ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਉਪਲਕਸ਼ ਵਿੱਚ ਨਗਰ ਕੀਰਤਨ ਜੁਗੋ ਜੁਗ ਅਟੱਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਅਤੇ ਪੰਜ ਪਿਆਰੇ ਸਾਹਿਬਾਨ ਦੀ ਅਗਵਾਈ ਵਿੱਚ ਅਰਦਾਸ ਉਪਰੰਤ ਗੁਰਦੁਆਰਾ ਸੀਸ ਗੰਜ ਸਾਹਿਬ ਤੋਂ ਆਰੰਭ ਹੋ ਚਾਂਦਨੀ ਚੌਂਕ, ਫਤਿਹਪੁਰੀ, ਖਾਰੀ ਬਾਉਲੀ, ਲਹੌਰੀ ਗੇਟ, ਕੁਤਬ ਰੋਡ, ਤੇਲੀਵਾੜਾ, ਆਜ਼ਾਦ ਮਾਰਕੀਟ, ਪੁਲ ਬੰਗਸ, ਰੋਸ਼ਨਆਰਾ ਰੋਡ, ਘੰਟਾ ਘਰ (ਸਬਜ਼ੀ ਮੰਡੀ), ਰਾਣਾ ਪ੍ਰਤਾਪ ਬਾਗ, ਬੇਬੇ ਨਾਨਕੀ ਚੌਂਕ ਤੋਂ ਹੁੰਦਾ ਹੋਇਆ ਗੁਰਦੁਆਰਾ ਨਾਨਕ ਪਿਆਉ ਵਿਖੇ ਪੁੱਜਾ। ਪਹਿਲੀ ਵਾਰ ਕਮੇਟੀ ਵੱਲੋਂ ਸੰਗਤਾਂ ਨੂੰ ਪਾਲਕੀ ਸਾਹਿਬ ਦੀ ਲੋਕੇਸ਼ਨ ਦੀ ਜਾਣਕਾਰੀ ਦੇਣ ਲਈ ਕਮੇਟੀ ਦੀ ਵੈਬਸਾਈਟ ’ਤੇ ਖਾਸ ਪ੍ਰਬੰਧ ਕੀਤਾ ਗਿਆ ਸੀ। ਕਮੇਟੀ ਵੈਬਸਾਈਟ ’ਤੇ ਕਿੱਲਕ ਕਰਨ ਉਪਰੰਤ ਸੰਗਤਾਂ ਨੂੰ ਪਾਲਕੀ ਸਾਹਿਬ ਦੀ ਮੌਜੂਦਾ ਸਥਿਤੀ ਦੀ ਜਾਣਕਾਰੀ ਨਿਸ਼ਾਨ ਸਾਹਿਬ ਲੱਗੇ ਗੁੰਬਦ ਵਰਗੇ ਚਿਨ੍ਹ ਤੋਂ ਪ੍ਰਾਪਤ ਹੋਈਂ। ਜਿਸ ਕਰਕੇ ਸੰਗਤਾਂ ਨੂੰ ਪਾਲਕੀ ਸਾਹਿਬ ਦੀ ਉਡੀਕ ਲਈ ਨਗਰ ਕੀਰਤਨ ਰੂਟ ’ਤੇ ਉਡੀਕ ਕਰਨ ਦੀ ਲੋੜ ਨਹੀਂ ਰਹੀ।
