ਪਟਨਾ – ਬੀਜੇਪੀ ਦੇ ਸਾਬਕਾ ਵਿੱਤ ਮੰਤਰੀ ਅਤੇ ਸੀਨੀਅਰ ਨੇਤਾ ਯਸ਼ਵੰਤ ਸਿਨਹਾ ਨੇ ਫਿਰ ਤੋਂ ਫਾਈਨਾਂਸ ਮਨਿਸਟਰ ਅਰੁਣ ਜੇਟਲੀ ਤੇ ਸ਼ਬਦੀ ਹਮਲੇ ਕੀਤੇ ਹਨ। ਉਨ੍ਹਾਂ ਨੇ ਕਿਹਾ ਕਿ ਜੇਟਲੀ ਨੇ ਗੁਡਸ ਐਂਡ ਸਰਵਿਸਜ਼ ਟੈਕਸ (GST) ਨੂੰ ਲਾਗੂ ਕਰਦੇ ਸਮੇਂ ਬਿਲਕੁਲ ਵੀ ਦਿਮਾਗ ਦਾ ਇਸਤੇਮਾਲ ਨਹੀਂ ਕੀਤਾ। ਵਾਜਪਾਈ ਸਰਕਾਰ ਵਿੱਚ ਕੈਬਨਿਟ ਮਨਿਸਟਰ ਰਹੇ ਯਸ਼ਵੰਤ ਸਿਨਹਾ ਨੇ ਇਸ ਮੁੱਦੇ ਤੇ ਜੇਟਲੀ ਤੋਂ ਅਸਤੀਫ਼ੇ ਦੀ ਵੀ ਮੰਗ ਕੀਤੀ ਹੈ। ਇਸ ਤੋਂ ਪਹਿਲਾਂ ਵੀ ਉਹ ਨੋਟਬੰਦੀ ਅਤੇ ਅਰਥਵਿਵਸਥਾ ਦੀ ਖਰਾਬ ਸਥਿਤੀ ਸਬੰਧੀ ਮੋਦੀ ਅਤੇ ਜੇਟਲੀ ਦੀਆਂ ਨੀਤੀਆਂ ਦੀ ਸਖਤ ਆਲੋਚਨਾ ਕਰ ਚੁੱਕੇ ਹਨ।
ਬਿਹਾਰ ਵਿੱਚ ਸਤਾਧਾਰੀ ਪਾਰਟੀ ਜਦਯੂ ਦੇ ਬਾਗੀ ਨੇਤਾ ਉਦੈ ਨਰਾਇਣ ਚੌਧਰੀ ਵੱਲੋਂ ਆਯੋਜਿਤ ਇੱਕ ਪ੍ਰੋਗਰਾਮ ਦੌਰਾਨ ਸਿਨਹਾ ਨੇ ਇਹ ਸ਼ਬਦ ਕਹੇ। ਵਰਨਣਯੋਗ ਹੈ ਕਿ ਜੇਟਲੀ ਨੇ ਯਸ਼ਵੰਤ ਨੂੰ 80 ਸਾਲ ਦੀ ਉਮਰ ਵਿੱਚ ਨੌਕਰੀ ਦੀ ਭਾਲ ਕਰਨ ਵਾਲਾ ਦੱਸਿਆ ਸੀ। ਸਿਨਹਾ ਨੇ ਜੇਟਲੀ ਦੇ ਇਸ ਤੰਜ ਦਾ ਜਵਾਬ ਦਿੰਦੇ ਹੋਏ ਕਿਹਾ, “ਜੋ ਲੋਕ ਇਹ ਕਹਿ ਰਹੇ ਹਨ ਕਿ ਮੈਂ 80 ਦੀ ਉਮਰ ਵਿੱਚ ਨੌਕਰੀ ਖੋਜ ਰਿਹਾ ਹਾਂ, ਉਨ੍ਹਾਂ ਨੂੰ ਇਹ ਵੀ ਪਤਾ ਹੋਣਾ ਚਾਹੀਦਾ ਹੈ ਕਿ ਮੈਂ ਕਦੇ ਵੀ ਸੰਸਦ ਵਿੱਚ ਬੈਠ ਕੇ ਬਜਟ ਪੇਸ਼ ਨਹੀਂ ਕੀਤਾ।ਾ।” ਜਿਕਰਯੋਗ ਹੈ ਕਿ ਜੇਟਲੀ ਨੇ ਸੰਸਦ ਵਿੱਚ ਬੈਠ ਕੇ ਬਜਟ ਪੇਸ਼ ਕੀਤਾ ਸੀ।