ਲੈਸਟਰ, (ਯੂਕੇ): ਲੈਸਟਰ ਦੇ ਗੁਰੂ ਨਾਨਕ ਗੁਰਦੁਆਰੇ ਦੀ ਮੈਨਜਮੈਂਟ ਕਮੇਟੀ ਦੇ ਦੋ ਪ੍ਰਬੰਧਕਾਂ ਦੇ ਖਿਲਾਫ, ਗੁਰਦੁਆਰੇ ਦੇ ਇੱਕ ਮੈਂਬਰ ਓਂਕਾਰ ਸਿੰਘ ਥਾਂਦੀ (ਇੰਗਲੈਂਡ) ਵੱਲੋਂ, ਹਾਈ ਕੋਰਟ ਵਿੱਚ ਇੱਕ ਐਪਲੀਕੇਸ਼ਨ ਪੇਸ਼ ਕੀਤੀ ਗਈ, ਜੋ ਇਸ ਬਾਰੇ ਦੱਸਦੀ ਹੈ ਕਿ, ਗੁਰਦੁਆਰੇ ਦੇ ਪ੍ਰਧਾਨ ਅਜਮੇਰ ਸਿੰਘ ਬਸਰਾ ਅਤੇ ਜਨਰਲ ਸੈਕਟਰੀ ਅਮਰੀਕ ਸਿੰਘ ਗਿੱਲ ਨੇ, ਨਸਲਵਾਦ ਨੂੰ ਨਜ਼ਰਅੰਦਾਜ਼ ਕੀਤਾ ਹੈ, ਤੇ ਫਿਰ ਓਂਕਾਰ ਨੂੰ, ਫੇਸਬੁੱਕ ਤੇ, ਯੂ ਟਿਊਬ ਤੇ ਅਤੇ ਦੋ ਪੰਜਾਬੀ ਅਖਬਾਰਾਂ ਵਿਚ ਬਦਨਾਮ ਕੀਤਾ ਹੈ, ਕਿਉਂਕਿ ਓਂਕਾਰ ਨੇ ਜਨਤਕ ਤੌਰ ਤੇ ਪ੍ਰਬੰਧਕਾਂ ਦੇ ਗ਼ਲਤ ਕੰਮਾਂ ਦਾ ਖੁਲਾਸਾ ਕੀਤਾ ਹੈ। ਓਂਕਾਰ ਕਹਿੰਦਾ ਹੈ ਕਿ “ਨਸਲਵਾਦ ਯੂਕੇ ਵਿੱਚ ਇਕ ਪੂਜਾ/ਭਗਤੀ ਦੀ ਜਗ੍ਹਾ ਤੇ ਗੈਰਕਾਨੂੰਨੀ ਨਹੀਂ ਹੈ, ਪਰ ਇੱਕ ਗੁਰਦੁਆਰੇ ਵਿੱਚ ਨਾਮਨਜ਼ੂਰ ਹੈ, ਕਿਉਂਕਿ ਇਹ ਸਿੱਖੀ ਦੇ ਖਿਲਾਫ ਹੈ”।
ਕਈ ਗੁਰਦੁਆਰਿਆਂ ਦੀ ਤਰ੍ਹਾਂ, ਲੈਸਟਰ ਵਿਖੇ ਗੁਰੂ ਨਾਨਕ ਗੁਰਦੁਆਰੇ ਵਿੱਚ ਵੀ ਇੱਕ ਲੰਗਰ ਸੇਵਾ (ਮੁਫ਼ਤ ਦੀ ਕਿਚਨ) ਚਲਦੀ ਹੈ, ਜਿਸ ਵੱਲ ਕਈ ਗੋਰੇ ਤੇ ਹਿੰਦੂ ਖਿੱਚੇ ਚਲੇ ਆਉਂਦੇ ਹਨ, ਜੋ ਕਿ ਵਿਚਾਰੇ ਜ਼ਰੂਰਤਮੰਦ ਅਤੇ ਬੇਘਰ ਹੁੰਦੇ ਹਨ। ਓਂਕਾਰ ਕਹਿੰਦਾ ਹੈ ਕਿ “2015 ਦੇ ਸ਼ੁਰੂ ਅਤੇ ਸਤੰਬਰ 2016 ਦੇ ਦੌਰਾਨ, ਮੈਨੇਜਮੈਂਟ ਨੇ ਗੁਰਦੁਆਰੇ ਦੇ ਇੱਕ ਕਰਮਚਾਰੀ, ਜਿਸਦਾ ਨਾਮ ਜੋਗਿੰਦਰ ਸਿੰਘ ਹੈ, ਦੇ ਵਿਰੁੱਧ ਨਸਲਵਾਦ ਸਬੰਧਿਤ ਕਈ ਵਾਰ ਸ਼ਿਕਾਇਤ ਅਤੇ ਇੱਕ ਆਨਲਾਈਨ ਪਟੀਸ਼ਨ ਨੂੰ ਨਜ਼ਰਅੰਦਾਜ਼ ਕੀਤਾ ਸੀ। ਜੋਗਿੰਦਰ ਨੇ, ਗ਼ੈਰ-ਸਿੱਖ ਲੋਕਾਂ (ਜੋ ਗੁਰਦਵਾਰੇ ਆਉਂਦੇ ਜਾਂਦੇ ਹਨ) ਨਾਲ ਬੁਰਾ ਵਿਹਾਰ ਕੀਤਾ ਸੀ, ਅਤੇ ਲੰਗਰ ਵਰਤਾਉਣ ਤੋਂ ਇਨਕਾਰ ਕੀਤਾ ਸੀ”।
