ਪਟਿਆਲਾ-: ਖ਼ੁਸ਼ੀ ਅਤੇ ਸੰਤੁਸ਼ਟੀ ਅਜਿਹੇ ਗਹਿਣੇ ਹਨ ਜਿਹੜੇ ਤੰਦਰੁਸਤ ਜੀਵਨ ਬਸਰ ਕਰਨ ਵਿਚ ਸਹਾਈ ਹੁੰਦੇ ਹਨ। ਜੇਕਰ ਅਸੀਂ ਆਪ ਖ਼ੁਸ਼ ਰਹਾਂਗੇ ਤਾਂ ਹੋਰਾਂ ਨੂੰ ਵੀ ਖ਼ੁਸ਼ ਰੱਖ ਸਕਾਂਗੇ। ਜ਼ਿੰਦਗੀ ਵਿਚ ਕੋਈ ਅਜਿਹੀ ਸਮੱਸਿਆ ਨਹੀਂ ਜਿਹੜੀ ਹਲ ਨਹੀਂ ਕੀਤੀ ਜਾ ਸਕਦੀ, ਜੇਕਰ ਤੁਸੀਂ ਖਿੜ੍ਹੇ ਮੱਥੇ ਉਸਦਾ ਮੁਕਾਬਲਾ ਕਰੋਗੇ ਤਾਂ ਸਫਲਤਾ ਤੁਹਾਡੇ ਪੈਰ ਚੁੰਮੇਗੀ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਫੀਜੀਓਥੀਰੈਪੀ ਵਿਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪ੍ਰੋਫ਼ੈਸਰ ਡਾ.ਨਰਕੀਸ਼ ਅਰੁਮੁਗਮ ਨੇ ਸੀਨੀਅਰ ਸਿਟੀਜ਼ਨਜ ਵੈਲਫੇਅਰ ਸੁਸਾਇਟੀ ਅਰਬਨ ਅਸਟੇਟ ਪਟਿਆਲਾ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ।ਉਨ੍ਹਾਂ ਅੱਗੋਂ ਕਿਹਾ ਕਿ ਜੀਵਨ ਵਿਚ ਦੁੱਖ ਅਤੇ ਸੁੱਖ ਹੋਣਾ ਕੁਦਰਤੀ ਹੈ। ਇਸੇ ਤਰ੍ਹਾਂ ਬੀਮਾਰੀ ਅਤੇ ਬੁਢਾਪਾ ਵੀ ਜ਼ਿੰਦਗੀ ਦਾ ਹਿੱਸਾ ਹਨ, ਇਹ ਟਾਲੇ ਨਹੀਂ ਜਾ ਸਕਦੇ, ਇਨ੍ਹਾਂ ਨੂੰ ਸਾਨੂੰ ਪ੍ਰਵਾਨ ਕਰਨਾ ਚਾਹੀਦਾ ਹੈ ਪ੍ਰੰਤੂ ਚਿੰਤਾ ਨਹੀਂ ਕਰਨੀ ਚਾਹੀਦੀ। ਹਾਲਾਤ ਨਾਲ ਨਿਪਟਣਾ ਸਿੱਖਣਾ ਜ਼ਰੂਰੀ ਹੈ। ਜੇਕਰ ਅਸੀਂ ਇਨ੍ਹਾਂ ਅਲਾਮਤਾਂ ਤੋਂ ਪਹਿਲਾਂ ਹੀ ਘਬਰਾ ਜਾਵਾਂਗੇ ਤਾਂ ਇਹ ਹੋਰ ਵੱਧਣਗੀਆਂ।
ਸਿਹਤਮੰਦ ਰਹਿਣ ਲਈ ਆਕਸੀਜਨ ਵਾਲੀ ਤਾਜਾ ਸਾਫ਼ ਹਵਾ ਅਤੇ ਸਵੱਛ ਪਾਣੀ ਜ਼ਰੂਰੀ ਹਨ। ਖੁਲ੍ਹੇ ਸਥਾਨ ਵਿਚ ਲੰਮੇ ਸਾਹ ਲੈਣ ਨਾਲ ਵੀ ਸਿਹਤਮੰਦ ਰਿਹਾ ਜਾ ਸਕਦਾ ਹੈ। ਇਸ ਲਈ ਕਸਰਤ ਅਤੇ ਸੈਰ ਵੀ ਖੁਲ੍ਹੇ ਹਵਾਦਾਰ ਸਥਾਨ ਵਿਚ ਕਰਨੀ ਚਾਹੀਦੀ ਹੈ। ਜਿੰਮਾਂ ਵਿਚ ਜਾ ਕੇ ਕਸਰਤ ਕਰਨੀ ਲਾਹੇਮੰਦ ਨਹੀਂ ਹੁੰਦੀ ਕਿਉਂਕਿ ਉਥੇ ਤਾਜਾ ਹਵਾ ਨਹੀਂ ਹੁੰਦੀ, ਉਸਦਾ ਉਲਟਾ ਅਸਰ ਹੁੰਦਾ ਹੈ। ਜਿੰਮ ਦੇ ਫ਼ੈਸ਼ਨ ਤੋਂ ਬੱਚਕੇ ਰਹਿਣਾ ਚਾਹੀਦਾ ਹੈ। ਠੰਡੇ ਦੇਸ਼ਾਂ ਲਈ ਜਿੰਮ ਜ਼ਰੂਰੀ ਹਨ ਪ੍ਰੰਤੂ ਸਾਡੇ ਦੇਸ਼ ਲਈ ਵਾਜਬ ਨਹੀਂ ਹਨ। ਬਜ਼ੁਰਗਾਂ ਨੂੰ ਸੈਰ ਅਤੇ ਸਾਈਕਲਿੰਗ ਜ਼ਰੂਰੀ ਹੈ ਪ੍ਰੰਤੂ ਇਹ ਫੀਜੀਓਥੈਰਾਪਿਸਟ ਜਾਂ ਮਾਹਿਰ ਦੀ ਸਲਾਹ ਨਾਲ ਕੀਤੀ ਜਾਵੇ ਕਿਉਂਕਿ ਹਰ ਵਿਅਕਤੀ ਦੀ ਸਰੀਰਕ ਬਣਤਰ ਵੱਖਰੀ ਹੁੰਦੀ ਹੈ, ਕਈ ਵਾਰ ਇਕ ਦੂਜੇ ਦੀ ਰੀਸ ਨਾਲ ਕੀਤੀ ਕਸਰਤ ਖ਼ਤਰਨਾਕ ਸਾਬਤ ਹੁੰਦੀ ਹੈ। ਜ਼ਿਆਦਾ ਵਜ਼ਨ ਵਾਲਿਆਂ ਨੂੰ ਕਈ ਵਾਰ ਸੈਰ ਕਰਨ ਨਾਲ ਨੁਕਸਾਨ ਹੋ ਜਾਂਦਾ ਹੈ, ਉਨ੍ਹਾਂ ਦੇ ਗੋਡੇ ਭਾਰ ਨਹੀਂ ਸਹਾਰ ਸਕਦੇ ਇਸ ਲਈ ਗੋਡੇ ਘਸ ਜਾਂਦੇ ਹਨ। ਇਸ ਲਈ ਉਨ੍ਹਾਂ ਨੂੰ ਸਾਈਕਲਿੰਗ ਕਰਨੀ ਚਾਹੀਦੀ ਹੈ। ਸੈਰ ਨਾਲੋਂ ਸਾਈਕਲਿੰਗ ਬਿਹਤਰ ਸਾਬਤ ਹੁੰਦੀ ਹੈ। ਉਨ੍ਹਾਂ ਅੱਗੋਂ ਬਜ਼ੁਰਗਾਂ ਨੂੰ ਸਲਾਹ ਦਿੱਤੀ ਕਿ ਹਰ ਰੋਜ਼ ਅੱਧਾ ਘੰਟਾ ਯੋਗਾ ਕਰਨਾ ਚਾਹੀਦਾ ਹੈ। ਬੁਢਾਪੇ ਦੀਆਂ ਬਿਮਾਰੀਆਂ ਤੋਂ ਬਚਣ ਲਈ ਇਲਾਜ ਨਾਲੋਂ ਇਹਤਿਆਤ ਜ਼ਰੂਰੀ ਹੈ। ਇਸ ਮੌਕੇ ਤੇ ਜਿਹੜੇ ਮੈਂਬਰਾਂ ਦੇ ਜਨਮ ਦਿਨ ਅਕਤੂਬਰ ਮਹੀਨੇ ਵਿਚ ਆਉਂਦੇ ਸਨ ਉਨ੍ਹਾਂ ਨੂੰ ਤੋਹਫੇ ਦੇ ਕੇ ਸਨਮਾਨਤ ਕੀਤਾ ਗਿਆ।
ਇਸ ਮੌਕੇ ਤੇ ਡਾ. ਨਰਕੀਸ਼ ਅਰੁਮੁਗਮ ਨੂੰ ਸੀਨੀਅਰ ਸਿਟੀਜ਼ਨਜ਼ ਵੈਲਫੇਅਰ ਸੁਸਾਇਟੀ ਦੇ ਅਹੁਦੇਦਾਰਾਂ ਨੇ ਸਨਮਾਨਤ ਵੀ ਕੀਤਾ। ਰਣਜੀਤ ਸਿੰਘ ਭਿੰਡਰ ਪ੍ਰਧਾਨ ਅਤੇ ਜਨਰਲ ਸਕੱਤਰ ਉਜਾਗਰ ਸਿੰਘ ਨੇ ਡਾ. ਨਰਕੀਸ਼ ਦਾ ਸੋਸਾਇਟੀ ਦੇ ਮੈਂਬਰਾਂ ਨੂੰ ਵਡਮੁੱਲੀ ਜਾਣਕਾਰੀ ਦੇਣ ਲਈ ਧੰਨਵਾਦ ਕੀਤਾ। ਡਾ.ਨਰਕੀਸ਼ ਨੇ ਕਿਹਾ ਕਿ ਦਸੰਬਰ ਵਿਚ ਪੂਰਾ ਇਕ ਦਿਨ ਉਹ ਸੋਸਾਇਟੀ ਦੇ ਮੈਂਬਰਾਂ ਨਾਲ ਗੁਜਾਰਨਗੇ ਅਤੇ ਉਨ੍ਹਾਂ ਦੇ ਸਵਾਲਾਂ ਦੇ ਜਵਾਬ ਦੇਣਗੇ ਕਿ ਉਹ ਬੁਢਾਪੇ ਦੀਆਂ ਬਿਮਾਰੀਆਂ ਤੋਂ ਕਿਵੇਂ ਬਚ ਅਤੇ ਇਲਾਜ ਕਰ ਸਕਦੇ ਹਨ। ਹਰ ਮੈਂਬਰ ਦੀ ਸਰੀਰਕ ਬਣਤਰ ਅਨੁਸਾਰ ਸਲਾਹ ਦਿੱਤੀ ਜਾਵੇਗੀ।