ਫ਼ਤਹਿਗੜ੍ਹ ਸਾਹਿਬ – “ਹਿੰਦ ਦਾ ਵਿਧਾਨ ਇਥੋਂਂ ਦੇ ਵੱਸਣ ਵਾਲੇ ਸਭ ਨਾਗਰਿਕਾਂ ਨੂੰ ਅਤੇ ਨਿਵਾਸੀਆਂ ਨੂੰ ਵਿਧਾਨ ਦੀ ਧਾਰਾ 14 ਰਾਹੀ ਬਰਾਬਰਤਾ ਦੇ ਅਧਿਕਾਰ ਹੱਕ ਪ੍ਰਦਾਨ ਕਰਦਾ ਹੈ। ਪਰ ਦੁੱਖ ਅਤੇ ਅਫ਼ਸੋਸ ਹੈ ਜਦੋਂ ਵੀ ਇਥੋ ਦੇ ਹੁਕਮਰਾਨ ਅਤੇ ਅਫ਼ਸਰਾਨ ਸਿੱਖ ਕੌਮ ਨਾਲ ਕਿਸੇ ਮੌਕੇ ਪੇਸ਼ ਆਉਦੇ ਹਨ ਤਾਂ ਉਪਰੋਕਤ ਵਿਧਾਨ ਦੀ ਧਾਰਾ 14 ਦਾ ਘੋਰ ਉਲੰਘਣ ਕਰਕੇ ਸਿੱਖ ਆਗੂਆਂ ਨਾਲ ਇੰਝ ਪੇਸ਼ ਆਉਦੇ ਹਨ ਜਿਵੇਂਕਿ ਉਹ ਦੂਜੇ ਦਰਜੇ ਦੇ ਸ਼ਹਿਰੀ ਹੋਣ ਤੇ ਇਨ੍ਹਾਂ ਹੁਕਮਰਾਨਾਂ ਦੇ ਗੁਲਾਮ ਹੋਣ । ਇਥੇ ਇਹ ਵਰਣਨ ਕਰਨਾ ਜ਼ਰੂਰੀ ਹੈ ਕਿ ਹਿੰਦ ਦੇ ਸਦਰ ਸ੍ਰੀ ਰਾਮ ਨਾਥ ਕੋਵਿੰਦ ਅੱਜ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਵਿਖੇ ਦਰਸ਼ਨ ਕਰਨ ਆਏ ਸਨ ਤਾਂ ਸਾਡੀ ਪਾਰਟੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਉਨ੍ਹਾਂ ਨੂੰ 1984 ਵਿਚ ਸਿੱਖ ਕੌਮ ਨਾਲ ਬਲਿਊ ਸਟਾਰ ਦੇ ਸਾਕੇ ਸਮੇਂ ਹੋਏ ਜ਼ਬਰ, 25 ਹਜ਼ਾਰ ਨਿਰਦੋਸ਼ ਸਰਧਾਲੂਆਂ ਜਿਨ੍ਹਾਂ ਵਿਚ ਬਜੁਰਗ, ਬੀਬੀਆਂ, ਬੱਚੇ ਤੇ ਨੌਜ਼ਵਾਨ ਸਨ, ਨੂੰ ਬਹੁਤ ਬੇਰਹਿੰਮੀ ਅਤੇ ਅਣਮਨੁੱਖੀ ਢੰਗਾਂ ਨਾਲ ਸ਼ਹੀਦ ਕਰ ਦੇਣ, ਸਿੱਖ ਅਜਾਇਬਘਰ, ਤੋਸਾਖਾਨਾ ਅਤੇ ਹੋਰ ਇਤਿਹਾਸਿਕ ਇਮਾਰਤਾਂ ਵਿਚ ਉਸ ਸਮੇਂ ਫ਼ੌਜ ਵੱਲੋਂ ਬੇਸ਼ਕੀਮਤੀ ਵਸਤਾਂ ਅਤੇ ਇਤਿਹਾਸ ਨੂੰ ਚੁੱਕ ਕੇ ਲੈ ਜਾਣ ਸੰਬੰਧੀ ਯਾਦ-ਪੱਤਰ ਦਿੰਦੇ ਹੋਏ ਸਿੱਖ ਕੌਮ ਨੂੰ ਇਨਸਾਫ਼ ਦੇਣ ਤੇ ਸਿੱਖ ਕੌਮ ਦੀਆਂ ਵਿਰਾਸਤੀ ਬੇਸ਼ਕੀਮਤੀ ਵਸਤਾਂ ਵਾਪਸ ਕਰਨ ਅਤੇ ਪਾਰਲੀਮੈਂਟ ਵਿਚ 1984 ਦੇ ਬਲਿਊ ਸਟਾਰ ਦੇ ਹਮਲੇ ਲਈ ਮੁਆਫ਼ੀ ਮਤਾ ਪਾਉਣ ਸੰਬੰਧੀ ਯਾਦ-ਪੱਤਰ ਦੇਣਾ ਸੀ । ਸਾਡੀ ਪਾਰਟੀ ਦੇ ਡੈਪੂਟੇਸ਼ਨ ਦੇ ਦੋਵੇ ਮੈਬਰ ਸ. ਹਰਬੀਰ ਸਿੰਘ ਸੰਧੂ ਦਫ਼ਤਰ ਸਕੱਤਰ, ਸ. ਜਰਨੈਲ ਸਿੰਘ ਸਖੀਰਾ ਜਰਨਲ ਸਕੱਤਰ ਨੂੰ ਇਹ ਜਮਹੂਰੀਅਤ ਤੇ ਅਮਨਮਈ ਤਰੀਕੇ ਦਿੱਤੇ ਜਾਣ ਵਾਲੇ ਯਾਦ-ਪੱਤਰ ਤੋਂ ਪਹਿਲੇ ਹੀ ਸ੍ਰੀ ਦਰਬਾਰ ਸਾਹਿਬ ਵਿਚੋ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਜੋ ਕਿ ਗੈਰ-ਵਿਧਾਨਿਕ ਕਾਰਵਾਈ ਦੇ ਨਾਲ-ਨਾਲ ਸਿੱਖ ਕੌਮ ਲਈ ਇਹ ਅਸਹਿ ਹੈ । ਜਿਸਦੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਪੁਰਜੋਰ ਨਿੰਦਾ ਕਰਦੇ ਹੋਏ ਪਾਰਟੀ ਦੇ ਇਨ੍ਹਾਂ ਦੋਵੇ ਜਿੰਮੇਵਾਰ ਅਹੁਦਿਆ ਤੇ ਕੰਮ ਕਰਨ ਵਾਲੇ ਮੈਬਰਾਂ ਨੂੰ ਤੁਰੰਤ ਰਿਹਾਅ ਕਰਨ ਦੀ ਮੰਗ ਕਰਦਾ ਹੈ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਆਪਣੇ ਵੱਲੋਂ ਤੇ ਪਾਰਟੀ ਵੱਲੋ ਸ੍ਰੀ ਰਾਮ ਨਾਥ ਕੋਵਿੰਦ ਸਦਰ-ਏ-ਹਿੰਦ ਨੂੰ ਸ੍ਰੀ ਦਰਬਾਰ ਸਾਹਿਬ ਵਿਖੇ ਪਹੁੰਚਣ ਤੇ ਦਿੱਤੇ ਜਾਣ ਵਾਲੇ ਯਾਦ-ਪੱਤਰ ਤੋਂ ਪਹਿਲੇ ਕੀਤੀ ਗਈ ਗੈਰ-ਵਿਧਾਨਿਕ ਗ੍ਰਿਫ਼ਤਾਰੀ ਦੀ ਪੁਰਜੋਰ ਨਿੰਦਾ ਕਰਦੇ ਹੋਏ ਅਤੇ ਇਨ੍ਹਾਂ ਆਗੂਆਂ ਦੀ ਤੁਰੰਤ ਰਿਹਾਈ ਦੀ ਮੰਗ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਇਹ ਹੋਰ ਵੀ ਦੁੱਖਦਾਇਕ ਅਤੇ ਅਤਿ ਸ਼ਰਮਨਾਕ ਸਾਡੀਆਂ ਧਾਰਮਿਕ ਮਰਿਯਾਦਾਵਾਂ ਅਤੇ ਨਿਯਮਾਂ ਦੇ ਵਿਰੁੱਧ ਇਹ ਕਾਰਵਾਈ ਹੋਈ ਹੈ ਕਿ ਸਾਡੇ ਸਤਿਕਾਰਯੋਗ ਆਗੂਆਂ ਨੂੰ ਪਹਿਲੀ ਵਾਰ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਹੀ ਗ੍ਰਿਫ਼ਤਾਰ ਕਰ ਲਿਆ ਗਿਆ ਹੈ । ਜਦੋਂਕਿ ਉਨ੍ਹਾਂ ਨੇ ਕੋਈ ਵੀ ਨਾ ਤਾਂ ਗੈਰ-ਵਿਧਾਨਿਕ ਜਾਂ ਗੈਰ-ਸਮਾਜਿਕ ਕਾਰਵਾਈ ਕੀਤੀ ਹੈ ਅਤੇ ਨਾ ਹੀ ਉਨ੍ਹਾਂ ਦੀ ਕੋਈ ਅਜਿਹੀ ਸੋਚ ਸੀ, ਕੇਵਲ ਉਨ੍ਹਾਂ ਨੇ ਪਾਰਟੀ ਦੇ ਹੁਕਮ ਨੂੰ ਮੰਨਦੇ ਹੋਏ ਸਦਰ-ਏ-ਹਿੰਦ ਸ੍ਰੀ ਕੋਵਿੰਦ ਜੀ ਨੂੰ ਯਾਦ-ਪੱਤਰ ਹੀ ਦੇਣਾ ਸੀ । ਸਦਰ-ਏ-ਹਿੰਦ ਦੀ ਹਾਜ਼ਰੀ ਵਿਚ ਸਿੱਖ ਕੌਮ ਦੇ ਆਗੂਆਂ ਨਾਲ ਪੁਲਿਸ ਤੇ ਪ੍ਰਸ਼ਾਸ਼ਨ ਵੱਲੋਂ ਅਜਿਹੀ ਕਾਰਵਾਈ ਹੋਣੀ, ਇਹ ਸਾਬਤ ਕਰਦੀ ਹੈ ਕਿ ਸਿੱਖ ਕੌਮ ਨਾਲ ਮੌਜੂਦਾ ਦਿੱਲੀ, ਸੈਂਟਰ ਦੀ ਹਕੂਮਤ ਅਤੇ ਪੰਜਾਬ ਦੀ ਹਕੂਮਤ ਵੱਲੋਂ ਅੱਜ ਵੀ ਗੈਰ-ਵਿਧਾਨਿਕ ਤਰੀਕੇ ਵਿਤਕਰੇ ਤੇ ਬੇਇਨਸਾਫ਼ੀਆਂ ਜਾਰੀ ਹਨ । ਸ. ਮਾਨ ਨੇ ਕਿਹਾ ਕਿ ਅਸੀਂ ਇਸ ਯਾਦ-ਪੱਤਰ ਵਿਚ ਆਪਣੇ ਸ਼ਹੀਦਾਂ ਸੰਤ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਿਆ, ਸ਼ਹੀਦ ਭਾਈ ਅਮਰੀਕ ਸਿੰਘ, ਸ਼ਹੀਦ ਭਾਈ ਜਰਨਲ ਸੁਬੇਗ ਸਿੰਘ, ਸ਼ਹੀਦ ਭਾਈ ਠਾਹਰਾ ਸਿੰਘ ਜੀ ਦੀਆਂ ਸ਼ਹਾਦਤਾਂ ਉਪਰੰਤ ਉਨ੍ਹਾਂ ਦੇ ਅੰਤਿਮ ਸੰਸਕਾਰ ਕਿਥੇ ਕੀਤੇ ਗਏ, ਉਨ੍ਹਾਂ ਦੇ ਫੁੱਲ ਕਿਥੇ ਪਾਏ ਗਏ, ਇਨ੍ਹਾਂ ਸ਼ਹੀਦਾਂ ਦੀ ਆਤਮਾ ਦੀ ਸ਼ਾਂਤੀ ਲਈ ਕਿਸ ਸਥਾਂਨ ਤੇ ਗੁਰ-ਮਰਿਯਾਦਾ ਅਨੁਸਾਰ ਭੋਗ ਪਾਏ ਗਏ । ਇਸ ਬਾਰੇ ਜਾਣਕਾਰੀ ਮੰਗਣੀ ਸੀ । ਦੂਸਰਾ ਇਸ ਯਾਦ-ਪੱਤਰ ਵਿਚ ਅਸੀਂ ਸਦਰ-ਏ-ਹਿੰਦ ਨੂੰ ਮੁਲਾਕਾਤ ਕਰਦੇ ਹੋਏ ਇਹ ਮੰਗ ਕਰਨੀ ਸੀ ਕਿ ਜਦੋਂ 13 ਅਪ੍ਰੈਲ 1919 ਵਿਚ ਜਿ਼ਲ੍ਹਿਆਂਵਾਲੇ ਬਾਗ ਦੇ ਸਾਕੇ ਦੀ ਬਰਤਾਨੀਆ ਸਰਕਾਰ ਦੇ ਵਜ਼ੀਰ-ਏ-ਆਜ਼ਮ ਸ੍ਰੀ ਡੈਵਿਡ ਕੈਮਰੂਨ ਆਪਣੀ ਸਰਕਾਰ ਸਮੇਂ ਬਰਤਾਨੀਆ ਦੀ ਸੰਸਦ ਵਿਚ ਮਤਾ ਰੱਖਕੇ ਆਪਣੀ ਪੁਰਖਾ-ਪੁਸਤੈਨੀ ਗਲਤੀ ਮੰਨਕੇ ਮੁਆਫ਼ੀ ਮਤਾ ਪਾਸ ਕੀਤਾ ਸੀ, ਤਾਂ 1984 ਵਿਚ ਭਾਰਤੀ ਫ਼ੌਜ ਦੇ ਵੱਲੋ ਬਰਤਾਨੀਆ ਦੀ ਸਾਂਝ ਨਾਲ ਕੀਤੇ ਗਏ ਆਪ੍ਰੇਸ਼ਨ ਬਲਿਊ ਸਟਾਰ ਦੇ ਫ਼ੌਜੀ ਹਮਲੇ ਦੀ ਹਿੰਦ ਹਕੂਮਤ ਅਤੇ ਬਰਤਾਨੀਆ ਹਕੂਮਤ ਵੱਲੋਂ ਹਿੰਦ ਦੀ ਪਾਰਲੀਮੈਂਟ ਵਿਚ ਮਤਾ ਪਾਸ ਕਰਕੇ ਮੁਆਫ਼ੀ ਮੰਗਣੀ ਚਾਹੀਦੀ ਹੈ ।
ਇਸ ਯਾਦ-ਪੱਤਰ ਵਿਚ ਭਾਰਤ ਦੇ ਹੁਕਮਰਾਨਾਂ ਨੂੰ ਇਹ ਵੀ ਯਾਦ ਕਰਵਾਇਆ ਗਿਆ ਸੀ ਕਿ ਜਦੋਂ ਭਾਰਤ ਦੇ ਸਦਰ, ਵਜ਼ੀਰ-ਏ-ਆਜ਼ਮ ਜਾਂ ਕੋਈ ਹੋਰ ਅਹਿਮ ਅਹੁਦੇ ਤੇ ਬਿਰਾਜਮਾਨ ਸਖਸ਼ੀਅਤ ਉਤਰਾਖੰਡ ਰਾਜ ਵਿਚ ਬਦਰੀਨਾਥ ਵਿਖੇ ਜਾਂ ਹੋਰ ਹਿੰਦੂ ਧਾਰਮਿਕ ਸਥਾਨਾਂ ਤੇ ਨਤਮਸਤਕ ਹੋਣ ਜਾਂਦੇ ਹਨ ਤਾਂ ਫਿਰ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਇਸੇ ਸੂਬੇ ਵਿਚ ਸਥਿਤ ਤਪ ਸਥਾਂਨ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਨੂੰ ਇਨ੍ਹਾਂ ਉਪਰੋਕਤ ਸਖਸ਼ੀਅਤਾਂ ਵੱਲੋਂ ਨਜ਼ਰ ਅੰਦਾਜ ਕਿਉਂ ਕਰ ਦਿੱਤਾ ਜਾਂਦਾ ਹੈ ? ਇਸੇ ਤਰ੍ਹਾਂ ਭਾਰਤ ਦੇ ਉੱਤਰ-ਪੱਛਮ ਵਿਚ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਚਰਨ ਛੋਹ ਪ੍ਰਾਪਤ ਜਗਨਨਾਥਪੁਰੀ ਦੇ ਸਥਾਂਨ ਨੂੰ ਵੀ ਜਗਨਨਾਥਪੁਰੀ ਮੰਦਰ ਦੇ ਦਰਸ਼ਨ ਕਰਦਿਆ ਇਹ ਆਗੂ ਨਜ਼ਰ ਅੰਦਾਜ ਕਰਦੇ ਆ ਰਹੇ ਹਨ । ਇਸ ਵਿਚ ਵੀ ਕੋਈ ਸ਼ੱਕ ਨਹੀਂ ਕਿ ਸਦਰ-ਏ-ਹਿੰਦ ਸ੍ਰੀ ਕੋਵਿੰਦ ਆਰ.ਐਸ.