ਮੁੰਬਈ – ਸੰਜੇ ਲੀਲਾ ਭੰਸਾਲੀ ਦੀ ਫ਼ਿਲਮ ‘ਪਦਮਾਵਤੀ’ ਜੋ ਕਿ ਪੂਰੇ ਦੇਸ਼ ਵਿੱਚ ਪਹਿਲੀ ਦਸੰਬਰ ਨੂੰ ਰਲੀਜ਼ ਹੋਣੀ ਸੀ, ਪਰ ਹੁਣ ਉਸ ਦੇ ਰਲੀਜ਼ ਹੋਣ ਦੇ ਆਸਾਰ ਵਿਖਾਈ ਨਹੀਂ ਦੇ ਰਹੇ। ਯੂਪੀ ਦੇ ਗ੍ਰਹਿ ਵਿਭਾਗ ਵੱਲੋਂ ਇਸ ਫ਼ਿਲਮ ਨੂੰ ਟਾਲਣ ਦੇ ਲਈ ਕੇਂਦਰੀ ਸੂਚਨਾ ਅਤੇ ਪ੍ਰਸਾਰਣ ਵਿਭਾਗ ਨੂੰ ਬੁੱਧਵਾਰ ਨੂੰ ਇੱਕ ਪੱਤਰ ਭੇਜਿਆ ਗਿਆ ਸੀ, ਜਿਸ ਦੇ ਜਵਾਬ ਵਿੱਚ ਜੋ ਜਾਣਕਾਰੀ ਪ੍ਰਾਪਤ ਹੋਈ ਹੈ ਉਸ ਅਨੁਸਾਰ ਇਹ ਫ਼ਿਲਮ 12 ਦਸੰਬਰ ਦੇ ਬਾਅਦ ਹੀ ਰਲੀਜ਼ ਹੋਵੇਗੀ।
ਇਹ ਫ਼ਿਲਮ ਇਸ ਸਮੇਂ ਕੇਂਦਰੀ ਪ੍ਰਮਾਣ ਬੋਰਡ ਦੇ ਕੋਲ ਰੁਕੀ ਹੋਈ ਹੈ। ਫ਼ਿਲਮ ਸਬੰਧੀ ਵੱਧ ਰਹੇ ਤਣਾਅ ਦੇ ਕਾਰਣ ਯੂਪੀ ਸਮੇਤ ਕਈ ਰਾਜਾਂ ਦੇ ਅਧਿਕਾਰੀ ਕੇਂਦਰੀ ਸੂਚਨਾ ਪ੍ਰਸਾਰਣ ਵਿਭਾਗ ਦੇ ਸੰਪਰਕ ਵਿੱਚ ਹਨ। ਫ਼ਿਲਮ ‘ਪਦਮਾਵਤੀ’ ਦੇ ਹਰ ਸੀਨ ਅਤੇ ਕਹਾਣੀ ਦੀ ਗੰਭੀਰਤਾ ਨਾਲ ਸਮੀਖਿਆ ਕੀਤੀ ਜਾਵੇਗੀ, ਜਿਸ ਨਾਲ ਕਿਸੇ ਵੀ ਤਰ੍ਹਾਂ ਦੇ ਵਿਵਾਦ ਹੋਣ ਦਾ ਡਰ ਹੋਵੇਗਾ। ਅਜਿਹੀ ਸਥਿਤੀ ਵਿੱਚ ਪਹਿਲੀ ਦਸੰਬਰ ਤੱਕ ਸੈਂਸਰ ਬੋਰਡ ਤੋਂ ਸਰਟੀਫਿਕੇਟ ਮਿਲਣ ਦੇ ਆਸਾਰ ਬਹੁਤ ਹੀ ਘੱਟ ਹਨ।
ਵਰਨਣਯੋਗ ਹੈ ਕਿ ਇਸ ਫ਼ਿਲਮ ਦੇ ਖਿਲਾਫ਼ ਜਗ੍ਹਾ-ਜਗ੍ਹਾ ਰੋਸ ਪ੍ਰਦਰਸ਼ਨ ਵੱਧ ਰਹੇ ਹਨ। ਅਖਿੱਲ ਭਾਰਤੀ ਖੱਤਰੀ ਨੌਜਵਾਨ ਮਹਾਂਸਭਾ ਦੇ ਰਾਸ਼ਟਰੀ ਪ੍ਰਧਾਨ ਸੋਮ ਨੇ ਤਾਂ ਸੰਜੇ ਲੀਲਾ ਭੰਸਾਲੀ ਅਤੇ ਦੀਪਿਕਾ ਦੀ ਗਰਦਨ ਵੱਢਣ ਵਾਲੇ ਨੂੰ ਪੰਜ ਕਰੋੜ ਦਾ ਇਨਾਮ ਦੇਣ ਦਾ ਐਲਾਨ ਕੀਤਾ ਹੈ। ਰਾਜਪੂਤ ਕਰਣੀ ਸੈਨਾ ਦੇ ਕਾਲਵੀ ਨੇ ਫ਼ਿਲਮ ਦੇ ਰਲੀਜ਼ ਹੋਣ ਤੇ ਦੀਪਿਕਾ ਪਾਦੂਕੋਣ ਦੇ ਨੱਕ ਵੱਢਣ ਦੀ ਗੱਲ ਕੀਤੀ ਹੈ।