ਨਵੀਂ ਦਿੱਲੀ – ਤਖਤ ਸ੍ਰੀ ਹਰਿਮੰਦਰ ਪਟਨਾ ਸਾਹਿਬ ਦੇ ਪ੍ਰਧਾਨ ਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਸਕੱਤਰ ਜਨਰਲ ਸ੍ਰ ਹਰਵਿੰਦਰ ਸਿੰਘ ਸਰਨਾ ਨੇ ਸਿੰਘ ਸਭਾ ਰਾਜੌਰੀ ਗਾਰਡਨ ਨਵੀ ਦਿੱਲੀ ਵਿਖੇ ਹੋਈ ਮਰਿਆਦਾ ਤੇ ਸਿਧਾਂਤਾਂ ਦੀ ਉਲੰਘਣਾ ਦਾ ਕੜਾ ਨੋਟਿਸ ਲੈਦਿਆ ਜਥੇਦਾਰ ਅਕਾਲ ਤਖਤ ਤੋ ਮੰਗ ਕੀਤੀ ਕਿ ਗੁਰਦੁਆਰੇ ਨੂੰ ਨਾਚ ਗਾਣਿਆ ਦਾ ਕੇਂਦਰ ਬਣਾਉਣ ਵਾਲੇ ਬਾਦਲ ਦਲ ਦੇ ਆਗੂ ਹਰਮਨਜੀਤ ਸਿੰਘ ਨੂੰ ਬਿਨਾਂ ਕਿਸੇ ਦੇਰੀ ਦੇ ਅਕਾਲ ਤਖਤ ਤੇ ਤਲਬ ਕਰਕੇ ਮਰਿਆਦਾ ਅਨੁਸਾਰ ਕਾਰਵਾਈ ਕੀਤੀ ਜਾਵੇ।
ਇੱਕ ਬਿਆਨ ਰਾਹੀ ਸ੍ਰ ਹਰਵਿੰਦਰ ਸਿੰਘ ਸਰਨਾ ਨੇ ਕਿਹਾ ਕਿ ਵੈਸੇ ਤਾਂ ਬਾਦਲ ਦਲੀਆ ਦੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੰਨ ਸੁਵੰਨੇ ਕਿੱਸੇ ਮਰਿਆਦਾ ਦੀ ਉਲੰਘਣਾ ਦੇ ਅਕਸਰ ਹੀ ਸਾਹਮਣੇ ਆਉਦੇ ਰਹਿੰਦੇ ਹਨ ਅਤੇ ਹਰਮਨਦੀਪ ਸਿੰਘ ਪ੍ਰਧਾਨ ਸਿੰਘ ਸਭਾ ਗੁਰਦੁਆਰਾ ਰਾਜੌਰੀ ਗਾਰਡਨ ਅਤੇ ਦਿੱਲੀ ਕਮੇਟੀ ਵਿੱਚ ਮੀਤ ਪ੍ਰਧਾਨ ਦੇ ਆਹੁਦੇ ਤੇ ਬਿਰਾਜਮਾਨ ਹਨ ਵੱਲੋ ਕੀਤੀ ਗਈ ਬੱਜਰ ਗਲਤੀ ਮੁਆਫੀਯੋਗ ਨਹੀ ਹੈ।ਬੀਤੀ ਚਾਰ ਨਵੰਬਰ ਨੂੰ ਰਾਜੌਰੀ ਗਾਡਰਨ ਦੇ ਗੁਰਦੁਆਰੇ ਵਿੱਚ ਮਰਿਆਦਾ ਤੇ ਸਿਧਾਂਤਾਂ ਦੀ ਉਲੰਘਣਾ ਕਰਕੇ ਗੁਰਦੁਆਰੇ ਵਿੱਚ ਬੈਂਡ ਵਾਜੇ ਵਜਾਏ ਗਏ ਤੇ ਮੰਦਰਾਂ ਵਾਂਗ ਨਾਚ ਗਾਣੇ ਤੇ ਭੰਗੜੇ ਪਾਏ ਗਏ ਪਰ ਪ੍ਰਧਾਨ ਤੇ ਸੁਮੱਚੀ ਕਮੇਟੀ ਇਸ ਸਮੇਂ ਤਾੜੀਆ ਮਾਰਦੀ ਰਹੀ। ਉਹਨਾਂ ਕਿਹਾ ਕਿ ਗੁਰਦੁਆਰੇ ਦੀ ਹਦੂਦ ਵਿੱਚ ਕੀਤਰਨ ਹੋ ਸਕਦਾ ਹੈ, ਢਾਡੀ ਦਰਬਾਰ ਲੱਗ ਸਕਦੇ ਹਨ ਪਰ ਜਿਹੜਾ ਕਾਰਜ ਹਰਮਨਜੀਤ ਸਿੰਘ ਤੇ ਉਸ ਦੀ ਪ੍ਰਬੰਧਕੀ ਕਮੇਟੀ ਨੇ ਕੀਤਾ ਹੈ ਉਹ ਬਰਦਾਸ਼ਤਯੋਗ ਨਹੀ ਹੈ। ਉਹਨਾਂ ਕਿਹਾ ਕਿ ਬੜੇ ਹੀ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਪ੍ਰਧਾਨ ਸਮੇਤ ਸਮੁੱਚੀ ਪ੍ਰਬੰਧਕ ਕਮੇਟੀ ਨੂੰ ਹੀ ਮਰਿਆਦਾ ਬਾਰੇ ਕੋਈ ਜਾਣਕਾਰੀ ਨਹੀ ਹੈ। ਉਹਨਾਂ ਕਿਹਾ ਕਿ ਅਕਾਲ ਤਖਤ ਤੇ ਇਹਨਾਂ ਦੋਸ਼ੀਆਂ ਨੂੰ ਬਿਨਾਂ ਕਿਸੇ ਦੇਰੀ ਦੇ ਤਲਬ ਕੀਤਾ ਜਾਵੇ ਤੇ ਜੇਕਰ ਇਹਨਾਂ ਨੂੰ ਮਰਿਆਦਾ ਦੀ ਹੀ ਜਾਣਕਾਰੀ ਨਹੀ ਤਾਂ ਉਹਨਾਂ ਨੂੰ ਪ੍ਰਬੰਧਕ ਕਮੇਟੀ ਵਿੱਚ ਆਹੁਦੇਦਾਰ ਬਣੇ ਰਹਿਣ ਦਾ ਕੋਈ ਅਧਿਕਾਰ ਨਹੀ ਹੈ। ਉਹਨਾਂ ਜਥੇਦਾਰ ਅਕਾਲ ਤਖਤ ਤੋ ਮੰਗ ਕੀਤੀ ਕਿ ਹਰਮਨਜੀਤ ਸਿੰਘ ਤੇ ਹੋਰ ਆਹੁਦੇਦਾਰ ਨੂੰ ਬਿਨਾਂ ਕਿਸੇ ਦੇਰੀ ਤੇ ਤਲਬ ਕਰਕੇ ਮਰਿਆਦਾ ਅਨੁਸਾਰ ਕਾਰਵਾਈ ਕੀਤੀ ਜਾਵੇ।