ਨਵੀਂ ਦਿੱਲੀ : ਪੰਜਾਬ ‘ਚ ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ ਖਹਿਰਾ ਨੂੰ ਫਾਜ਼ਿਲਕਾ ਦੀ ਅਦਾਲਤ ਵੱਲੋਂ ਕੌਮਾਂਤਰੀ ਡਰਗ ਰੈਕੇਟ ਕੇਸ ਵਿਚ ਸੰਮਨ ਜਾਰੀ ਹੋਣ ਦੇ ਬਾਵਜੂਦ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਦੀ ਚੁੱਪੀ ’ਤੇ ਅਕਾਲੀ ਆਗੂਆਂ ਨੇ ਹੈਰਾਨੀ ਜਤਾਈ ਹੈ। ਪਾਰਟੀ ਦਫ਼ਤਰ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਬੁਲਾਰੇ ਮਨਜੀਤ ਸਿੰਘ ਜੀ.ਕੇ. ਅਤੇ ਮਨਜਿੰਦਰ ਸਿੰਘ ਸਿਰਸਾ ਨੇ ਆਮ ਆਦਮੀ ਪਾਰਟੀ ਦੇ ਆਗੂਆਂ ਦੇ ਤਾਰ ਡਰਗ ਮਾਫਿਆ ਦੇ ਨਾਲ ਜੁੜਨ ਦੇ ਸਾਹਮਣੇ ਆਏ ਸਬੂਤਾਂ ਦੇ ਬਾਅਦ ਵਿਦੇਸ਼ਾਂ ਤੋਂ ਆਪ ਪਾਰਟੀ ਨੂੰ ਪ੍ਰਾਪਤ ਹੋਏ ਜਿਆਦਾਤਰ ਚੰਦੇ ਦੀ ਰਾਸ਼ੀ ਨੂੰ ਨਸ਼ਾ ਮਾਫਿਆ ਦੇ ਕਾਲੇ ਧੰਨ ਨਾਲ ਜੋੜਿਆ ਹੈ। ਉਕਤ ਆਗੂਆਂ ਨੇ ਈ.ਡੀ. ਤੋਂ ਨਸ਼ਾ ਤਸਕਰੀ ਤੇ ਫੰਡਿੰਗ ਦੇ ਗੰਢਜੋੜ ਦੀ ਜਾਂਚ ਕਰਾਉਣ ਦੀ ਮੰਗ ਵੀ ਕੀਤੀ।
ਜੀ.ਕੇ. ਨੇ ਕਿਹਾ ਕਿ ਪੰਜਾਬ ਵਿਚ ਨਸ਼ੇ ਦੇ ਮਸਲੇ ਤੇ ਵੱਡੀ ਗੱਲਾਂ ਕਰਨ ਵਾਲੇ ਕੇਜਰੀਵਾਲ ਆਪਣੀ ਪਾਰਟੀ ਆਗੂ ਖਿਲਾਫ਼ ਨਸ਼ਾ ਤਸਕਰ ਨਾਲ ਸੰਬੰਧਾਂ ਦੇ ਸਾਹਮਣੇ ਆਏ ਖੁਲਾਸੇ ਦੇ ਬਾਅਦ ਖਹਿਰਾ ਨੂੰ ਵਿਰੋਧੀ ਧਿਰ ਦੇ ਆਗੂ ਦੇ ਅਹੁੱਦੇ ਤੋਂ ਹਟਾ ਕੇ, ਕੀ ਨੈਤਿਕਤਾ ਦੇ ਮਾਪਦੰਡ ਨੂੰ ਸਹੀ ਕਰਨਗੇ। ਕਿਉਂਕਿ ਨਸ਼ਾ ਤਸਕਰਾਂ ਨਾਲ ਖਹਿਰਾ ਦੇ ਸੰਬੰਧ ਹੁਣ ਅਦਾਲਤ ਵਿਚ ਸਜਾ ਦੇ ਮੁਕਾਮ ਤਕ ਪਹੁਚਾਉਣ ਦੀ ਤਿਆਰੀ ’ਚ ਹਨ। ਜੀ.ਕੇ. ਨੇ ਖਹਿਰਾ ਨੂੰ ਤੁਰੰਤ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਕੱਢਣ ਦੀ ਵੀ ਕੇਜਰੀਵਾਲ ਨੂੰ ਨਸੀਹਤ ਦਿੱਤੀ। ਜੀ.ਕੇ. ਨੇ ਕਿਹਾ ਕਿ ਅਕਾਲੀ ਦਲ ’ਤੇ ਨਸ਼ੇ ਦੇ ਮਾਮਲੇ ’ਚ ਦੋਸ਼ ਲਗਾਉਣ ਵਾਲਿਆਂ ’ਤੇ ਗੇਂਦ ਉਲਟੀ ਪੈ ਗਈ ਹੈ। ਟ੍ਰਿਬਿਊਨ ਅਖਬਾਰ ਨੇ ਅਕਾਲੀ ਆਗੂ ਬਿਕਰਮ ਸਿੰਘ ਮਜੀਠਿਆ ਨੂੰ ਦੋਸ਼ ਮੁਕਤ ਕਰਕੇ ਕਾਂਗਰਸ ਅਤੇ ਆਪ ਦੀ ਨਸ਼ੇ ’ਤੇ ਸਿਆਸਤ ਨੂੰ ਵਾਪਸ ਪਿਟਾਰੀ ਵਿਚ ਪਾ ਦਿੱਤਾ ਹੈ। ਜੀ.ਕੇ. ਨੇ ਕੇਜਰੀਵਾਲ ਨੂੰ ਖਹਿਰਾ ’ਤੇ 4 ਨਵੰਬਰ ਤਕ ਕਾਰਵਾਈ ਕਰਨ ਦਾ ਅਲਟੀਮੈਟਮ ਦਿੰਦੇ ਹੋਏ ਕਾਰਵਾਈ ਨਾ ਹੋਣ ਦੀ ਹਾਲਾਤ ’ਚ ਅਕਾਲੀ ਵਿਧਾਇਕਾਂ ਵੱਲੋਂ ਕੇਜਰੀਵਾਲ ਦਾ 7 ਨਵੰਬਰ ਨੂੰ ਘਿਰਾਉ ਕਰਨ ਦੀ ਚੇਤਾਵਨੀ ਦਿੱਤੀ।
ਸਿਰਸਾ ਨੇ ਦੋਸ਼ ਲਾਇਆ ਕਿ ਆਮ ਆਦਮੀ ਪਾਰਟੀ ਨੂੰ ਕਥਿਤ ਤੌਰ ਤੇ ਵਿਦੇਸ਼ਾਂ ਤੋਂ ਪ੍ਰਾਪਤ ਹੋਇਆ ਜਿਆਦਾਤਰ ਚੰਦਾ ਡਰਗ ਮਨੀ ਹੈ। ਕੇਜਰੀਵਾਲ ਇਸੇ ਕਰਕੇ ਆਰੋਪੀ ਆਗੂਆਂ ਦੀ ਪੁਸਤਪਨਾਹੀ ਕਰ ਰਹੇ ਹਨ। ਹਰ ਗੱਲ ’ਤੇ ਟਵੀਟ ਕਰਨ ਵਾਲੇ ਕੇਜਰੀਵਾਲ ਨੂੰ ਇਸ ਮਸਲੇ ’ਤੇ ਟਵੀਟ ਕਰਨ ਦੀ ਸਲਾਹ ਦਿੰਦੇ ਹੋਏ ਸਿਰਸਾ ਨੇ ਕੇਜਰੀਵਾਲ ਦੀ ਕਥਨੀ ਅਤੇ ਕਰਨੀ ’ਚ ਫਰਕ ਹੋਣ ਦਾ ਦਾਅਵਾ ਕੀਤਾ। ਖਹਿਰਾ ਨੂੰ ਛੇਤੀ ਹਟਾਉਣ ਦੀ ਮੰਗ ਕਰਦੇ ਹੋਏ ਸਿਰਸਾ ਨੇ ਮੰਗ ਨਾ ਮੰਨੇ ਜਾਣ ’ਤੇ ਕੇਜਰੀਵਾਲ ਖਿਲਾਫ਼ ਅਕਾਲੀ ਦਲ ਵੱਲੋਂ ਅੰਦੋਲਨ ਸ਼ੁਰੂ ਕਰਨ ਦੀ ਚੇਤਾਵਨੀ ਦਿੱਤੀ। ਸਿਰਸਾ ਨੇ ਕਿਹਾ ਕਿ ਖਹਿਰਾ ਦੇ ਗੁਰਦੇਵ ਦੇ ਨਾਲ ਸੰਬੰਧਾਂ ਦੇ ਪੁਖਤਾ ਸਬੂਤ ਅਦਾਲਤ ਕੋਲ ਮੌਜੂਦ ਹਨ। ਇਸ ਲਈ ਖਹਿਰਾ ਨੂੰ ਸਿਆਸੀ ਬਿਆਨਬਾਜ਼ੀ ਕਰਨ ਦੀ ਥਾਂ ਆਤਮ ਸਮਰਪਣ ਕਰਕੇ ਸੱਚ ਨੂੰ ਸਵੀਕਾਰ ਕਰਨਾ ਚਾਹੀਦਾ ਹੈ।
