ਮੁੰਬਈ – ਸ਼ਿਵਸੈਨਾ ਅਤੇ ਭਾਜਪਾ ਦਰਮਿਆਨ ਪਿੱਛਲੇ ਕੁਝ ਸਮੇਂ ਤੋਂ ਚੱਲ ਰਹੀ ਤਕਰਾਰ ਹੁਣ ਹੋਰ ਵੀ ਡੂੰਘੀ ਹੋ ਗਈ ਹੈ। ਬੀਜੇਪੀ ਦੀ ਹੀ ਭਾਈਵਾਲ ਪਾਰਟੀ ਸ਼ਿਵਸੈਨਾ ਨੇ ਆਪਣੇ ਵਰਕਰਾਂ ਵਿੱਚ ਭਾਜਪਾ ਵਿਰੋਧੀ ਬੁਕਲਿਟਸ ਵੰਡੀਆਂ ਹਨ। “ਘੋਟਾਲੇਬਾਜ਼ ਭਾਜਪ” ਦੇ ਸਿਰਲੇਖ ਵਾਲੀਆਂ ਪੁਸਤਕਾਂ ਵੰਡੀਆਂ ਗਈਆਂ ਹਨ, ਜਿੰਨ੍ਹਾਂ ਵਿੱਚ ਭਾਜਪਾ ਦੇ ਮੰਤਰੀਆਂ ਦੇ ਕਥਿਤ ‘ਘੋਟਾਲਿਆਂ’ ਦਾ ਜਿਕਰ ਕੀਤਾ ਗਿਆ ਹੈ।
ਇਹ 56 ਸਫਿ਼ਆਂ ਦੀ ਕਿਤਾਬ ਸ਼ਿਵਸੈਨਾ ਭਵਨ ਵਿੱਚ ਉਸ ਸਮੇਂ ਵੰਡੀ ਗਈ, ਜਦੋਂ ਇੱਕ ਸਮਾਗਮ ਦੌਰਾਨ ਪਾਰਟੀ ਪ੍ਰਧਾਨ ੳੇੁਦੈ ਠਾਕੁਰੇ ਆਪਣੀ ਪਾਰਟੀ ਦੇ ਜਿਲ੍ਹਾ ਪ੍ਰਧਾਨਾਂ ਨੂੰ ਸੰਬੋਧਨ ਕਰ ਰਹੇ ਸਨ। ‘ਘੋਟਾਲੇਬਾਜ਼ ਭਾਜਪ’ ਨਾਮ ਦੀ ਇਸ ਕਿਤਾਬ ਦੇ ਪਹਿਲੇ ਸਫ਼ੇ ਤੇ ਇੱਕ ਪਾਸੇ ਭਾਜਪਾ ਨੇਤਾ ਏਕਨਾਥ ਖਡਸੇ ਦੀ ਫੋਟੋ ਲਗੀ ਹੋਈ ਹੈ, ਜਿਸ ਦੇ ਹੇਠਾਂ ਜਮੀਨ ਘੋਟਾਲੇ ਦਾ ਜਿਕਰ ਕੀਤਾ ਗਿਆ ਹੈ ਅਤੇ ਦੂਸਰੇ ਪਾਸੇ ਸਿੱਖਿਆ ਮੰਤਰੀ ਵਿਨੋਦ ਤਾਵੜੇ ਦੀ ਫੋਟੋ ਲਗੀ ਹੈ ਜਿਸ ਦੇ ਹੇਠਾਂ ਯੰਤਰ ਘੋਟਾਲੇ ਦਾ ਜਿਕਰ ਹੈ।
ਮਹਾਂਰਾਸ਼ਟਰ ਦੇ ਮੰਤਰੀ ਗਿਰੀਸ਼ ਬਾਪਤ ਦੀ ਫੋਟੋ ਦੇ ਹੇਠਾਂ ਵੀ ਉਸੇ ਪੇਜ ਤੇ ਹੀ ਤੂਰ ਦਾਲ ਘੋਟਾਲੇ ਦਾ ਵਰਨਣ ਕੀਤਾ ਗਿਆ ਹੈ। ਚੌਥੀ ਤਸਵੀਰ ਦਲੀਪ ਗਾਂਧੀ ਦੀ ਹੈ ਜਿਸ ਦੇ ਹੇਠਾਂ ਕਰਜ਼ਾ ਮੁਆਫ਼ੀ ਘੋਟਾਲੇ ਦਾ ਵਰਨਣ ਹੈ। ਇਸ ਦੇ ਇਲਾਵਾ ਇਸ ਬੁਕਲਿਟ ਵਿੱਚ ਪ੍ਰਧਾਨਮੰਤਰੀ ਮੋਦੀ ਅਤੇ ਅਮਿੱਤ ਸ਼ਾਹ ਤੇ ਵੀ ਹਮਲਾ ਕੀਤਾ ਗਿਆ ਹੈ। ਸ਼ਿਵਸੈਨਾ ਦੇ ਇਸ ਕਦਮ ਨਾਲ ਦੋਵਾਂ ਪਾਰਟੀਆਂ ਦੇ ਆਪਸੀ ਸਬੰਧ ਹੋਰ ਵੀ ਤਣਾਪੂਰਵਕ ਹੋ ਸਕਦੇ ਹਨ।