਕਰਨ ਲਈ ਕੋਈ ਨੁਮਾਇੰਦਾ ਹੈ । ਜੋ ਪੰਜਾਬ ਤੋ ਨੁਮਾਇੰਦੇ ਹਨ, ਉਹ ਆਪੋ-ਆਪਣੀਆ ਜਮਾਤਾਂ ਕਾਂਗਰਸ ਜਾਂ ਬੀਜੇਪੀ ਦੀਆਂ ਫਿਰਕੂ ਨੀਤੀਆਂ ਨੂੰ ਉਤਸਾਹਿਤ ਕਰਕੇ ਆਪਣੇ ਸਿਆਸੀ ਆਕਾਵਾਂ ਨੂੰ ਖੁਸ਼ ਕਰਨ ਅਤੇ ਇਸਦੇ ਇਵਜ ਵੱਜੋ ਸਿਆਸੀ ਤੇ ਮਾਲੀ ਫਾਇਦੇ ਲੈਣ ਲਈ ਮਸਰੂਫ ਹਨ । ਜਿਥੋ ਤੱਕ ਸੁਪਰੀਮ ਕੋਰਟ ਦੀ ਗੱਲ ਹੈ, ਉਥੇ ਵੀ ਸਿੱਖ ਕੌਮ ਦੀ ਕੋਈ ਸੁਣਵਾਈ ਨਹੀਂ ਅਤੇ ਨਾ ਹੀ ਕਾਬਲ ਸਿੱਖ ਜੱਜਾਂ ਨੂੰ ਸੁਪਰੀਮ ਕੋਰਟ ਵਿਚ ਲਗਾਇਆ ਜਾ ਰਿਹਾ ਹੈ । ਪਠਾਨਕੋਟ ਅਤੇ ਦੀਨਾਨਗਰ ਵਿਚ ਹੋਏ ਹਮਲਿਆ ਦੀ ਤਫ਼ਤੀਸ ਨਾ ਤਾਂ ਸੀ.ਬੀ.ਆਈ. ਨੇ ਕੀਤੀ ਹੈ ਅਤੇ ਨਾ ਹੀ ਆਈ.ਐਨ.ਏ. ਨੇ । ਫਿਰ ਇਥੋ ਦੇ ਮਾਹੌਲ ਨੂੰ ਵਿਸਫੋਟਕ ਬਣਾਉਣ ਲਈ ਇਹ ਹੁਕਮਰਾਨ ਤੇ ਏਜੰਸੀਆ ਹੀ ਜਿੰਮੇਵਾਰ ਹਨ ਨਾ ਕਿ ਸਿੱਖ ਕੌਮ ਜਾਂ ਪੰਜਾਬੀ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪੰਜਾਬ ਸੂਬੇ ਦੇ ਅਤੇ ਸਿੱਖ ਕੌਮ ਦੇ ਅਮਨ-ਚੈਨ, ਸਮਾਜਿਕ ਕਦਰਾ-ਕੀਮਤਾ ਨੂੰ ਸਭ ਸਿਆਸੀ ਜਮਾਤਾਂ, ਭਾਰਤ ਦੇ ਹੁਕਮਰਾਨਾਂ, ਕਾਂਗਰਸ, ਬਾਦਲ-ਬੀਜੇਪੀ, ਸੁਪਰੀਮ ਕੋਰਟ, ਇਥੋ ਦੀ ਪੱਖਪਾਤੀ ਪ੍ਰੈਸ, ਸੀ.ਬੀ.ਆਈ. ਆਈ.ਐਨ.ਏ. ਵਰਗੀਆ ਏਜੰਸੀਆਂ ਦੀ ਨਕਾਰਤਮਿਕ ਅਤੇ ਬੇਸਿੱਟਾ ਕਾਰਵਾਈਆ ਨੂੰ ਸਿੱਧੇ ਤੌਰ ਤੇ ਜਿੰਮੇਵਾਰ ਠਹਿਰਾਉਦੇ ਹੋਏ ਅਤੇ ਪੰਜਾਬ ਵਿਚ ਫਿਰ ਤੋ ਲਾਬੂ ਲਗਾਉਣ ਦੀਆਂ ਸਾਜਿ਼ਸਾਂ ਨੂੰ ਚੁਣੋਤੀ ਦਿੰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜਮਹੂਰੀਅਤ ਅਤੇ ਸੱਚ ਦਾ ਅਜੋਕੇ ਸਮੇਂ ਵਿਚ ਚੌਥਾਂ ਥੰਮ੍ਹ ਪ੍ਰੈਸ ਅਤੇ ਮੀਡੀਆ ਹੈ । ਜਿਸ ਨੇ ਮੁਲਕ ਵਿਚ ਹਰ ਹੋਣ ਵਾਲੀ ਕਾਰਵਾਈ ਜਾਂ ਸਰਕਾਰਾਂ ਅਤੇ ਸਿਆਸਤਦਾਨਾਂ ਦੇ ਅਮਲਾਂ ਦੀ ਸਮਿੱਖਿਆ ਕਰਦੇ ਹੋਏ ਨਿਵਾਸੀਆ ਨੂੰ ਸੱਚ ਅਤੇ ਝੂਠ ਤੋਂ ਜਾਣੂ ਕਰਵਾਉਣਾ ਹੁੰਦਾ ਹੈ । ਪਰ ਦੁੱਖ ਅਤੇ ਅਫਸੋਸ ਹੈ ਕਿ ਇਹ ਪ੍ਰੈਸ ਅਤੇ ਮੀਡੀਆ ਵੀ ਹੁਕਮਰਾਨੀ ਰੰਗ ਵਿਚ ਰੰਗਕੇ ਸੱਚ ਨੂੰ ਛੁਪਾਉਣ ਅਤੇ ਗੁੰਮਰਾਹਕੁੰਨ ਝੂਠ ਨੂੰ ਉਜਾਗਰ ਕਰਨ ਦੇ ਹੀ ਦੁੱਖਦਾਇਕ ਅਮਲ ਕਰ ਰਿਹਾ ਹੈ । ਇਕ ਤਾਂ ਉਪਰੋਕਤ ਸਿਆਸਤਦਾਨ, ਜਮਾਤਾਂ, ਨਿਜਾਮੀ ਸੰਸਥਾਵਾਂ, ਸਿੱਖ ਕੌਮ ਤੇ ਪੰਜਾਬੀਆਂ ਨੂੰ ਕੋਈ ਇਨਸਾਫ਼ ਦੇਣ ਦੇ ਅਮਲ ਨਹੀਂ ਕਰ ਰਹੀਆ । ਦੂਸਰਾ ਇਹ ਸਾਰੇ ‘ਸਰਬੱਤ ਦਾ ਭਲਾ’ ਮੰਗਣ ਵਾਲੀ ਸਿੱਖ ਕੌਮ ਨੂੰ ਮੀਡੀਏ ਵਿਚ ਝੂਠ ਤੇ ਅਧਾਰਿਤ ਬਦਨਾਮ ਕਰਨ ਦੇ ਦੁੱਖਦਾਇਕ ਅਮਲ ਵੀ ਕਰਦੇ ਆ ਰਹੇ ਹਨ ਅਤੇ ਸਿੱਖ ਕੌਮ ਦੇ ਸਤਿਕਾਰਿਤ ਅਕਸ ਨੂੰ ਕੌਮਾਂਤਰੀ ਪੱਧਰ ਤੇ ਧੂੰਦਲਾ ਕਰਨ ਦੀਆ ਸਾਜਿ਼ਸਾਂ ਕਰ ਰਹੇ ਹਨ । ਜਦੋਂ ਅਜਿਹੇ ਵਿਸਫੋਟਕ ਹਾਲਾਤ ਪੈਦਾ ਕਰਨ ਲਈ ਇਹ ਸਭ ਸੰਸਥਾਵਾਂ ਤੇ ਸਿਆਸਤਦਾਨ ਹੀ ਜਿੰਮੇਵਾਰ ਹਨ, ਫਿਰ ਸਿੱਖ ਕੌਮ ਨੂੰ ਕਿਸ ਲਈ ਬਦਨਾਮ ਕੀਤਾ ਜਾ ਰਿਹਾ ਹੈ ?
ਸ. ਮਾਨ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ 31 ਅਕਤੂਬਰ ਨੂੰ ਦਿੱਲੀ ਦੇ ਗੁਰਦੁਆਰਾ ਸ੍ਰੀ ਰਕਾਬਗੰਜ ਸਾਹਿਬ ਵਿਖੇ ਆਪਣੇ ਕੌਮੀ ਸ਼ਹੀਦਾਂ ਸ਼ਹੀਦ ਬੇਅੰਤ ਸਿੰਘ, ਸ਼ਹੀਦ ਸਤਵੰਤ ਸਿੰਘ ਦੀਆਂ ਸ਼ਹਾਦਤਾਂ ਨੂੰ ਮਨਾਉਦੇ ਹੋਏ ਸਰਧਾ ਦੇ ਫੁੱਲ ਭੇਟ ਕੀਤੇ ਅਤੇ ਆਪਣੇ ਗੌਰਵਮਈ ਤੇ ਇਨਸਾਫ਼ ਪਸੰਦ ਇਤਿਹਾਸ ਨੂੰ ਉਜਾਗਰ ਕਰਦੇ ਹੋਏ ਕੌਮੀ ਜਿੰਮੇਵਾਰੀਆ ਪੂਰਨ ਕੀਤੀਆ । ਪਰ ਦੁੱਖ ਅਤੇ ਅਫ਼ਸੋਸ ਹੈ ਉਥੇ ਨਾ ਤਾਂ ਆਪਣੇ ਆਪ ਨੂੰ ਪੰਥਕ ਕਹਾਉਣ ਵਾਲੇ ਦਲ, ਸਿੱਖ ਸਟੂਡੈਟ ਫੈਡਰੇਸ਼ਨ, ਬਾਦਲ ਦਲ, ਟਕਸਾਲਾ ਹੋਰ ਸਿੱਖ ਸੰਗਠਨ ਆਦਿ ਦੇ ਕਿਸੇ ਨੁਮਾਇੰਦੇ ਨੇ ਸਮੂਲੀਅਤ ਨਹੀਂ ਕੀਤੀ । ਫਿਰ ਗੱਲਾਂ ਇਹ ਸਾਰੇ ਸਿੱਖ ਕੌਮ, ਸਿੱਖ ਧਰਮ ਅਤੇ ਸਿੱਖਾਂ ਦੀਆਂ ਕਰ ਰਹੇ ਹਨ । ਇਥੋ ਤੱਕ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੋ ਸਿੱਖ ਕੌਮ ਦੀ ਪਾਰਲੀਮੈਟ ਹੈ, ਉਸ ਵੱਲੋ ਵੀ ਉਪਰੋਕਤ ਸ਼ਹੀਦਾਂ ਦੀ ਸ਼ਹਾਦਤ ਸਮੇਂ ਕੋਈ ਨੁਮਾਇੰਦਾ ਹਾਜ਼ਰ ਨਹੀਂ ਹੋਇਆ । ਪ੍ਰੌ. ਕਿਰਪਾਲ ਸਿੰਘ ਬਡੂੰਗਰ ਜੋ ਇਸਦੇ ਪ੍ਰਧਾਨ ਹਨ, ਉਨ੍ਹਾਂ ਵੱਲੋਂ ਅਤੇ ਐਸ.ਜੀ.ਪੀ.ਸੀ. ਦੀ ਅਗਜੈਕਟਿਵ ਦੇ ਕੁਝ ਮੈਬਰਾਂ ਵੱਲੋਂ ਜਰਨਲ ਹਰਬਖਸ ਸਿੰਘ, ਜਰਨਲ ਜਗਜੀਤ ਸਿੰਘ ਅਰੋੜਾ ਅਤੇ ਏਅਰ ਚੀਫ਼ ਮਾਰਸ਼ਲ ਅਰਜਣ ਸਿੰਘ ਜੀ ਦੀਆਂ ਫੋਟੋਆਂ ਸ੍ਰੀ ਦਰਬਾਰ ਸਾਹਿਬ ਦੇ ਸਿੱਖ ਅਜੈਬਘਰ ਵਿਚ ਸੁਸੋਭਿਤ ਕੀਤੀਆ ਗਈਆ, ਜੋ ਸਲਾਘਾਯੋਗ ਉੱਦਮ ਹੈ । ਪਰ ਜਰਨਲ ਸੁਬੇਗ ਸਿੰਘ ਜਿਨ੍ਹਾਂ ਨੇ ਸ੍ਰੀ ਦਰਬਾਰ ਸਾਹਿਬ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਅਜ਼ਮਤ ਦੀ ਰਾਖੀ ਲਈ ਸੰਤ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਿਆ ਨਾਲ ਮੋਹਰਲੀਆ ਕਤਾਰਾ ਵਿਚ ਖਲ੍ਹੋਕੇ ਕੌਮੀ ਜੰਗ ਲੜਦੇ ਹੋਏ ਸ਼ਹਾਦਤ ਦਿੱਤੀ, ਉਨ੍ਹਾਂ ਨੂੰ ਸ੍ਰ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਬਾਦਲ ਦਲੀਏ ਰਾਮ ਸਿੰਘ, ਰਜਿੰਦਰ ਸਿੰਘ ਮਹਿਤਾ, ਅਮਰਜੀਤ ਸਿੰਘ ਚਾਵਲਾ ਕਿਸ ਤਰ੍ਹਾਂ ਭੁੱਲ ਗਏ ? ਜਦੋਂਕਿ ਰਾਮ ਸਿੰਘ, ਰਜਿੰਦਰ ਸਿੰਘ ਮਹਿਤਾ ਅਤੇ ਅਮਰਜੀਤ ਸਿੰਘ ਚਾਵਲਾ ਜੋ ਇਹ ਫੋਟੋਆ ਸੁਸੋਭਿਤ ਕਰਦੇ ਹੋਏ ਪ੍ਰੋ. ਬਡੂੰਗਰ ਨਾਲ ਖੜ੍ਹੇ ਹਨ, ਉਹ ਤਾਂ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆ ਦੀ ਗੋਦ ਦਾ ਨਿੱਘ ਮਾਣਦੇ ਰਹੇ ਹਨ । ਫਿਰ ਇਹ ਆਗੂ ਜਾਂ ਬਾਦਲ ਦਲੀਏ ਹੁਣ ਜਰਨਲ ਸੁਬੇਗ ਸਿੰਘ ਦੀ ਮਹਾਨ ਕੁਰਬਾਨੀ ਅਤੇ ਉਨ੍ਹਾਂ ਦੀ ਸਤਿਕਾਰਿਤ ਫੋਟੋ ਸਿੱਖ ਅਜੈਬਘਰ ਵਿਚ ਸੁਸੋਭਿਤ ਕਰਨ ਤੋਂ ਕਿਉਂ ਭੱਜ ਰਹੇ ਹਨ ? ਕੀ ਹੁਣ ਉਨ੍ਹਾਂ ਨੂੰ ਸੰਤ ਜਰਨੈਲ ਸਿੰਘ ਜੀ ਦੀ ਗੋਦ ਦੀ ਨਿੱਘ ਯਾਦ ਨਹੀਂ ਰਹੀ ਜਾਂ ਫਿਰ ਉਹ ਮੌਕਾਪ੍ਰਸਤੀ ਦੀ ਸਿਆਸਤ ਵਿਚ ਉਲਝੇ ਹੋਏ ਹਨ ?