ਸਿਰਸਾ ਨੇ ਦੱਸਿਆ ਕਿ ਅਦਾਲਤ ਨੇ ਖਹਿਰਾ ਨੂੰ ਆਰੋਪੀ ਮੰਨਦੇ ਹੋਏ ਪੰਜਾਬ ਪੁਲਿਸ ਨੂੰ ਖਹਿਰਾ ਨੂੰ ਗ੍ਰਿਫ਼ਤਾਰ ਕਰਕੇ ਅਦਾਲਤ ‘ਚ ਪੇਸ਼ ਕਰਨ ਦੇ ਹੁਕਮ ਦਿੱਤੇ ਹਨ।ਕੇਜਰੀਵਾਲ ਨੂੰ ਚੁੱਪੀ ਤੋੜਨ ਦੀ ਨਸੀਹਤ ਦਿੰਦੇ ਹੋਏ ਸਿਰਸਾ ਨੇ ਕਿਹਾ ਕਿ ਅਕਾਲੀ ਦਲ ਇਸ ਮਸਲੇ ’ਤੇ ਸ਼ਾਂਤ ਨਹੀਂ ਬੈਠੇਗਾ ਸਗੋਂ ਕੇਜਰੀਵਾਲ ਦੇ ਨਸ਼ਾ ਤਸਕਰ ਆਗੂਆਂ ਨੂੰ ਉਨ੍ਹਾਂ ਦੀ ਭਾਸ਼ਾ ’ਚ ਜਵਾਬ ਦੇਵੇਗਾ। ਸਿਰਸਾ ਨੇ ਨਸ਼ਾ ਮਾਮਲੇ ’ਚ ਕੇਜਰੀਵਾਲ ਨੂੰ ਕਾੱਲਰ ਤੋਂ ਘਸੀਟ ਕੇ ਪੰਜਾਬ ਦੀ ਜਨਤਾ ਤੋਂ ਮੁਆਫੀ ਮੰਗਵਾਉਣ ਤਕ ਅਕਾਲੀ ਦਲ ਦਾ ਸੰਘਰਸ ਜਾਰੀ ਰੱਖਣ ਦੀ ਗੱਲ ਕਹੀ। ਸਿਰਸਾ ਨੇ ਖਹਿਰਾ ਨੂੰ ਚਿੱਟੇ ਦਾ ਵਪਾਰੀ ਦੱਸਦੇ ਹੋਏ ਦਾਅਵਾ ਕੀਤਾ ਕਿ ਅਦਾਲਤ ਵੱਲੋਂ ਇਸ ਮਸਲੇ ’ਤੇ ਦਿੱਤੇ ਗਏ ਫੈਸਲੇ ’ਚ 63 ਵਾਰ ਖਹਿਰਾ ਦਾ ਨਾਂ ਆਇਆ ਹੈ। ਇਸ ਤੋਂ ਇਲਾਵਾ ਖਹਿਰਾ ਦੇ ਪੀ.ਐਸ.ਓ. ਜੋਗਾ ਸਿੰਘ ਅਤੇ ਨਿਜ਼ੀ ਸਹਾਇਕ ਮਨੀਸ਼ ਦਾ ਨਾਂ ਵੀ ਕਈ ਵਾਰ ਆਇਆ ਹੈ। ਜੋ ਸਾਬਤ ਕਰਦਾ ਹੈ ਕਿ ਖਹਿਰਾ ਨੂੰ ਇਸ ਮਾਮਲੇ ਵਿਚ ਜੇਲ ਜਾਣ ਤੋਂ ਕੋਈ ਰੋਕ ਨਹੀਂ ਸਕਦਾ ਕਿਉਂਕਿ ਖਹਿਰਾ ਆਪਣੇ ਸਟਾਫ ਦੇ ਮੋਬਾਇਲ ਫੋਨਾਂ ਦਾ ਇਸਤੇਮਾਲ ਗੁਰਦੇਵ ਨੂੰ ਨਸ਼ਾ ਤਸਕਰ ਕਰਨ ਵੇਲੇ ਸਿਆਸੀ ਪੁਸਤਪੁਨਾਹੀ ਦੇਣ ਲਈ ਕਰਦਾ ਸੀ। ਇਸ ਮੌਕੇ ਅਕਾਲੀ ਦਲ ਦਿੱਲੀ ਇਕਾਈ ਦੇ ਬੁਲਾਰੇ ਪਰਮਿੰਦਰ ਪਾਲ ਸਿੰਘ ਤੇ ਜਸਵਿੰਦਰ ਸਿੰਘ ਜੌਲੀ ਮੌਜੂਦ ਸਨ।