ਅੰਮ੍ਰਿਤਸਰ – ਯੂਥ ਅਕਾਲੀ ਦਲ ਦੇ ਪ੍ਰਧਾਨ ਰਵੀਕਰਨ ਸਿੰਘ ਕਾਹਲੋਂ ਅਤੇ ਸਕੱਤਰ ਜਨਰਲ ਤਲਬੀਰ ਸਿੰਘ ਗਿੱਲ ਨੇ ਕਿਹਾ ਕਿ ਆਮ ਆਦਮੀ ਪਾਰਟੀ (ਆਪ) ਨੇ ਪੰਜਾਬ ਇਕਾਈ ਦੇ ਇੰਚਾਰਜ ਰਹੇ ਸੰਜੇ ਸਿੰਘ ਅਤੇ ਦੁਰਗੇਸ਼ ਪਾਠਕ ਨੂੰ ਚੋਣਾਂ ਦੌਰਾਨ ਲੱਗੇ ਵੱਖ-ਵੱਖ ਦੋਸ਼ਾਂ ਤੋਂ ਕਲੀਨ ਚਿੱਟ ਦੇ ਕੇ ਆਪਣੀ ਸਿਆਸੀ ਕਬਰ ਖੋਦ ਲਈ ਹੈ।
ਇੱਕ ਮੀਟਿੰਗ ਉਪਰੰਤ ਪ੍ਰੈਸ ਨਾਲ ਗਲ ਕਰਦਿਆਂ ਸ: ਕਾਹਲੋਂ ਅਤੇ ਸ: ਗਿੱਲ ਨੇ ਕਿਹਾ ਕਿ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਪੰਜਾਬ ਦੇ ਇੰਚਾਰਜਾਂ ਸੰਜੇ ਸਿੰਘ ਅਤੇ ਦੁਰਗੇਸ਼ ਪਾਠਕ ਉਪਰ ਠੋਸ ਸਬੂਤਾਂ ਤਹਿਤ ਆਪ ਦੇ ਪੀੜਤ ਆਗੂਆਂ ਨੇ ਪੈਸੇ ਲੈ ਕੇ ਟਿਕਟਾਂ ਵੰਡਣ ਸਮੇਤ ਹੋਰ ਕਈ ਤਰ੍ਹਾਂ ਦੇ ਲੱਗੇ ਗੰਭੀਰ ਦੋਸ਼ ਲਾਏ ਗਏ ਸਨ। ਕਈ ਆਗੂ ਅਤੇ ਵਰਕਰ ਤਾਂ ਦਿਲੀ ਦੇ ਆਗੂਆਂ ਦੀਆਂ ਅਜਿਹੀਆਂ ਮਾੜੀਆਂ ਹਰਕਤਾਂ ਤੋਂ ਦੁਖੀ ਹੋਕੇ ਪਾਰਟੀ ਛੱਡ ਗਏ ਸਨ। ਅਜਿਹੇ ’ਚ ਦੋਹਾਂ ਖ਼ਿਲਾਫ਼ ਲੱਗੇ ਦੋਸ਼ਾਂ ਵਿੱਚੋਂ ਕਿਸੇ ਇੱਕ ਦਾ ਵੀ ਸਬੂਤ ਸਾਹਮਣੇ ਨਾ ਆਉਣ ਦੀ ਕਹਾਣੀ ’ਚ ਕਿੰਨੀ ਕੁ ਸਚਾਈ ਹੈ ਲੋਕਾਂ ਤੋਂ ਛੁਪਿਆ ਹੋਇਆ ਨਹੀਂ ਹੈ। ਮੀਟਿੰਗ ਬਾਰੇ ਵੇਰਵਾ ਦਿੰਦਿਆਂ ਪ੍ਰੋ: ਸਰਚਾਂਦ ਸਿੰਘ ਨੇ ਦੱਸਿਆ ਕਿ ਯੂਥ ਅਕਾਲੀ ਦਲ ਨੇ ਸ: ਕਾਹਲੋਂ ਅਤੇ ਗਿੱਲ ਦੀ ਅਗਵਾਈ ’ਚ ਦਸੰਬਰ ਤੋਂ ਆਪਣੀ ਭਰਤੀ ਮੁਹਿੰਮ ਦਾ ਆਗਾਜ਼ ਕਰਨ ਦਾ ਫੈਸਲਾ ਕੀਤਾ ਹੈ। ਯੂਥ ਅਕਾਲੀ ਦਲ ਵੱਲੋਂ ਸ: ਬਿਕਰਮ ਸਿੰਘ ਮਜੀਠੀਆ ਦੇ ਦਿਸ਼ਾ ਨਿਰਦੇਸ਼ ’ਚ ਭਵਿੱਖ ਦੌਰਾਨ ਰਾਜਨੀਤਿਕ ਸਰਗਰਮੀਆਂ ਦੇ ਨਾਲ ਨਾਲ ਧਾਰਮਿਕ ਅਤੇ ਸਮਾਜਕ ਸਰੋਕਾਰਾਂ ਨੂੰ ਵੀ ਮੁੱਖ ਰਖ ਕੇ ਪ੍ਰੋਗਰਾਮ ਉਲੀਕਿਆ ਜਾਵੇਗਾ ਅਤੇ ਨੌਜਵਾਨ ਵਰਗ ਨੂੰ ਆਪਣੇ ਅਮੀਰ ਵਿਰਸੇ ਨਾਲ ਜੋੜਨ ਤੋਂ ਇਲਾਵਾ ਉਨ੍ਹਾਂ ਨੂੰ ਸਮਾਜਕ ਭਲੇ ਦੇ ਕਾਰਜਾਂ ਵਿੱਚ ਗਰਮਜੋਸ਼ੀ ਨਾਲ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ ਜਾਵੇਗਾ। ਉਹਨਾਂ ਕਿਹਾ ਸਰਕਾਰ ਨੇ ਯੂਥ ਨਾਲ ਕੀਤੇ ਵਾਅਦੇ ਪੂਰੇ ਕਰਨ ਤੋਂ ਪਾਸਾ ਵੱਟ ਲਿਆ ਹੈ। ਪਰ ਪੰਜਾਬ ਦੇ ਮਿਹਨਤੀ ਨੌਜਵਾਨ ਹਤਾਸ਼ ਨਾ ਹੋਣ ਅਤੇ ਸਰਕਾਰ ਦੀਆਂ ਵਾਅਦਾ ਖਿਲਾਫੀਆਂ ਖ਼ਿਲਾਫ਼ ਇੱਕਜੁੱਟ ਹੋਣ।
ਇਸ ਮੌਕੇ ਅਕਾਲੀ ਦਲ ਸ਼ਹਿਰੀ ਪ੍ਰਧਾਨ ਗੁਰਪ੍ਰਤਾਪ ਸਿੰਘ ਟਿਕਾ, ਅਜੈਬੀਰਪਾਲ ਸਿੰਘ ਰੰਧਾਵਾ,ਰਾਣਾ ਰਣਬੀਰ ਸਿੰਘ ਲੋਪੋਕੇ, ਬੌਬੀ ਖਾਨਕੋਟ, ਬਿਕਰਮਜੀਤ ਸਿੰਘ ਕੋਟਲਾ, ਸੰਦੀਪ ਸਿੰਘ ਏ ਆਰ, ਅਮਰਬੀਰ ਸਿੰਘ ਢੋਟ, ਅੰਮੂ ਗੁੰਮਟਾਲਾ, ਗੁਰਜੀਤ ਸਿੰਘ ਬਿਜਲੀ ਵਾਲਾ, ਰਣਜੀਤ ਸਿੰਘ ਮੀਆਂਵਿੰਡ, ਜਗਰੂਪ ਸਿੰਘ ਚੰਦੀ, ਹਰਜੀਤ ਸਿੰਘ ਮੀਆਂਵਿੰਡ, ਬਿਕਰਮਜੀਤ ਸਿੰਘ ਵਿਕੀ, ਜਸਪਾਲ ਭੋਆ, ਅਜੀਤਪਾਲ ਸਿੰਘ, ਜੱਜ ਸਿੰਘ ਮਰੜੀ, ਬਿੱਟੂ ਰੰਗੀਲਪੁਰਾ, ਕੋਮਲ ਸਰਪੰਚ ਚਾਚੋਵਾਲੀ, ਗੁਰਅੰਮ੍ਰਿਤਪਾਲ ਲਵਲੀ, ਪਰਮਜੀਤ ਜੈਂਤੀਪੁਰ, ਅੰਮ੍ਰਿਤਪਾਲ ਸਿੰਘ ਘਸੀਟ ਪੁਰਾ, ਬਘੇਲ ਸਿੰਘ ਕੋਨਲਾ, ਸੁਰਿੰਦਰ ਸਿੰਘ , ਗਗਨਦੀਪ ਸਿੰਘ, ਯਾਦਵਿੰਦਰ ਸਿੰਘ ਮਾਨੋਚਾਹਲ, ਮਲਕੀਤ ਸਿੰਘ ਬੀਡੀਓ, ਸਰਬ ਭੁੱਲਰ, ਰਵੀ ਬੂਹ, ਗੁਰਪ੍ਰੀਤ ਪ੍ਰਿੰਸ, ਸਤਿੰਦਰਜੀਤ ਸਿੰਘ, ਜਸਪਾਲ ਸਿੰਘ ਭੋਮਾ, ਹਿੰਮਤ ਸਿੰਘ ਕਾਦਰਾਬਾਦ, ਸਾਹਿਬ ਸਿੰਘ ਰੰਗੀਲ ਪੁਰਾ ਆਦਿ ਮੌਜੂਦ ਸਨ।