ਓਂਕਾਰ ਦੱਸਦਾ ਹੈ, “ਜੋਗਿੰਦਰ ਅਕਸਰ ਯੋਗ ਗ਼ੈਰ-ਸਿੱਖਾਂ ਤੋਂ ਪਲੇਟਾਂ ਖੋਹ ਲੈਂਦਾ ਸੀ ਅਤੇ ਉਹਨਾਂ ਨੂੰ ਉੱਥੋਂ ਚਲੇ ਜਾਣ ਲਈ ਕਹਿੰਦਾ, ਉਹ ਗਲਤ ਢੰਗ ਨਾਲ ਗ਼ੈਰ-ਸਿੱਖਾਂ ’ਤੇ ਲੰਗਰ ਚੋਰੀ ਕਰਨ ਅਤੇ ਇਸ ਨੂੰ ਜ਼ਾਇਆ ਕਰਨ ਦਾ ਦੋਸ਼ ਲਗਾਉਂਦਾ, ਉਹ ਗ਼ੈਰ-ਸਿੱਖਾਂ ਨੂੰ ਇੱਕ ਰੋਟੀ (ਪਰਸ਼ਾਦਾ) ਦਿੰਦਾ, ਜਦਕਿ ਪ੍ਰਥਾ ਦੋ ਦੇਣ ਦੀ ਹੈ, ਅਤੇ ਇੱਥੋਂ ਤੱਕ ਕਿ ਉਹ ਗ਼ੈਰ-ਸਿੱਖਾਂ ਨੂੰ ਬਾਸੀ ਰੋਟੀ ਦਿੰਦਾ, ਤਾਂ ਜੋ ਉਹਨਾਂ ਨੂੰ ਗੁਰਦੁਆਰੇ ਆਉਣ ਤੋਂ ਨਿਰਉਤਸ਼ਾਹਿਤ ਕੀਤਾ ਜਾ ਸਕੇ”।
ਪਟੀਸ਼ਨ ’ਤੇ ਦਸਤਖ਼ਤ ਕਰਨ ਵਾਲੇ ਕੁਝ ਲੋਕਾਂ ਨੇ ਟਿੱਪਣੀ ਕੀਤੀ:
‘ਜੋਗਿੰਦਰ ਨੇ ਮੇਰੀ ਪਤਨੀ, ਸਾਡੀ 6 ਸਾਲ ਦੀ ਧੀ ਅਤੇ ਮੈਨੂੰ ਲੰਗਰ ਦੇਣ ਤੋਂ ਨਾਂਹ ਕੀਤੀ। ਅਸੀਂ ਸ਼ਿਕਾਇਤ ਕੀਤੀ…ਪਰ ਕਮੇਟੀ ਬੇਕਾਰ ਹੈ’ (ਅਮਿਤ ਆਨੰਦ)।
‘ਜੋਗਿੰਦਰ ਬਹੁਤ ਅਸੱਭਿਅਕ ਹੈ। ਮੈਂ ਉਸ ਨੂੰ ਗੋਰੀ ਔਰਤ ਨੂੰ ਭੋਜਨ (ਲੰਗਰ) ਦੇਣ ਤੋਂ ਇਨਕਾਰ ਕਰਦਿਆਂ ਦੇਖਿਆ ਸੀ। ਜਦੋਂ ਅਸੀਂ ਕਮੇਟੀ ਨੂੰ ਦੱਸਿਆ, ਤਾਂ ਉਹਨਾਂ ਨੇ ਕਿਹਾ ਕਿ ਜੋਗਿੰਦਰ ਜੋ ਵੀ ਕਰਦਾ ਹੈ ਉਸ ਨਾਲ ਸਾਡਾ ਕੋਈ ਲੈਣਾ-ਦੇਣਾ ਨਹੀਂ ਹੈ’ (ਜੂਹੀ ਕੌਰ)।
‘ਜੋਗਿੰਦਰ ਨੂੰ ਪਿਛਲੀ ਕਮੇਟੀ ਵੱਲੋਂ ਵੀ ਚਿਤਾਵਨੀ ਦਿੱਤੀ ਗਈ ਸੀ, ਪਰ ਉਸ ਨੇ ਸ਼ਰਧਾਲੂਆਂ ਨੂੰ ਲੰਗਰ ਤੋਂ ਇਨਕਾਰ ਕਰਨਾ ਅਤੇ ਉਹਨਾਂ ਪ੍ਰਤੀ ਅਸੱਭਿਅਕ ਹੋਣਾ ਜਾਰੀ ਰੱਖਿਆ’ (ਸਾਬਕਾ ਕਮੇਟੀ ਮੈਂਬਰ, ਸੁਲੱਖਣ ਸਿੰਘ ਦਰਦ)।
ਓਂਕਾਰ ਅੱਗੇ ਦੱਸਦਾ ਹੈ, “2015 ਵਿੱਚ ਜਦੋਂ ਇੱਕ ਗੋਰੇ ਵਿਅਕਤੀ ਨੇ ਬਾਸੀ ਰੋਟੀਆਂ ਕਰਕੇ ਆਪਣੇ ਪੇਟ ਦੀਆਂ ਸਮੱਸਿਆਵਾਂ ਬਾਰੇ ਸ਼ਿਕਾਇਤ ਕੀਤੀ, ਜੋਗਿੰਦਰ ਨੇ ਉਸ ਨਾਲ ਬਹਿਸ ਕੀਤੀ ਅਤੇ ਉਸ ਨੂੰ ਦੱਸਿਆ ਕਿ ਉਸ ’ਤੇ ਗੁਰਦੁਆਰੇ ਆਉਣ ਤੋਂ ਪਾਬੰਦੀ ਹੈ, ਬਾਵਜੂਦ ਇਸ ਤੱਥ ਦੇ ਕਿ ਜੋਗਿੰਦਰ ਕੋਲ ਉਸ ’ਤੇ ਪਾਬੰਦੀ ਲਗਾਉਣ ਦਾ ਕੋਈ ਅਧਿਕਾਰ ਨਹੀਂ ਹੈ। ਗੋਰਾ ਵਿਅਕਤੀ ਰੋਣ ਲੱਗਾ, “ਮੈਨੂੰ ਮਾਫ਼ ਕਰ ਦਿਓ, ਕਿਰਪਾ ਕਰਕੇ ਮੇਰੇ ’ਤੇ ਪਾਬੰਦੀ ਨਾ ਲਗਾਓ”, ਪਰ ਜੋਗਿੰਦਰ ਨੇ ਪੁਲਿਸ ਨੂੰ ਕਾਲ ਕਰਨ ਦੀ ਧਮਕੀ ਦਿੱਤੀ, ਜਿਸ ਕਰਕੇ ਗੋਰੇ ਵਿਅਕਤੀ ਨੇ ਗੁਰਦੁਆਰੇ ਆਉਣਾ ਬੰਦ ਕਰ ਦਿੱਤਾ।
2016 ਦੀ ਸ਼ੁਰੂਆਤ ਵਿੱਚ, ਜੋਗਿੰਦਰ ਨੇ ਅਸੱਭਿਅਕ ਢੰਗ ਨਾਲ ਇੱਕ ਹਿੰਦੂ ਔਰਤ ਨੂੰ ਇਹ ਦੱਸਦੇ ਹੋਏ ਲੰਗਰ ਦੇਣ ਤੋਂ ਇਨਕਾਰ ਕਰ ਦਿੱਤਾ ਕਿ ਗੁਰਦੁਆਰਾ “ਰੈਸਟੋਰੈਂਟ ਨਹੀਂ ਹੈ”, ਜਿਸ ਕਾਰਨ ਉਹ ਰੋਣ ਲੱਗੀ। ਇਸ ਘਟਨਾ ਦੀ ਰਿਪੋਰਟ ਅਮਰੀਕ ਕੋਲ ਕੀਤੀ ਗਈ ਸੀ, ਜਿਸ ਨੇ ਹਿੰਦੂ ਔਰਤ ਨੂੰ ਰੋਂਦੇ ਹੋਏ ਦੇਖਿਆ ਸੀ, ਪਰ ਉਸ ਨੇ ਉਸ ਵਿਰੁੱਧ ਅਨੁਸ਼ਾਸਨੀ ਕਾਰਵਾਈ ਕਰਨ, ਜਾਂ ਜੋਗਿੰਦਰ ਨੂੰ ਲੰਗਰ ਵਰਤਾਉਣ ਤੋਂ ਹਟਾਉਣ ਦੀ ਬਜਾਏ ਲਾਪਰਵਾਹੀ ਨਾਲ ਜਵਾਬ ਦਿੱਤਾ, “ਫੇਰ ਤੁਸੀਂ ।ਓਂਕਾਰ॥ ਉਸ ਨੂੰ (ਲੰਗਰ) ਛਕਾ ਦਿਓ”।
4 ਅਪ੍ਰੈਲ 2016 ਨੂੰ ਓਂਕਾਰ ਨੇ ਆਪਣੇ ਕੁਝ ਸਾਥੀਆਂ ਨਾਲ ਸਲਾਹ ਕਰਕੇ ਜੋਗਿੰਦਰ ਖਿਲਾਫ ਗੁਰਦੁਆਰਾ ਸਾਹਿਬ ਦੀ ਕਮੇਟੀ ਨੂੰ 13 ਪੇਜਾਂ ਦੀ ਇੱਕ ਚਿੱਠੀ ਭੇਜੀ ਸੀ ਪਰ ਕਮੇਟੀ ਨੇ ਚਿੱਠੀ ਨੂੰ ਨਜ਼ਰਅੰਦਾਜ਼ ਕੀਤਾ ਸੀ। ਫੇਰ ਓਂਕਾਰ ਨੇ 23 ਅਪ੍ਰੈਲ 2016 ਨੂੰ ਆਨਲਾਈਨ ਪਟੀਸ਼ਨ ਪਾਈ ਸੀ, ਜਿਸ ਨੂੰ ਸਾਈਨ ਕਰਦੇ ਹੋਏ ਕਈ ਹੋਰਨਾਂ ਨੇ ਵੀ ਆਪਣੇ ਅੱਖੀਂ ਦੇਖੀਆਂ ਘਟਨਾਵਾਂ ਦਾ ਜ਼ਿਕਰ ਕੀਤਾ ਸੀ, ਪਰ ਕਮੇਟੀ ਨੇ ਉਸ ਪਟੀਸ਼ਨ ਨੂੰ ਵੀ ਅਣਗੌਲਿਆ ਕਰ ਦਿੱਤਾ ਸੀ।
ਇਕ ਵਾਕਿਆ 1 ਜੁਲਾਈ 2016 ਨੂੰ ਹੋਇਆ ਸੀ, ਅਤੇ ਓਂਕਾਰ ਦਾ ਕਹਿਣਾ ਹੈ ਕਿ “ਉਸ ਸ਼ਾਮ, ਮੈਂ ਜੋਗਿੰਦਰ ਨੂੰ ਇਕ ਬੇਘਰ ਗੋਰੀ (ਇੰਗਲਿਸ਼) ਔਰਤ ਨਾਲ ਦੁਰਵਿਹਾਰ ਕਰਦਿਆਂ ਆਪਣੀਆਂ ਅੱਖਾਂ ਨਾਲ ਦੇਖਿਆ ਸੀ, ਜਦੋਂ ਜੋਗਿੰਦਰ ਨੇ ਲੰਗਰ ਖਾਣ ਆਈ ਇੱਕ ਗੋਰੀ ਨੂੰ “ਗੰਦੀ ਔਰਤ” ਕਹਿ ਕੇ ਜਲੀਲ ਕੀਤਾ ਸੀ, ਜਿਸ ਕਰਕੇ ਮੈਂ ਜੋਗਿੰਦਰ ਦਾ ਸਾਹਮਣਾ ਕੀਤਾ ਸੀ, ਤੇ ਇਸ ਘਟਨਾ ਦੀ ਆਪਣੇ ਫੋਨ ਤੇ ਫਿਲਮ ਬਣਾਈ ਸੀ। ਮੇਰੀ ਵੀਡੀਓ ਵਿੱਚ ਦਿਸਦਾ ਹੈ ਕਿ ਜੋਗਿੰਦਰ ਘਬਰਾਇਆ ਹੋਇਆ ਹੈ, ਅਤੇ ਬਤੀਆਂ ਬੰਦ ਕਰ ਰਿਹਾ ਹੈ, ਦੋ ਵਾਰੀ ਝੂਠ ਬੋਲਦਾ ਹੈ, ਅਤੇ ਅੰਤ ਵਿੱਚ, ਇਕ ਕਮਰੇ ਵਿੱਚ ਜਾ ਕੇ ਲੁਕ ਜਾਂਦਾ ਹੈ, ਕਿਉਂਕਿ ਅਸੀਂ (ਪਟੀਸ਼ਨਰ) ਸ਼ਿਕਾਇਤ ਕਰਕੇ ਥੱਕ-ਹਾਰ ਗਏ ਸੀ, ਅਸੀਂ ਮੈਨੇਜਮੈਂਟ ਅਤੇ ਜੋਗਿੰਦਰ ਦਾ ਖੁਲਾਸਾ ਕਰਨ ਲਈ ਯੂ ਟਿਊਬ ਤੇ ਵੀਡੀਓ ਪਾ ਦਿੱਤੀ ਸੀ”।
ਓਂਕਾਰ ਇਹ ਕਹਿੰਦਾ ਹੈ ਕਿ ਮੈਨੇਜਮੈਂਟ ਨੇ ਗੁਰਦੁਆਰੇ ਦੇ ਮੈਂਬਰਾਂ ਕੋਲ ਉਸਦੀ ਨਿੰਦਿਆ ਕਰਕੇ ਨਸਲਵਾਦ ਤੇ ਪੋਚਾ ਪਾਇਆ ਹੈ, ਜਿਵੇਂ ਉਹ ਕਹਿੰਦਾ ਹੈ ਕਿ “ਮੇਰੀ ਵੀਡੀਓ ਤੋਂ ਸਾਬਿਤ ਹੋ ਗਿਆ ਸੀ ਕਿ ਜੋਗਿੰਦਰ ਗ਼ਲਤ ਹੈ, ਪਰ ਉਸਦੀ ਕੰਮ ਤੋਂ ਛੁੱਟੀ ਕਰਨ ਦੀ ਬਜਾਏ, ਮੈਨੇਜਮੈਂਟ ਨੇ ਮੇਰੇ ਨਾਲ ਕੁੱਟ-ਮਾਰ ਕਰਨ ਦੀਆਂ ਧਮਕੀਆਂ ਦਿੱਤੀਆਂ, ਪਰੇਸ਼ਾਨ ਕੀਤਾ ਅਤੇ ਸਾਰਿਆਂ ਨੂੰ ਕਿਹਾ ਕਿ ਮੈਂ ਮੁਸੀਬਤਾਂ ਖੜੀ ਕਰਨ ਵਾਲਾ ਹਾਂ, ਜਿਸ ਨੇ ਇਸ ਗੋਰੀ ਔਰਤ ਨੂੰ ਪੈਸੇ ਦੇ ਕੇ, ਜੋਗਿੰਦਰ ਨੂੰ “ਸੈੱਟ ਅੱਪ” ਕੀਤਾ (ਫਸਾਇਆ) ਹੈ, ਕਿਉਂਕਿ ਇਹ ਇੱਕ ਨਿੱਜੀ ਵੈਰ ਕਿਸੇ ਲਾਟਰੀ ਜਿੱਤਣ ਕਰਕੇ ਸੀ, ਪਰ ਇਹ ਸਭ ਇਕ ਦਮ ਬਕਵਾਸ ਹੈ”।
ਜੁਲਾਈ 2016 ਵਿੱਚ, ਮੈਨੇਜਮੈਂਟ ਨੇ, ਫੇਸਬੁੱਕ ਤੇ ਅਤੇ ਦੋ ਪੰਜਾਬੀ ਅਖਬਾਰਾਂ (‘ਦੇਸ ਪ੍ਰਦੇਸ’ ਅਤੇ ‘ਪੰਜਾਬ ਟਾਈਮਜ਼’) ਵਿੱਚ ਬਿਆਨ ਛਪਵਾਏ, ਜਿਸ ਵਿੱਚ ਉਹਨਾਂ ਨੇ ਨਸਲਵਾਦ ਦੇ ਆਰੋਪਾਂ ਤੋਂ ਇਨਕਾਰ (ਖੰਡਨ) ਕੀਤਾ, ਤੇ ਅੱਗੇ ਇਹ ਵੀ ਕਿਹਾ ਕਿ ਓਂਕਾਰ ਦੀ “ਵੀਡੀਓ ਫੁਟੇਜ ਸੋਸ਼ਲ ਮੀਡਿਆ ਤੇ ਦਿਖਾ ਕੇ, ਉਨ੍ਹਾਂ (ਪਟੀਸ਼ਨਰਾਂ) ਨੇ ਗੁਰਦੁਆਰੇ ਵਿੱਚ ਬੇਚੈਨੀ ਵਧਾਈ ਹੈ, ਅਤੇ ਉਹ ਗੁਰਦੁਆਰੇ ਦੀ ਸ਼ਾਂਤੀ ਭੰਗ ਕਰਨਾ ਚਾਹੁੰਦੇ ਹਨ। ਸਾਨੂੰ ਵਿਸ਼ਵਾਸ ਹੈ ਕਿ ਜਨਤਾ ਦੇ ਬੇਗੁਨਾਹ ਮੈਂਬਰਾਂ (ਜੋਗਿੰਦਰ ਸਿੰਘ) ਨੂੰ ਫਸਾਉਣ ਲਈ ਮੁਸੀਬਤਾਂ ਖੜ੍ਹੀਆਂ ਕਰਨ ਲਈ ‘ਸੈੱਟ ਉਪ’ ਕੀਤਾ ਗਿਆ ਹੈ। ਇਹ ਮਹਿਜ਼ ਇਤਫ਼ਾਕ ਨਹੀਂ ਹੈ ਕਿ ਉਹ (ਓਂਕਾਰ) ਉਸ ਵੇਲੇ ਲੰਗਰ ਹਾਲ ਵਿੱਚ ਵੀਡੀਓ ਬਣਾਉਣ ਲਈ ਉੱਥੇ ਹੀ ਸੀ”।
ਓਂਕਾਰ ਦੋਸ਼ ਲਗਾ ਰਿਹਾ ਹੈ ਕਿ ਮੈਨੇਜਮੈਂਟ ਦੇ ਬਿਆਨਾਂ ਨਾਲ ਪੜ੍ਹਨ ਵਾਲਿਆਂ ਨੂੰ ਗੁਮਰਾਹ ਕੀਤਾ ਗਿਆ ਸੀ ਅਤੇ ਇਸ ਨਾਲ ਉਸਦਾ ਨਾਮ ਖ਼ਰਾਬ ਹੋਇਆ ਹੈ। ਓਂਕਾਰ ਦਾ ਕਹਿਣਾ ਹੈ ਕਿ “ਜੋਗਿੰਦਰ ਨਿਰਦੋਸ਼ ਕਿਵੇਂ ਹੋ ਸਕਦਾ ਹੈ? ਉਸਨੇ ਵੀਡੀਓ ਵਿੱਚ ਵੀ ਝੂਠ ਬੋਲਿਆ ਸੀ, ਉਸਦਾ ਵਿਹਾਰ ਸ਼ੱਕੀ ਸੀ, ਅਤੇ ਗੋਰੀ ਔਰਤ ਨੇ ਉਸਨੂੰ ਦੋਸ਼ੀ ਦੇ ਤੌਰ ਤੇ ਪਛਾਣਿਆ ਸੀ। ਮੈਨੇਜਮੈਂਟ ਦੀ ਝੂਠੀ ਸਟੇਟਮੈਂਟ ਨੇ ਜੋਗਿੰਦਰ ਦੀ ਤਰਫਦਾਰੀ ਕੀਤੀ ਸੀ, ਅਤੇ ਧਰਮੀ (ਨੇਕ) ਪਟੀਸ਼ਨਰਾਂ ਤੇ ਵਾਰ ਕੀਤਾ ਸੀ, ਅਤੇ ਮੇਰੇ ਉਤੇ ਝੂਠਾ ਦੋਸ਼ ਲਗਾਇਆ ਸੀ ਕਿ ਮੈਂ ਜੋਗਿੰਦਰ ਨੂੰ ‘ਸੈੱਟ ਅੱਪ’ ਕੀਤਾ (ਫਸਾਇਆ) ਹੈ, ਜਿਸ ਨਾਲ ਮੇਰਾ ਲੈਸਟਰ ਵਿੱਚ ਨਾਮ ਖਰਾਬ ਹੋਇਆ ਹੈ”।
ਓਂਕਾਰ ਸਪਸ਼ਟ ਕਰਦਾ ਹੈ, “ਇਹ ਸਭ ਵਾਪਰਨ ਤੋਂ ਪਹਿਲਾਂ, ਮੈਂ ਸੰਗਤ ਨੂੰ ਚੰਗੀ ਤਰ੍ਹਾਂ ਜਾਣਦਾ ਸੀ, ਕਿਉਂਕਿ 6 ਸਾਲ ਦੇ ਸਮੇਂ ਦੌਰਾਨ ਮੈਂ ਰੋਜ਼ਾਨਾ ਅਧਾਰ ’ਤੇ ਗੁਰਦੁਆਰੇ ਜਾਂਦਾ ਸੀ। ਇਸ ਤੋਂ ਇਲਾਵਾ, 2012 ਵਿੱਚ, ਮੈਂ ਇੱਕ ਲੁਟੇਰੇ ਨੂੰ ਪਕੜਨ ਵਿੱਚ ਪੁਲਿਸ ਦੀ ਮਦਦ ਕੀਤੀ ਸੀ ਜਿਸ ਨੇ ਗੁਰਦੁਆਰੇ ਨਜ਼ਦੀਕ ਇੱਕ ਪੈਨਸ਼ਨਰ ਉੱਤੇ ਹਮਲਾ ਕੀਤਾ, ਜਿਸ ਦੀ ਰਿਪੋਰਟ ਅਖ਼ਬਾਰ ਦੇ ਪਹਿਲੇ ਸਫ਼ੇ ਉੱਤੇ ਆਈ ਸੀ ਅਤੇ ਮੈਨੂੰ ਇੱਕ ਪ੍ਰਸ਼ੰਸਾ ਪੱਤਰ (ਸਰਟੀਫਿਕੇਟ), £300 ਦਾ ਅਵਾਰਡ ਅਤੇ ਡਿਟੈਕਟਿਵ ਸੁਪਰਿਨਟੈਂਡੈਂਟ ਦਾ ਸਰਟੀਫਿਕੇਟ ਦਿੱਤਾ ਗਿਆ ਸੀ, ਇਸ ਲਈ ਸੰਗਤ ਮੇਰਾ ਸਤਿਕਾਰ ਕਰਦੀ ਸੀ।
ਐਪਰ, ਪ੍ਰਬੰਧਕਾਂ ਦੀ ਮੌਖਿਕ ਅਤੇ ਲਿਖਤੀ ਮਾਨਹਾਨੀ (ਬਦਨਾਮੀ) ਨੇ ਮੇਰੀ ਸਾਖ ਬਰਬਾਦ ਕਰ ਦਿੱਤੀ, ਕਿਉਂਕਿ ਹਰ ਕਿਸੇ ਨੇ ਮੈਨੂੰ ਮੁਸੀਬਤ ਖੜੀ ਕਰਨ ਵਾਲੇ ਵਿਅਕਤੀ ਵੱਜੋਂ ਦੇਖਣਾ ਸ਼ੁਰੂ ਕਰ ਦਿੱਤਾ, ਜਿਸ ਨੇ ਜੋਗਿੰਦਰ ਨੂੰ ਲਾਟਰੀ ਵਿਵਾਦ ਬਾਰੇ ‘ਗਲਤ ਢੰਗ ਨਾਲ ਫਸਾਉਣ’ ਲਈ ਇੱਕ ਗੋਰੀ ਔਰਤ ਤੋਂ ਕੰਮ ਲਿਆ, ਜਿਸ ਨੇ ਸੰਗਤ ਦੇ ਬਹੁਤੇ ਵਿਅਕਤੀਆਂ ਨੂੰ ਮੇਰੇ ਵਿਰੁੱਧ ਕਰ ਦਿੱਤਾ, ਜਿਹਨਾਂ ਨੇ ਫੇਰ ਮੈਨੂੰ ਇਸ ਹੱਦ ਤੱਕ ਪਰੇਸ਼ਾਨ ਕੀਤਾ, ਸਰੀਰਕ ਤੌਰ ’ਤੇ ਧਮਕਾਇਆ, ਬੇਇਜ਼ਤ ਕੀਤਾ, ਮਜ਼ਾਕ ਉਡਾਇਆ ਅਤੇ ਸਤਾਇਆ (ਡਰਾਇਆ-ਧਮਕਾਇਆ) ਕਿ ਮੈਨੂੰ ਗੁਰਦੁਆਰੇ ਆਉਣਾ ਬੰਦ ਕਰਨਾ ਪਿਆ, ਇਹਨਾਂ ਸਾਰਿਆਂ ਦਾ ਸਬੂਤ ਅਦਾਲਤ ਵਿੱਚ ਦਿੱਤਾ ਜਾਵੇਗਾ।
ਪਿਛਲੇ ਸਾਲ ਦੌਰਾਨ, ਲੈਸਟਰ ਵਿੱਚ ਮੇਰੇ ਸਿੱਖ ਦੋਸਤਾਂ ਨੇ ਮੇਰੇ ਨਾਲ ਗੱਲ ਕਰਨੀ ਬੰਦ ਕਰ ਦਿੱਤੀ ਹੈ, ਅਨੇਕਾਂ ਮੌਕਿਆਂ ’ਤੇ ਗੁਮਰਾਹਕੁੰਨ ਸਿੱਖਾਂ ਵੱਲੋਂ ਮੈਨੂੰ ਪਰੇਸ਼ਾਨ ਕੀਤਾ ਗਿਆ ਹੈ, ਮੈਂ ਪੂਰੀ ਤਰ੍ਹਾਂ ਨਾਲ ਸਿੱਖਾਂ ਦੇ ਪ੍ਰੋਗਰਾਮਾਂ ਵਿੱਚ ਜਾਣਾ ਬੰਦ ਕਰ ਦਿੱਤਾ ਹੈ, ਅਤੇ ਮੈਂ ਟਕਰਾਅ ਤੋਂ ਬਚਣ ਲਈ ਸਿਰਫ ਸਭ ਤੋਂ ਘੱਟ ਵਿਅਸਤ ਸਮੇਂ ’ਤੇ ਹੀ ਗੁਰਦੁਆਰੇ ਜਾਂਦਾ ਹਾਂ, ਇਹਨਾਂ ਸਾਰੀਆਂ ਗੱਲਾਂ ਨੇ ਮੇਰੇ ਜ਼ਿੰਦਗੀ ਦੇ ਮਿਆਰ (ਗੁਣਵੱਤਾ) ਉੱਤੇ ਨਾਕਾਰਾਤਮਕ ਢੰਗ ਨਾਲ ਅਸਰ ਪਾਇਆ ਹੈ”।
