ਫ਼ਤਹਿਗੜ੍ਹ ਸਾਹਿਬ – “ਭਾਰਤ ਦੇ ਵਜ਼ੀਰ-ਏ-ਆਜ਼ਮ ਅਤੇ ਭਾਜਪਾ ਜਮਾਤ ਵੱਲੋਂ ਜੋ ਬੀਤੇ ਸਮੇਂ ਵਿਚ ਨੋਟਬੰਦੀ ਦੇ ਪਾਗਲਪਨ ਦਾ ਅਮਲ ਕਰਕੇ ਅਤੇ ਭਾਰਤ ਨਿਵਾਸੀਆਂ ਉਤੇ ਜੀਐਸਟੀ ਲਾਗੂ ਕਰਕੇ ਪਾਏ ਗਏ ਮਾਲੀ ਬੋਝ ਅਤੇ ਭਾਰਤ ਦੇ ਵਪਾਰੀਆਂ, ਕਾਰੋਬਾਰੀਆਂ, ਕਿਸਾਨਾਂ, ਮਜ਼ਦੂਰਾਂ, ਵਿਦਿਆਰਥੀਆਂ ਅਤੇ ਮੁਲਾਜ਼ਮਾਂ ਆਦਿ ਉਤੇ ਕੀਤੇ ਗਏ ਜ਼ਬਰ-ਜੁਲਮ ਦੀ ਬਦੌਲਤ ਭਾਰਤ ਦੀ ਬਹੁਗਿਣਤੀ ਮੋਦੀ ਹਕੂਮਤ ਅਤੇ ਭਾਜਪਾ ਦੀ ਫਿਰਕੂ ਜਮਾਤ ਨੂੰ ਸਬਕ ਸਿਖਾਉਣ ਲਈ ਤੱਤਪਰ ਹੋਈ ਬੈਠੀ ਹੈ ਅਤੇ ਜੋ ਮੋਦੀ ਹਕੂਮਤ ਨੂੰ ਬਾਰ-ਬਾਰ ਸਰਜੀਕਲ ਸਟ੍ਰਾਈਕ ਕਰਨ ਦਾ ਭੁਸ ਪੈ ਗਿਆ ਹੈ ਅਤੇ ਅਜਿਹਾ ਪ੍ਰਚਾਰ ਕਰਕੇ ਇਥੋਂ ਦੇ ਨਿਵਾਸੀਆਂ ਨੂੰ ਆਪਣੇ ਮਗਰ ਲਗਾਉਣ ਦੇ ਮਨਸੂਬਿਆਂ ਤੇ ਅਮਲ ਕਰ ਰਹੇ ਹਨ, ਹੁਣ ਜਦੋਂ ਸਮੁੱਚੇ ਭਾਰਤ ਨਿਵਾਸੀ ਇਨ੍ਹਾਂ ਦੀਆਂ ਸੇਖ-ਚਿਲੀਆਂ ਵਾਲੀਆਂ ਗੱਲਾਂ ਤੇ ਅਮਲਾਂ ਤੋਂ ਹਰ ਪੱਖੋਂ ਦੁੱਖੀ ਹੋ ਚੁੱਕੇ ਹਨ ਹੁਣ ਇਹ ਸਰਜੀਕਲ ਸਟ੍ਰਾਈਕ ਮੋਦੀ ਅਤੇ ਬੀਜੇਪੀ ਤੇ ਹੋਣ ਜਾ ਰਹੇ ਹਨ। ਕਿਉਂਕਿ ਉਪਰੋਕਤ ਦੋਵੇ ਹਕੂਮਤੀ ਅਮਲਾਂ ਨੇ ਇਥੋਂ ਦੇ ਨਿਵਾਸੀਆਂ ਦਾ ਮਾਲੀ ਤੌਰ ਤੇ ਕਚੂਮਰ ਕੱਢਕੇ ਰੱਖ ਦਿੱਤਾ ਹੈ ਅਤੇ 8 ਨਵੰਬਰ ਨੂੰ ਹਿਮਾਚਲ ਵਿੱਚ ਤੇ 16 ਨਵੰਬਰ ਨੂੰ ਗੁਜਰਾਤ ਵਿੱਚ ਹੋਣ ਵਾਲੀਆ ਚੋਣਾਂ ਵਿੱਚ ਅਵੱਸ ਸ੍ਰੀ ਮੋਦੀ ਤੇ ਬੀਜੇਪੀ ਦਾ ਸਰਜੀਕਲ ਸਟ੍ਰਾਈਕ ਹੋ ਕੇ ਰਹੇਗਾ ਅਤੇ ਉਸ ਤੋ ਬਾਅਦ ਇਹ ਸਰਜੀਕਲ ਸਟ੍ਰਾਈਕ ਦਾ ਨਾਮ ਲੈਣਾ ਭੁੱਲ ਜਾਣਗੇ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ੍ਰੀ ਮੋਦੀ ਵੱਲੋਂ ਹਿਮਾਚਲ ਵਿੱਚ 8 ਨਵੰਬਰ ਨੂੰ ਬੇਨਾਮੀ ਜ਼ਾਇਦਾਦ ਬਾਰੇ ਸਰਜੀਕਲ ਸਟ੍ਰਾਈਕ ਕਰਨ ਦੀ ਗੱਲ ਨੂੰ ਹਾਸੋਹੀਣੀ ਕਰਾਰ ਦਿੰਦੇ ਹੋਏ ਅਤੇ ਮੋਦੀ-ਬੀਜੇਪੀ ਨੂੰ ਇਨ੍ਹਾਂ ਦੋਵਾਂ ਸੂਬਿਆਂ ਵਿੱਚ ਉਥੋਂ ਦੇ ਨਿਵਾਸੀਆਂ ਵੱਲੋਂ ਕੀਤੇ ਜਾ ਰਹੇ ਸਰਜੀਕਲ ਸਟ੍ਰਾਈਕ ਦੇ ਨਤੀਜਿਆਂ ਦਾ ਸਾਹਮਣਾ ਕਰਨ ਦੀ ਤਿਆਰੀ ਕਰਨ ਦਾ ਮਸ਼ਵਰਾਂ ਦਿੰਦੇ ਹੋਏ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਬੇਸ਼ੱਕ ਸ੍ਰੀ ਮੋਦੀ ਭਾਰਤ ਦੇ ਖਜਾਨੇ ਦੀ ਦੁਰਵਰਤੋਂ ਕਰਕੇ ਜਦੋਂ ਤੋ ਵਜ਼ੀਰ-ਏ-ਆਜ਼ਮ ਬਣੇ ਹਨ, ਵਿਦੇਸ਼ਾਂ ਦੇ ਦੌਰੇ ਤੇ ਹੀ ਮਸ਼ਰੂਫ ਰਹੇ ਹਨ । ਇਥੋਂ ਦੇ ਨਿਵਾਸੀਆਂ ਦੀਆਂ ਭਾਵਨਾਵਾਂ ਜਾਂ ਉਨ੍ਹਾਂ ਉਤੇ ਮਾਲੀ ਅਤੇ ਪਰਿਵਾਰਿਕ ਤੌਰ ਤੇ ਪੈਣ ਵਾਲੇ ਬੋਝ ਤੋਂ ਬਿਲਕੁਲ ਬੇਖ਼ਬਰ ਹਨ ਅਤੇ ਹਵਾਈ ਗੱਲਾਂ ਕਰਕੇ ਦੇਸ਼ ਨਿਵਾਸੀਆਂ ਨੂੰ ਆਪਣੀ ਫਿਰਕੂ ਅਤੇ ਕੱਟੜਵਾਦੀ ਸੋਚ ਮਗਰ ਲਗਾਉਣਾ ਚਾਹੁੰਦੇ ਹਨ । ਪਰ ਇਸ ਗੱਲ ਦੀ ਵੱਡੀ ਸੰਭਾਵਨਾ ਬਣ ਚੁੱਕੀ ਹੈ ਕਿ ਇਥੋਂ ਦਾ ਵਪਾਰੀ, ਕਾਰੋਬਾਰੀ, ਕਿਸਾਨ, ਮਜ਼ਦੂਰ ਇਨ੍ਹਾਂ ਦੀਆਂ ਜਨਤਾ ਮਾਰੂ ਨੀਤੀਆਂ ਅਤੇ ਅਮਲਾਂ ਤੋ ਪੂਰਾ ਵਾਕਿਫ਼ ਹੋ ਚੁੱਕਾ ਹੈ। ਹੁਣ ਇਨ੍ਹਾਂ ਦੇ ਮੀਡੀਏ ਅਤੇ ਬਿਜਲਈ ਮੀਡੀਏ ਵਿਚ ਗੈਰਤਰਕ ਢੰਗਾਂ ਰਾਹੀ ਕੀਤੇ ਜਾ ਰਹੇ ਪ੍ਰਚਾਰ ਦਾ ਇਥੋਂ ਦੇ ਨਿਵਾਸੀਆਂ ਤੇ ਕੋਈ ਅਸਰ ਨਹੀਂ ਹੋ ਰਿਹਾ। ਇਹੀ ਵਜਹ ਹੈ ਕਿ ਸ੍ਰੀ ਮੋਦੀ ਦਾ ਇਕ ਪੈਰ ਗੁਜਰਾਤ ਵਿਚ ਤੇ ਇਕ ਹਿਮਾਚਲ ਵਿਚ ਹੈ। ਲੇਕਿਨ ਇਹ ਭੁੱਲ ਚੁੱਕੇ ਹਨ ਕਿ ਹੁਣ ਦੋਨਾਂ ਸੂਬਿਆਂ ਦੇ ਨਿਵਾਸੀ ਹੁਣ ਇਨ੍ਹਾਂ ਦੀਆਂ ਗਲਤੀਆਂ ਦੀ ਬਦੌਲਤ ਇਨ੍ਹਾਂ ਨੂੰ ਹੋਰ ਬਰਦਾਸ਼ਤ ਕਰਨ ਤੋਂ ਮੁੰਨਕਰ ਹੋ ਚੁੱਕੇ ਹਨ ਅਤੇ ਦੋਨਾਂ ਸੂਬਿਆਂ ਦੇ ਵੋਟ ਨਤੀਜੇ ਇਨ੍ਹਾਂ ਨੂੰ ਇਨ੍ਹਾਂ ਦੀ ਅਸਲ ਪਹਿਚਾਣ ਦਾ ਜਿਥੇ ਅਹਿਸਾਸ ਕਰਵਾਉਣਗੇ, ਉਥੇ ਇਹ ਵੋਟਰ ਇਨ੍ਹਾਂ ਦੇ ਚਿਹਰਿਆਂ ਤੇ ਚੜ੍ਹਾਏ ਮੁਖੋਟਿਆਂ ਨੂੰ ਉਤਾਰਕੇ ਸੁੱਟ ਦੇਣਗੇ। ਇਹ ਸਾਨੂੰ ਆਪਣੇ ਭਰੋਸੇਯੋਗ ਵਸੀਲਿਆਂ ਤੋਂ ਦੋਵਾਂ ਸੂਬਿਆਂ ਦੀਆਂ ਆਉਣ ਵਾਲੀਆਂ ਰਿਪੋਰਟਾਂ ਤੋਂ ਜਾਣਕਾਰੀ ਮਿਲੀ ਹੈ ।