ਵਾਸ਼ਿੰਗਟਨ – ਅਮਰੀਕਾ ਦੀ ਟੈਕਸਸ ਸਟੇਟ ਵਿੱਚ ਇੱਕ ਬੈਪਿਸਟ ਚਰਚ ਵਿੱਚ ਇੱਕ ਹੱਥਿਆਰਬੰਦ ਵਿਅਕਤੀ ਨੇ ਅੰਨ੍ਹੇਵਾਹ ਗੋਲੀਬਾਰੀ ਕਰਕੇ 26 ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਅਤੇ 20 ਦੇ ਕਰੀਬ ਜਖਮੀ ਹੋ ਗਏ। ਇਹ ਹਮਲਾ ਐਤਵਾਰ ਦੀ ਸਵੇਰ ਨੂੰ ਸਦਰਲੈਂਡ ਸਪਰਿੰਗਸ ਦੇ ਵਿਲਸਨ ਕਾਂਊਟੀ ਇਲਾਕੇ ਵਿੱਚ ਹੋਇਆ। ਇਸ ਹਮਲੇ ਵਿੱਚ ਮਰਨ ਵਾਲੇ 2 ਸਾਲ ਦੀ ਉਮਰ ਤੋਂ ਲੈ ਕੇ 72 ਸਾਲ ਤੱਕ ਦੀ ਉਮਰ ਦੇ ਹਨ। ਹਮਲਾਵਰ ਵੀ ਮਾਰਿਆ ਜਾ ਚੁੱਕਾ ਹੈ।
ਇਹ ਹਮਲਾ ਚਰਚ ਵਿੱਚ ਪ੍ਰਾਰਥਨਾ ਦੇ ਦੌਰਾਨ ਹੋਇਆ। ਹਮਲਾਵਰ ਦੀ ਪਛਾਣ 26 ਸਾਲਾ ਡੇਵਿਨ ਪੈਟਰਿਕ ਦੇ ਰੂਪ ਵਿੱਚ ਹੋਈ ਹੈ। ਉਹ ਅਮਰੀਕੀ ਹਵਾਈ ਸੈਨਾ ਦਾ ਸਾਬਕਾ ਅਫਸਰ ਅਤੇ ਬਾਈਬਲ ਟੀਚਰ ਵੀ ਸੀ। ਉਸ ਨੂੰ 2014 ਵਿੱਚ ਆਪਣੀ ਪਤਨੀ ਅਤੇ ਬੱਚਿਆਂ ਨੂੰ ਕੁੱਟਣ ਦੇ ਆਰੋਪ ਦੇ ਬਾਅਦ ਉਸ ਨੂੰ ਬੇਇਜ਼ਤ ਕਰਕੇ ਹਵਾਈ ਸੈਨਾ ਤੋਂ ਕੱਢ ਦਿੱਤਾ ਗਿਆ ਸੀ। ਹਮਲਾਵਰ ਕਾਲੀ ਡਰੈਸ ਵਿੱਚ ਸਥਾਨਕ ਸਮੇਂ ਅਨੁਸਾਰ ਸਵੇਰੇ 11.30 ਵਜੇ ਚਰਚ ਵਿੱਚ ਦਾਖਿਲ ਹੋਇਆ ਅਤੇ ਅੰਨ੍ਹੇਵਾਹ ਫਾਇਰਿੰਗ ਕਰ ਦਿੱਤੀ।
ਸੁਰੱਖਿਆ ਦਸਤਿਆਂ ਨੇ ਚਰਚ ਦੇ ਆਸਪਾਸ ਦੇ ਇਲਾਕੇ ਦੀ ਘੇਰਾਬੰਦੀ ਕੀਤੀ ਹੋਈ ਹੈ। ਜਖਮੀਆਂ ਨੂੰ ਹੈਲੀਕਾਪਟਰ ਦੁਆਰਾ ਹਸਪਤਾਲ ਪਹੁੰਚਾਇਆ ਗਿਆ ਹੈ। ਰਾਜ ਦੇ ਗਵਰਨਰ ਗਰੈਗ ਇਬਾਟ ਨੇ ਕਿਹਾ ਕਿ ਟੈਕਸਾਸ ਦੇ ਇਤਿਹਾਸ ਵਿੱਚ ਇਹ ਸੱਭ ਤੋਂ ਵੱਧ ਭਿਆਨਕ ਗੋਲੀਬਾਰੀ ਦੀ ਵਾਰਦਾਤ ਹੈ।