ਓਂਕਾਰ ਇਹ ਦੋਸ਼ ਲਗਾਉਂਦਾ ਹੈ ਕਿ “ਗੁਰਦੁਆਰੇ ਦੇ ਮਾੜੇ-ਬੰਦੋਬਸਤ ਅਤੇ ਬਦਇੰਤਜਾਮੀ ਬਾਰੇ ਜਾਣੂ ਹੋਣ ਦੇ ਬਾਵਜੂਦ, ਕਮੇਟੀ ਮੈਂਬਰ ਅਜੇ ਵੀ ਅਸਤੀਫ਼ਾ ਦੇਣ ਤੋਂ ਇਨਕਾਰ ਕਰਦੇ ਹਨ ਜੋ ਇਹ ਗੱਲ ਸਾਬਤ ਕਰਦਾ ਹੈ ਕਿ ਉਹ ਸੱਤਾ ਦੇ ਭੁੱਖੇ ਵਿਅਕਤੀ ਹਨ, ਜਿਹਨਾਂ ਨੂੰ ਸਿੱਖ-ਧਰਮ ਦੀਆਂ ਸਿੱਖਿਆਵਾਂ, ਸਿੱਖ ਰਹਿਤ ਮਰਿਯਾਦਾ, ਸੰਗਤ, ਜਾਂ ਗੁਰਦੁਆਰੇ ਦੀ ਸਾਖ ਦੀ ਨਹੀਂ ਬਲਕਿ ਸਿਰਫ ਆਪਣੇ ਅਹੁਦੇ ਕਾਇਮ ਰੱਖਣ ਦੀ ਪਰਵਾਹ ਹੈ”।
ਓਂਕਾਰ ਜ਼ੋਰ ਪਾ ਕੇ ਕਹਿ ਰਿਹਾ ਹੈ ਕਿ ਉਸਨੇ ਹਾਈ ਕੋਰਟ ਦਾ ਦਾਅਵਾ ਤਾਂ ਦਾਇਰ ਕੀਤਾ ਹੈ ਕਿਉਂਕਿ ਚੈਰਿਟੀ ਕਮਿਸ਼ਨ ਤੇ ਮੈਨੇਜਮੈਂਟ ਵਾਜਿਬ ਕੰਮ ਕਰਨ ਵਿੱਚ ਨਾਕਾਮਯਾਬ ਹੋਏ ਹਨ। ਓਂਕਾਰ ਕਹਿੰਦਾ ਹੈ ਕਿ “ਕਿਉਂਕਿ ਗੁਰਦੁਆਰਾ ਇਕ ਯੂਕੇ ਰਜਿਸਟਰਡ ਚੈਰਿਟੀ (ਨੰਬਰ 254837) ਹੈ, ਇਸ ਲਈ ਅਗਸਤ 2016 ਵਿੱਚ, ਮੈਂ ਚੈਰਿਟੀ ਕਮਿਸ਼ਨ ਕੋਲ ਮੈਨੇਜਮੈਂਟ ਦੇ ਗ਼ਲਤ ਕਾਰਨਾਮਿਆਂ ਬਾਰੇ ਵਿਸਥਾਰ ਸਾਹਿਤ ਸ਼ਿਕਾਇਤ ਦਰਜ ਕੀਤੀ ਸੀ, ਅਤੇ ਨਾਲ ਹੀ ਮੈਂ ਮੈਨੇਜਮੈਂਟ ਦੇ ਮੈਂਬਰਾਂ ਤੋਂ ਰਸਮੀ ਤੌਰ ਤੇ ਅਸਤੀਫ਼ੇ ਦੀ ਮੰਗ ਕੀਤੀ ਸੀ, ਕਿਉਂਕਿ ਉਨ੍ਹਾਂ ਨੇ ਗੁਰਦੁਆਰੇ ਦੇ ਸੰਵਿਧਾਨ ਦੀ ਘੋਰ ਉਲੰਘਣਾ ਕੀਤੀ ਹੈ। ਗ਼ੈਰ-ਜ਼ਿੰਮੇਵਾਰੀ ਨਾਲ, ਚੈਰਿਟੀ ਕਮਿਸ਼ਨ ਤੇ ਮੈਨੇਜਮੈਂਟ ਉਚਿਤ ਕਾਰਵਾਈ ਕਰਨ ਵਿੱਚ ਨਾਕਾਮਯਾਬ ਰਹੇ ਹਨ, ਜਿਸਨੇ ਮੈਨੂੰ ਹਾਈ ਕੋਰਟ (ਉੱਚ ਅਦਾਲਤ) ਵਿੱਚੋ ਇਨਸਾਫ਼ ਮੰਗਣ ਲਈ ਮਜਬੂਰ ਕੀਤਾ ਹੈ”।
ਓਂਕਾਰ ਕਹਿੰਦਾ ਹੈ, “ਇਸ ਸਾਲ ਦੇ ਸ਼ੁਰੂ ਵਿੱਚ ਮੇਰੀ ਸਾਖ ਨੂੰ ਪਹੁੰਚੇ ਗੰਭੀਰ ਨੁਕਸਾਨ ਅਤੇ ਨਾਲ ਹੀ ਇਸ ਤੱਥ ਬਾਰੇ ਵਿਚਾਰ ਕਰਦਿਆਂ ਕਿ ਸਿੱਖ ਭਾਈਚਾਰੇ ਵੱਲੋਂ ਲਗਾਤਾਰ ਮੈਨੂੰ ਦੂਰ (ਅਲੱਗ-ਥਲੱਗ) ਰੱਖਿਆ ਜਾ ਰਿਹਾ ਹੈ, ਮੈਂ ਲੈਸਟਰ ਤੋਂ ਕਿਸੇ ਹੋਰ ਜਗ੍ਹਾ ’ਤੇ ਰਹਿਣ ਬਾਰੇ ਸੋਚਿਆ ਸੀ, ਪਰ ਅਜਿਹਾ ਕਰਨ ਤੋਂ ਪਹਿਲਾਂ, ਮੈਂ ‘ਗੁਰੂ ਗ੍ਰੰਥ ਸਾਹਿਬ ਜੀ’ ਤੋਂ ‘ਹੁਕਮਨਾਮੇ’ ਲਈ ਬੇਨਤੀ ਕੀਤੀ ਜਿਹਨਾਂ ਨੇ ਆਖਰ ਵਿੱਚ ਮੈਨੂੰ ਰੁਕਣ ਦਾ, ਅਤੇ ਕਮੇਟੀ ਵਿਰੁੱਧ ਕਾਨੂੰਨੀ ਕਾਰਵਾਈ ਕਰਨ ਦਾ ਆਦੇਸ਼ ਦਿੱਤਾ।
ਅਗਸਤ 2017 ਵਿੱਚ, ਹਾਈਕੋਰਟ ਵੱਲੋਂ ਵਾਜਬ ਕਾਰਨਾਂ ਕਰਕੇ ਮੇਰੇ ਅਸਲ ਦਾਅਵੇ ਦੇ ਫਾਰਮ ਅਤੇ ਦਾਅਵੇ ਦੇ ਵੇਰਵਿਆਂ ਨੂੰ ਰੱਦ ਕਰ ਦਿੱਤਾ ਗਿਆ ਸੀ, ਇਸ ਲਈ ਮੈਂ ਹਾਲ ਹੀ ਵਿੱਚ ਸੋਧਿਆ ਹੋਇਆ ਸੰਸਕਰਨ ਜਮਾਂ ਕਰਵਾਇਆ ਹੈ ਅਤੇ ਛੇਤੀ ਹੀ ਇਸ ਦੀ ਸੁਣਵਾਈ ਕੀਤੀ ਜਾਣੀ ਹੈ, ਹਾਲਾਂਕਿ ਲੋੜੋਂ ਵੱਧ ਵਿਸ਼ਵਾਸ ਨਾਲ ਭਰੀ ਕਮੇਟੀ ਨੇ ਸੰਗਤ ਮੈਂਬਰਾਂ ਨੂੰ ਗਲਤ ਢੰਗ ਨਾਲ ਇਹ ਦੱਸਿਆ ਹੈ ਕਿ ਮੈਂ ਪਹਿਲਾਂ ਹੀ ਕੇਸ ਹਾਰ ਚੁੱਕਾ ਹਾਂ, ਜੋ ਕਿ ਝੂਠ ਹੈ। ਮੈਨੂੰ ਪੂਰਨ ਵਿਸ਼ਵਾਸ ਹੈ ਕਿ ਗੁਰੂ ਨਾਨਕ ਸਾਹਿਬ ਜਿੱਤ ਲਈ ਮੇਰਾ ਮਾਰਗ-ਦਰਸ਼ਨ ਕਰਨਗੇ ਅਤੇ ਇਸ ਭ੍ਰਿਸ਼ਟ ਕਮੇਟੀ ਦੀ ਇੱਕ ਮਿਸਾਲ ਪੇਸ਼ ਕਰਨਗੇ, ਜਿਸ ਨੇ ਆਪਣੇ ਅਧਿਕਾਰਾਂ ਦੀ ਘੋਰ ਦੁਰਵਰਤੋਂ ਕੀਤੀ ਹੈ”।
ਓਂਕਾਰ ਕੋਰਟ ਵਿੱਚ ਆਪਣੀ ਪੈਰਵੀ ਆਪ ਕਰੇਗਾ ਅਤੇ ਓਂਕਾਰ ਦਾ ਕਹਿਣਾ ਹੈ ਕਿ ਮੈਨੇਜਮੈਂਟ ਦੇ ਗ਼ਲਤ ਕਾਰਨਾਮਿਆਂ ਨੂੰ ਚੁਣੌਤੀ ਦੇਣ ਲਈ ਉਹ ਆਪਣੇ ਪੈਸਿਆਂ ਵਿੱਚੋ 5000 ਪੌਂਡ ਖਰਚ ਚੁੱਕਾ ਹੈ, ਜਿਸ ਦਾ ਉਹ ਮੈਨੇਜਮੈਂਟ ਦੇ ਮੈਬਰਾਂ ਤੋਂ ਨੁਕਸਾਨ ਲਈ ਸਿੱਧਾ ਦਾਅਵਾ ਕਰੇਗਾ (ਗੁਰਦੁਆਰੇ ਤੋਂ ਨਹੀਂ ਕਰੇਗਾ)। ਓਂਕਾਰ ਦਾ ਕਹਿਣਾ ਹੈ ਕਿ “ਇਕ ਸਿੱਖ ਹੋਣ ਦੇ ਨਾਤੇ, ਮੇਰਾ ਫਰਜ਼ ਹੈ ਕਿ ਮੈਂ ਨਸਲਵਾਦ ਦਾ ਵਿਰੋਧ ਕਰਾਂ, ਖਾਸ ਕਰਕੇ ਇੱਕ ਗੁਰਦੁਆਰੇ ਵਿੱਚ, ਭਾਵੇਂ ਅਪਰਾਧੀ ਸਿੱਖ ਹੀ ਕਿਉਂ ਨਾ ਹੋਣ ਅਤੇ ਸਹਿਣ ਵਾਲੇ ਗ਼ੈਰ-ਸਿੱਖ ਕਿਉਂ ਨਾ ਹੋਣ, ਜਿਵੇਂ ਇੱਥੇ, ਇਸ ਕੇਸ ਵਿੱਚ ਸੀ”।