ਐਸ. ਨਾਲ ਜੁੜੇ ਰਹੇ ਹਨ । ਪਰ ਜਦੋਂ ਹੁਣ ਉਹ ਸਮੁੱਚੇ ਹਿੰਦ ਦੇ ਸਦਰ ਹਨ ਤਾਂ ਵਿਧਾਨਿਕ, ਇਨਸਾਨੀਅਤ ਅਤੇ ਸਮਾਜਿਕ ਤੌਰ ਤੇ ਸਭ ਧਰਮਾਂ, ਕੌਮਾਂ ਅਤੇ ਫਿਰਕਿਆ ਦੇ ਨਿਵਾਸੀ ਅਤੇ ਉਨ੍ਹਾਂ ਦੇ ਧਾਰਮਿਕ ਅਸਥਾਂਨ ਵਿਧਾਨ ਦੀ ਧਾਰਾ 14 ਅਨੁਸਾਰ ਬਰਾਬਰਤਾ ਦਾ ਵਿਵਹਾਰ ਅਤੇ ਸਤਿਕਾਰ ਦੇਣ ਦੀ ਗੱਲ ਨੂੰ ਪ੍ਰਤੱਖ ਕਰਦੀ ਹੈ । ਸ੍ਰੀ ਕੋਵਿੰਦ ਜੀ ਨੂੰ ਇਹ ਵੀ ਗਿਆਨ ਹੋਣਾ ਚਾਹੀਦਾ ਹੈ ਕਿ ਸਿੱਖ ਕੌਮ ਦੇ ਪੰਜਵੇਂ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਵੱਲੋ ਦੁਨੀਆਂ ਦੇ ਸਭ ਧਰਮਾਂ ਤੇ ਫਿਰਕਿਆ ਨੂੰ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਦੀਦਾਰੇ ਕਰਨ ਲਈ ਚਾਰ ਦਰਵਾਜੇ ਇਸੇ ਕਰਕੇ ਸੁਸੋਭਿਤ ਕੀਤੇ ਗਏ ਸਨ ਤਾਂ ਕਿ ਇਸ ਮਹਾਨ ਅਸਥਾਂਨ ਤੇ ਦੁਨੀਆਂ ਦੇ ਕਿਸੇ ਵੀ ਧਰਮ ਨਾਲ ਸੰਬੰਧਤ ਨਿਵਾਸੀ ਇਸ ਸਥਾਂਨ ਦੇ ਦਰਸ਼ਨ ਵੀ ਕਰ ਸਕਦਾ ਹੈ ਤੇ ਆਪਣੀ ਸ਼ਰਧਾ ਨੂੰ ਵੀ ਬਿਨ੍ਹਾਂ ਕਿਸੇ ਰੋਕ-ਟੋਕ ਅਤੇ ਆਜ਼ਾਦੀ ਦੇ ਇਸ ਸਥਾਂਨ ਤੇ ਆ-ਜਾ ਸਕਦਾ ਹੈ । ਇਥੇ ਇਹ ਵਰਣਨ ਕਰਨਾ ਜ਼ਰੂਰੀ ਹੈ ਕਿ ਜੋ ਦੁਰਗਿਆਨਾ ਮੰਦਰ ਹੈ ਉਹ ਇਤਿਹਾਸਿਕ ਨਹੀਂ ਹੈ । ਇਸ ਲਈ ਭਾਰਤ ਦੇ ਸਦਰ ਹੋਣ ਦੇ ਨਾਤੇ ਸਭ ਧਰਮਾਂ ਨੂੰ ਬਰਾਬਰਤਾ ਦਾ ਅਮਲੀ ਰੂਪ ਵਿਚ ਅਹਿਸਾਸ ਦਿਵਾਉਣ ਹਿੱਤ ਵਿਧਾਨ ਦੀ ਧਾਰਾ 14 ਨੂੰ ਗੌਹ ਨਾਲ ਵਾਚਣ ਦਾ ਫਰਜ ਬਣਦਾ ਹੈ । ਤਾਂ ਕਿ ਸਦਰ-ਏ-ਹਿੰਦ ਦੇ ਉੱਚ ਅਹੁਦੇ ਤੇ ਬੈਠਣ ਵਾਲੀ ਕੋਈ ਵੀ ਸਖਸ਼ੀਅਤ ਦੇ ਮਨ-ਆਤਮਾ ਵਿਚ ਕਿਸੇ ਵੀ ਧਰਮ-ਕੌਮ ਲਈ ਕਿਸੇ ਤਰ੍ਹਾਂ ਦਾ ਕੋਈ ਵਿਤਕਰਾ ਤੇ ਫਰਕ ਨਾ ਹੋਵੇ ਅਤੇ ਸਭਨਾਂ ਨਿਵਾਸੀਆ ਨੂੰ ਅਮਲੀ ਰੂਪ ਵਿਚ ਬਰਾਬਰਤਾ ਦੇ ਹੱਕ ਪ੍ਰਦਾਨ ਹੋ ਸਕਣ ।