ਕਮੇਟੀ ਦੇ ਪ੍ਰਧਾਨ ਸ੍ਰ. ਮਨਜੀਤ ਸਿੰਘ ਜੀ. ਕੇ. ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਸਮੁੱਚੇ ਪੰਥ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਜਿਸ ਸਮੇਂ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਹੋਇਆ ਤਾਂ ਭਾਰਤ ਵਿੱਚ ਲੁੱਟ ਖਸੁੱਟ ਤੇ ਪਾਪ ਜ਼ੁਲਮ ਜ਼ੋਰਾਂ ਉੱਤੇ ਸੀ। ਡਰ ਤੇ ਸਹਿਮ ਕਾਰਨ ਆਮ ਜਨਤਾ ਦਾ ਸਾਹ ਸਤ ਮੁੱਕਾ ਹੋਇਆ ਸੀ। ਇੱਕ ਪਾਸੇ ਵਿਦੇਸ਼ੀ ਹਮਲਾਵਰ ਆਏ ਦਿਨ ਜ਼ੁਲਮ ਕਰਕੇ ਹਿੰਦੁਸਤਾਨ ਦੀ ਪਰਜਾ ਨੂੰ ਤਹਿਸ ਨਹਿਸ ਕਰ ਜਾਂਦੇ ਤੇ ਦੂਸਰੇ ਪਾਸੇ ਪਰਜਾ ਆਪ ਹੀ ਜਾਤ ਪਾਤ, ਊਚ ਨੀਚ ਤੇ ਵਹਿਮਾਂ ਭਰਮਾਂ ਵਿੱਚ ਜਕੜੀ ਪਈ ਸੀ। ਹਰ ਪਾਸੇ ਬੇਚੈਨੀ ਤੇ ਘਬਰਾਹਟ ਸੀ। ਧਰਮ ਦੀ ਅਗਵਾਈ ਕਰਨ ਵਾਲੇ ਲੋਕ ਤੇ ਹਾਕਮ ਸ਼੍ਰੇਣੀ ਦੇ ਲੋਕ ਜਿੰਨਾਂ ਦੀ ਜ਼ਿੰਮੇਵਾਰੀ ਪਰਜਾ ਦੀ ਰੱਖਿਆ ਕਰਨ ਸੀ ਤੇ ਸਹੀ ਦਿਸ਼ਾ ਪ੍ਰਦਾਨ ਕਰਨਾ ਹੁੰਦਾ ਸੀ। ਉਹ ਲੋਕ ਖੁਦ ਹੀ ਪੁਰਜਾ ਤੇ ਜ਼ੁਲਮ ਢਾਹ ਰਹੇ ਸਨ ਤਾਂ ਗੁਰੂ ਨਾਨਕ ਦੇਵ ਜੀ ਨੇ ਭਾਰਤੀ ਸਮਾਜ ਦੀ ਅਧਮੋਈ ਤੇ ਨਿਘਾਰ ਵਾਲੀ ਦਸ਼ਾ ਨੂੰ ਗੰਭੀਰਤਾ ਨਾਲ ਮਹਿਸੂਸ ਕੀਤਾ ਤੇ ਵੇਖਿਆ ਕਿ ਪਰਜਾ ਕੁੱਝ ਹਦ ਤੱਕ ਖੁਦ ਹੀ ਜ਼ਿੰਮੇਵਾਰ ਹੈ।
ਕਮੇਟੀ ਦੇ ਜਨਰਲ ਸਕੱਤਰ ਸ੍ਰ. ਮਨਜਿੰਦਰ ਸਿੰਘ ਸਿਰਸਾ ਨੇ ਸੰਗਤਾਂ ਨੂੰ ਪ੍ਰਕਾਸ਼ ਪੁਰਬ ਦੀ ਵਧਾਈ ਦਿੰਦਿਆਂ ਕਿਹਾ ਕਿ ਗੁਰੂ ਨਾਨਕ ਦੇਵ ਜੀ ਨੇ ਪਹਿਲਾ ਕਦਮ ਇਹ ਚੁੱਕਿਆ ਕਿ ਪਰਜਾ ਵਿੱਚੋਂ ਊਚ-ਨੀਚ, ਜਾਤ-ਪਾਤ ਦਾ ਵਿਤਕਰਾ ਖਤਮ ਕੀਤਾ ਜਾਵੇ। ਉਨ੍ਹਾਂ ਨੇ ਇਸਤਰੀ ਜਾਤੀ ਦੇ ਹੱਕ ਵਿੱਚ ਆਵਾਜ਼ ਉਠਾਈ। ਉਨ੍ਹਾਂ ਨੇ ਸਮਾਜ ਦੇ ਹਰ ਖੇਤਰ ਧਾਰਮਿਕ, ਰਾਜਨੀਤਕ, ਸਮਾਜਿਕ ਤੇ ਆਰਥਿਕ ਖੇਤਰ ਵਿੱਚੋਂ ਬੁਰਾਈਆਂ ਨੂੰ ਦੂਰ ਕਰਕੇ ਸਮੂੰਹ ਲੋਕਾਈ ਨੂੰ ਸੋਖਾ ਤੇ ਸਿੱਧਾ ਰਸਤਾ ਦਿਖਾਇਆ ਤੇ ਕੇਵਲ ਇੱਕ ਪ੍ਰਮਾਤਮਾ ਵਿੱਚ ਵਿਸ਼ਵਾਸ ਰੱਖਣ, ਹੱਥੀ ਕਿਰਤ ਕਰਨ, ਵੰਡ ਛਕਣ ਤੇ ਨਾਮ ਜਪਣ ਦੀ ਪ੍ਰੇਰਨਾ ਕੀਤੀ। ਨਗਰ ਕੀਰਤਨ ਵਿੱਚ ਨਗਾਰਾ ਗੱਡੀ, ਬੈਂਡ ਵਾਜੇ, ਗੁਰੂ ਮਹਾਰਾਜ ਦੀਆਂ ਲਾਡਲੀਆਂ ਫੌਜਾਂ (ਨਿਹੰਗ ਸਿੰਘ ਘੋੜ ਸਵਾਰ), ਖਾਲਸਾ ਸਕੂਲਾਂ/ਕਾਲਜਾਂ ਦੇ ਬੱਚੇ ਬੈਂਡ ਵਾਜਿਆਂ ਨਾਲ ਨਗਰ ਕੀਰਤਨ ਦੀ ਸੋਭਾ ਨੂੰ ਵਧਾ ਰਹੇ ਸਨ। ਸ਼ਸਤਰ ਵਿਦਿਆ ਦਲ ਦੇ ਗਤਕਈ ਅਖਾੜੇ ਸ਼ਸਤਰਾਂ ਰਾਹੀਂ ਆਪਣੀ ਕਲਾ ਦੇ ਜੌਹਰ ਵਿਖਾ ਰਹੇ ਸਨ। ਨਗਰ ਕੀਰਤਨ ਦੇ ਸਾਰੇ ਰਸਤੇ ਵਿੱਚ ਇਲਾਕੇ ਦੀਆਂ ਸੰਗਤਾਂ ਵੱਲੋਂ ਗੁਰੂ ਮਹਾਰਾਜ ਦੇ ਸਤਿਕਾਰ ਲਈ ਸਵਾਗਤੀ ਗੇਟ ਬਨਾਏ ਹੋਏ ਸਨ ਤੇ ਗੁਰੂ ਕਾ ਲੰਗਰ ਅਤੁੱਟ ਵਰਤਿਆ। ਨਗਰ ਕੀਰਤਨ ਵਿੱਚ ਸ਼ਬਦੀ ਜਥੇ, ਅਖੰਡ ਕੀਰਤਨੀ ਜਥਿਆਂ ਨੇ ਗੁਰਬਾਣੀ ਦੇ ਮਨੋਹਰ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕਰ ਰਹੇ ਸਨ। ਰਾਤ ਨੂੰ ਸਮੂੰਹ ਗੁਰਦੁਆਰਿਆਂ ਵਿੱਚ ਵਿਸ਼ੇਸ਼ ਦੀਪਮਾਲਾ ਕੀਤੀ ਗਈ। ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਮਿਤੀ 4 ਨਵੰਬਰ 2017 ਨੂੰ ਗੁਰਦੁਆਰਾ ਰਕਾਬ ਗੰਜ ਸਾਹਿਬ ਵਿਖੇ ਭਾਈ ਲੱਖੀ ਸ਼ਾਹ ਵਣਜਾਰਾ ਹਾਲ ਵਿੱਚ ਅੰਮ੍ਰਿਤ ਵੇਲੇ ਤੋਂ ਦੇਰ ਰਾਤ ਤੱਕ ਬੜੀ ਸ਼ਰਧਾ ਪੂਰਵਕ ਮਨਾਇਆ ਜਾ ਰਿਹਾ ਹੈ। ਜਿਸ ਵਿੱਚ ਪੰਥ ਦੇ ਪ੍ਰਸਿੱਧ ਕੀਰਤਨੀ ਜਥੇ ਗੁਰਬਾਣੀ ਦੇ ਮਨੋਹਰ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ।
ਇਸ ਮੌਕੇ ’ਤੇ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਸ੍ਰ. ਹਰਮੀਤ ਸਿੰਘ ਕਾਲਕਾ, ਜਾਇੰਟ ਸਕੱਤਰ ਸ੍ਰ. ਅਮਰਜੀਤ ਸਿੰਘ ਫਤਿਹ ਨਗਰ, ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਰਾਣਾ ਪਰਮਜੀਤ ਸਿੰਘ, ਮੈਂਬਰ ਜਥੇਦਾਰ ਅਵਤਾਰ ਸਿੰਘ ਹਿਤ, ਸ੍ਰ. ਕੁਲਵੰਤ ਸਿੰਘ ਬਾਠ, ਸ੍ਰ. ਬਿਕਰਮ ਸਿੰਘ ਰੋਹਿਣੀ, ਸ੍ਰ. ਅਮਰਜੀਤ ਸਿੰਘ ਪਿੰਕੀ, ਸ੍ਰ. ਸਰਵਜੀਤ ਸਿੰਘ ਵਿਰਕ, ਕੁਲਦੀਪ ਸਿੰਘ ਸਾਹਨੀ, ਸ੍ਰ. ਹਰਵਿੰਦਰ ਸਿੰਘ ਕੇ. ਪੀ, ਸ੍ਰ. ਗੁਰਮੀਤ ਸਿੰਘ ਮੀਤਾ, ਸ੍ਰ. ਪਰਮਜੀਤ ਸਿੰਘ ਚੰਢੋਕ, ਸ੍ਰ. ਜਤਿੰਦਰਪਾਲ ਸਿੰਘ ਨਰੂਲਾ, ਸ੍ਰ. ਹਰਜੀਤ ਸਿੰਘ ਪੱਪਾ, ਸ੍ਰ. ਚਮਨ ਸਿੰਘ ਸਾਹਿਬਪੁਰਾ, ਜਥੇਦਾਰ ਬਲਦੇਵ ਸਿੰਘ ਰਾਣੀ ਬਾਗ, ਸ੍ਰ. ਮਹਿੰਦਰ ਸਿੰਘ ਭੁੱਲਰ, ਕਮੇਟੀ ਦੇ ਮੁੱਖ ਸਲਾਹਕਾਰ ਸ੍ਰ. ਕੁਲਮੋਹਨ ਸਿੰਘ, ਸਾਬਕਾ ਮੈਂਬਰ ਜਥੇਦਾਰ ਕੁਲਦੀਪ ਸਿੰਘ ਭੋਗਲ, ਸ੍ਰ. ਰਵਿੰਦਰ ਸਿੰਘ ਖੁਰਾਣਾ, ਸ੍ਰ. ਸਤਪਾਲ ਸਿੰਘ, ਸ੍ਰ. ਰਵਿੰਦਰ ਸਿੰਘ ਲਵਲੀ ਤੇ ਹੋਰ ਪੱਤਵੰਤੇ ਸੱਜਣਾਂ ਨੇ ਹਾਜ਼ਰੀਆਂ ਭਰੀਆਂ।