ਅੰਮ੍ਰਿਤਸਰ – ਸ੍ਰੀ ਦਰਬਾਰ ਸਾਹਿਬ ਵਿਰਾਸਤੀ ਮਾਰਗ ਦੀ ਸਫ਼ਾਈ ਪ੍ਰਤੀ ਪ੍ਰਸ਼ਾਸਨ ਅਤੇ ਸਰਕਾਰ ਦੇ ਅਵੇਸਲਾਪਣ ਅਤੇ ਲਾਪਰਵਾਹੀ ਦੇ ਚਲਦਿਆਂ ਯੂਥ ਅਕਾਲੀ ਦਲ ਨੇ ਇਸ ਦੀ ਸਫ਼ਾਈ ਅਤੇ ਸੇਵਾ ਦਾ ਜ਼ਿੰਮਾ ਆਪਣੇ ਸਿਰ ਲੈਣ ਦਾ ਐਲਾਨ ਕੀਤਾ ਹੈ।ਸੈਂਕੜੇ ਯੂਥ ਅਤੇ ਅਕਾਲੀ ਵਰਕਰਾਂ ਨੇ ਪ੍ਰਧਾਨ ਰਵੀਕਰਨ ਸਿੰਘ ਕਾਹਲੋਂ ਅਤੇ ਸਕੱਤਰ ਜਨਰਲ ਤਲਬੀਰ ਸਿੰਘ ਗਿੱਲ ਦੀ ਅਗਵਾਈ ’ਚ ਬੀਤੀ ਰਾਤ 9 ਤੋਂ 12 ਵਜੇ ਤਕ ਵਿਰਾਸਤੀ ਮਾਰਗ ’ਤੇ ਝਾੜੂ ਲਗਾਉਂਦਿਆਂ ਇਸ ਦੀ ਸ਼ੁਰੂਆਤ ਕੀਤੀ ਹੈ।
ਪ੍ਰੋ: ਸਰਚਾਂਦ ਸਿੰਘ ਵੱਲੋਂ ਜਾਰੀ ਬਿਆਨ ’ਚ ਸ: ਕਾਹਲੋਂ ਅਤੇ ਗਿੱਲ ਨੇ ਉਕਤ ਸਫ਼ਾਈ ਮੁਹਿੰਮ ’ਚ ਨੌਜਵਾਨਾਂ ਨੂੰ ਵਧ ਚੜ ਕੇ ਹਿੱਸਾ ਲੈਣ ਦਾ ਸਦਾ ਦਿੱਤਾ ਅਤੇ ਕਿਹਾ ਕਿ ਸਿੱਖ ਕੌਮ ਦੇ ਕੇਂਦਰੀ ਧਰਮ ਅਸਥਾਨ ਸ੍ਰੀ ਦਰਬਾਰ ਸਾਹਿਬ ਸਿੱਖ ਕੌਮ ਦਾ ਮੱਕਾ ਹੈ, ਜਿੱਥੇ ਦੇਸ਼ ਵਿਦੇਸ਼ ਤੋਂ ਲੱਖਾਂ ਸ਼ਰਧਾਲੂ ਅਤੇ ਯਾਤਰੂ ਦਰਸ਼ਨ ਇਸ਼ਨਾਨ ਅਤੇ ਨਤਮਸਤਕ ਹੋਣ ਰੋਜ਼ਾਨਾ ਪਹੁੰਚਦੇ ਹਨ। ਪਰ ਇੱਥੋਂ ਦੀ ਸਫ਼ਾਈ ਦਾ ਮੰਦਾ ਹਾਲ ਦੇਖ ਕੇ ਉਹਨਾਂ ਦੀਆਂ ਭਾਵਨਾਵਾਂ ਨੂੰ ਗਹਿਰੀ ਸੱਟ ਵੱਜਦੀ ਹੈ। ਆਗੂਆਂ ਨੇ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਦੇ ਵਿਰਾਸਤੀ ਮਾਰਗ ਨੂੰ ਸੁੰਦਰ ਦਿਖ ਦੇਣਾ ਸਾਬਕਾ ਉਪ ਮੁੱਖ ਮੰਤਰੀ ਅਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਸੁਪਨਮਈ ਪ੍ਰਾਜੈਕਟ ਸੀ, ਜਿਸ ’ਤੇ ਬਾਦਲ ਸਰਕਾਰ ਦੌਰਾਨ ਕਰੋੜਾਂ ਰੁਪੈ ਖਰਚ ਕਰਦਿਆਂ ਇਤਿਹਾਸਕ ਉਪਰਾਲਾ ਕੀਤਾ ਗਿਆ।ਅਫ਼ਸੋਸ ਜਤਾਇਆ ਕਿ ਸਫ਼ਾਈ ਦੀ ਜ਼ਿੰਮੇਵਾਰੀ ਤੋਂ ਕਾਂਗਰਸ ਸਰਕਾਰ ਭਜ ਰਹੀ ਹੈ। ਮੌਜੂਦਾ ਸਰਕਾਰ ਵੱਲੋਂ ਸਫ਼ਾਈ ਕੰਪਨੀ ਅਤੇ ਮੁਲਾਜ਼ਮਾਂ ਨੂੰ ਸਮੇਂ ਸਿਰ ਭੁਗਤਾਨ ਨਾ ਕਰਨ ਕਾਰਨ ਸਫ਼ਾਈ ਵਿਵਸਥਾ ਬੁਰੀ ਤਰਾਂ ਪ੍ਰਭਾਵਿਤ ਹੋ ਰਹੀ ਹੈ। ਸਥਾਨਿਕ ਸਰਕਾਰਾਂ ਵਿਭਾਗ ਦੇ ਮੰਤਰੀ ਜੋ ਇਸੇ ਸ਼ਹਿਰ ਨਾਲ ਸੰਬੰਧਿਤ ਹੋਣ ਦੇ ਬਾਵਜੂਦ ਸ੍ਰੀ ਦਰਬਾਰ ਸਾਹਿਬ ਦੀ ਵਿਰਾਸਤੀ ਮਾਰਗ ਅਤੇ ਚੌਗਿਰਦੇ ਪ੍ਰਤੀ ਕੋਈ ਧਿਆਨ ਨਾ ਦੇਣ ਕਾਰਨ ਉਤਪੰਨ ਹੋਈ ਸਫ਼ਾਈ ਦੀ ਮਾੜੀ ਹਾਲਤ ਨੇ ਸਫ਼ਾਈ ਪ੍ਰਤੀ ਸਾਨੂੰ ਅਜਿਹਾ ਫੈਸਲਾ ਲੈਣ ਲਈ ਮਜਬੂਰ ਕੀਤਾ ਹੈ। ਉਹਨਾਂ ਕਿਹਾ ਕਿ ਸ਼ਰਧਾਵਾਨ ਸੰਗਤ ਦੇ ਸਦਕਾ ਸ੍ਰੀ ਦਰਬਾਰ ਸਾਹਿਬ ਅਤੇ ਚੌਗਿਰਦ ਦੀ ਸਫ਼ਾਈ ਕਿਸੇ ਸਰਕਾਰ ਦੀ ਕਦੀ ਮੁਹਤਾਜ ਨਹੀਂ ਰਹੀ, ਸੇਵਾ ਸੰਭਾਲ ਸਿੱਖ ਸੰਗਤਾਂ ਲਈ ਸ਼ਰਧਾ ਦਾ ਪ੍ਰਤੀਕ ਰਿਹਾ ਹੈ। ਇਸੇ ਲਈ ਸਾਫ਼ ਸਫ਼ਾਈ ਦੇ ਨਾਲ ਨਾਲ ਸੇਵਾ ਸੰਭਾਲ ਪ੍ਰਤੀ ਸੰਗਤ ਹਮੇਸ਼ਾਂ ਯਤਨਸ਼ੀਲ ਰਹੀ ਹੈ। ਆਗੂਆਂ ਨੇ ਕਿਹਾ ਕਿ ਜਦ ਤਕ ਸਰਕਾਰ ਸਫ਼ਾਈ ਲਈ ਯੋਗ ਪ੍ਰਬੰਧ ਨਹੀਂ ਕਰਦੀ ਯੂਥ ਅਕਾਲੀ ਦਲ ਵੱਲੋਂ ਸ: ਬਿਕਰਮ ਸਿੰਘ ਮਜੀਠੀਆ ਦੇ ਦਿਸ਼ਾ ਨਿਰਦੇਸ਼ ’ਚ ਸੰਗਤ ਦੇ ਸਹਿਯੋਗ ਨਾਲ ਵਿਰਾਸਤੀ ਮਾਰਗ ਅਤੇ ਚੌਗਿਰਦੇ ਦੀ ਸਫ਼ਾਈ ਮੁਹਿੰਮ ਲਈ ਯਤਨਸ਼ੀਲ ਅਤੇ ਨਿਸ਼ਕਾਮ ਸੇਵਾ ਜਾਰੀ ਰੱਖੀ ਜਾਵੇਗੀ। ਸੰਗਤ ਨੇ ਯੂਥ ਅਕਾਲੀ ਦਲ ਦੇ ਉਪਰਾਲੇ ਦੀ ਖੂਬ ਸ਼ਲਾਘਾ ਕੀਤੀ ਹੈ। ਇਸ ਮੌਕੇ ਅਕਾਲੀ ਦਲ ਸ਼ਹਿਰੀ ਪ੍ਰਧਾਨ ਗੁਰਪ੍ਰਤਾਪ ਸਿੰਘ ਟਿਕਾ, ਅਜੈਬੀਰਪਾਲ ਸਿੰਘ ਰੰਧਾਵਾ,ਰਾਣਾ ਰਣਬੀਰ ਸਿੰਘ ਲੋਪੋਕੇ, ਅਮਰਬੀਰ ਸਿੰਘ ਢੋਟ, ਅੰਮੂ ਗੁੰਮਟਾਲਾ, ਗੁਰਜੀਤ ਸਿੰਘ ਬਿਜਲੀ ਵਾਲਾ, ਰਣਜੀਤ ਸਿੰਘ ਮੀਆਂਵਿੰਡ, ਜਗਰੂਪ ਸਿੰਘ ਚੰਦੀ, ਹਰਜੀਤ ਸਿੰਘ ਮੀਆਂਵਿੰਡ, ਗਗਨਦੀਪ ਸਿੰਘ, ਯਾਦਵਿੰਦਰ ਸਿੰਘ ਮਾਨੋਚਾਹਲ, ਮਲਕੀਤ ਸਿੰਘ ਬੀਡੀਓ, ਸਰਬ ਭੁੱਲਰ, ਰਵੀ ਬੂਹ, ਗੁਰਪ੍ਰੀਤ ਪ੍ਰਿੰਸ, ਸਤਿੰਦਰਜੀਤ ਸਿੰਘ, ਬੀਬੀ ਰਾਜਵਿੰਦਰ ਕੌਰ, ਬੀਬੀ ਬਲਵਿੰਦਰ ਕੌਰ ਸੰਧੂ,ਅਨੀਤਾ ਜੀ, ਬੀਬੀ ਰੂਪ ਕੌਰ, ਜਸਪਾਲ ਸਿੰਘ ਭੋਮਾ, ਹਿੰਮਤ ਸਿੰਘ ਕਾਦਰਾਬਾਦ, ਜੋਜ ਮਰੜੀ, ਸਾਹਿਬ ਸਿੰਘ ਰੰਗੀਲ ਪੁਰਾ ਆਦਿ ਮੌਜੂਦ ਸਨ।