ਸਾਹਿਤਕਾਰਾਂ ਉਪਰ ਸਮਾਜ ਵਿਚ ਵਾਪਰ ਰਹੀਆਂ ਘਟਨਾਵਾਂ ਦਾ ਗਹਿਰਾ ਅਸਰ ਪੈਂਦਾ ਹੈ। ਖਾਸ ਤੌਰ ਤੇ ਕਵੀਆਂ ਅਤੇ ਕਵਿਤਰੀਆਂ ਦੇ ਦਿਲ ਬਹੁਤ ਹੀ ਸੁਹਜਾਤਮਕ ਹੁੰਦੇ ਹਨ। ਉਹ ਉਨ੍ਹਾਂ ਘਟਨਾਵਾਂ ਨੂੰ ਆਪਣੀਆਂ ਕਵਿਤਾਵਾਂ ਦੇ ਵਿਸ਼ੇ ਬਣਾਕੇ ਆਪਣੀ ਮਾਨਸਿਕਤਾ ਦਾ ਪ੍ਰਗਟਾਵਾ ਕਰਦੇ ਹਨ। ਉਨ੍ਹਾਂ ਦਾ ਬਹੁਤਾ ਪੜ੍ਹੇ ਲਿਖੇ ਹੋਣਾ ਵੀ ਜ਼ਰੂਰੀ ਨਹੀਂ ਹੁੰਦਾ। ਅਕਾਦਮਿਕ ਪੜ੍ਹਾਈ ਲਿਖਾਈ ਰੋਜ਼ਗਾਰ ਪ੍ਰਾਪਤ ਕਰਨ ਵਿਚ ਸਹਾਈ ਹੁੰਦੀ ਹੈ ਪ੍ਰੰਤੂ ਜ਼ਿੰਦਗੀ ਜਿਓਣ, ਸਮਾਜ ਵਿਚ ਵਿਚਰਣ ਅਤੇ ਸਮਾਜਿਕ ਜੀਵਨ ਦੀਆਂ ਕਠਨਾਈਆਂ ਦਾ ਮੁਕਾਬਲਾ ਕਰਨ ਦੇ ਸਮਰੱਥ ਹੋਣ ਲਈ ਸਮਾਜਿਕ ਤਜ਼ਰਬਾ ਜ਼ਰੂਰੀ ਹੁੰਦਾ ਹੈ। ਅੱਖਰੀ ਪੜ੍ਹਾਈ ਲਿਖਾਈ ਸੁਚੱਜੇ ਢੰਗ ਨਾਲ ਜ਼ਿੰਦਗੀ ਜਿਓਣ ਵਿਚ ਸਹਾਈ ਤਾਂ ਹੁੰਦੀ ਹੈ ਪ੍ਰੰਤੂ ਸਲੀਕਾ, ਚੱਜ ਆਚਾਰ, ਵਿਵਹਾਰ ਅਤੇ ਸਤਿਕਾਰ ਕਰਨਾ ਲੋਕਾਂ ਵਿਚ ਵਿਚਰਨ ਤੋਂ ਹੀ ਆਉਂਦਾ ਹੈ। ਲੁਧਿਆਣਾ ਜਿਲ੍ਹੇ ਦੀ ਪਾਇਲ ਤਹਿਸੀਲ ਦੇ ਪਿੰਡ ਕੱਦੋਂ ਦੇ ਵਲਾਇਤੀ ਰਾਮ ਦੀ ਪਤਨੀ ਅਤੇ ਪੰਜਾਬੀ ਦੀ ਸੁਪ੍ਰਸਿਧ ਗਾਇਕਾ ਸਵਰਗਵਾਸੀ ਮਨਪ੍ਰੀਤ ਅਖ਼ਤਰ ਦੀ ਸੱਸ ਬੀਬੀ ਜੌਹਰੀ ਭਾਵੇਂ ਕਿਸੇ ਸਕੂਲ ਵਿਚ ਸਿੱਖਿਆ ਲੈਣ ਲਈ ਦੇਸ਼ ਦੀ ਵੰਡ ਸਮੇਂ ਹਾਲਾਤ ਦੇ ਥਪੇੜਿਆਂ ਕਰਕੇ ਨਹੀਂ ਜਾ ਸਕੀ, ਕਿਉਂਕਿ ਦੇਸ਼ ਦੀ ਵੰਡ ਸਮੇਂ ਉਸਨੂੰ ਘਰੋਂ ਬੇਘਰ ਹੋ ਕੇ ਜੀਵਨ ਬਸਰ ਕਰਨਾ ਪਿਆ। ਭਾਵੇਂ ਉਸਦਾ ਪਿਤਾ ਪੁਲਿਸ ਕੋਤਵਾਲ ਰਿਹਾ ਹੈ ਪ੍ਰੰਤੂ ਆਪਣੀਆਂ ਦੋਵੇਂ ਸਪੁੱਤਰੀਆਂ ਨੂੰ ਸਕੂਲੀ ਪੜ੍ਹਾਈ ਨਹੀਂ ਕਰਵਾ ਸਕਿਆ। ਪ੍ਰੰਤੂ ਉਸਦੀ ਧੀ ਜੌਹਰੀ ਕਵਿਤਾਵਾਂ ਅਜਿਹੀਆਂ ਲਿਖਦੀ ਹੈ ਜਿਹੜੀਆਂ ਸਮੁੱਚੀ ਇਸਤਰੀ ਜਾਤੀ ਦੇ ਦੁੱਖਾਂ-ਦਰਦਾਂ, ਮੁਸੀਬਤਾਂ, ਕਠਨਾਈਆਂ ਅਤੇ ਸਮਾਜਿਕ ਸਰੋਕਾਰਾਂ ਦੀ ਪ੍ਰਤੀਨਿਧਤਾ ਕਰਦੀਆਂ ਹਨ। ਉਹ ਆਪਣੀਆਂ ਸਾਰੀਆਂ ਕਵਿਤਾਵਾਂ ਮੂੰਹ ਜ਼ੁਬਾਨੀ ਯਾਦ ਰੱਖਦੀ ਹੈ, ਭਾਵੇਂ ਉਸਨੇ ਆਪਣੀ ਲੋੜ ਮੁਤਾਬਕ ਲਿਖਣਾ ਪੜ੍ਹਨਾ ਸਿੱਖ ਲਿਆ ਹੈ। ਉਸਨੂੰ ਹਮੇਸ਼ਾ ਇਸ ਗੱਲ ਦਾ ਝੋਰਾ ਲੱਗਿਆ ਰਹਿੰਦਾ ਹੈ ਕਿ ਹਾਲਾਤ ਨੇ ਉਸਨੂੰ ਪੜ੍ਹਨ ਨਹੀਂ ਦਿੱਤਾ। ਉਸਨੇ ਆਪਣੀਆਂ ਲਗਪਗ ਇਕ ਦਰਜਨ ਕਵਿਤਾਵਾਂ ਵਿਚ ਆਪਣੇ ਅਨਪੜ੍ਹ ਹੋਣ ਦਾ ਜ਼ਿਕਰ ਕੀਤਾ ਹੈ। ਕਾਫੀ ਸਮਾਂ ਦੇਸ਼ ਦੀ ਵੰਡ ਦਾ ਝੰਬਿਆ ਉਸਦਾ ਪਰਿਵਾਰ ਰਿਸ਼ਤੇਦਾਰਾਂ ਅਤੇ ਸਮਾਜ ਦੇ ਰਹਿਮੋ ਕਰਮ ਉਪਰ ਰਿਹਾ। ਅਜਿਹੇ ਹਾਲਾਤ ਵਿਚ ਉਸਦਾ ਬਚਪਨ ਰੁਲ ਗਿਆ ਪ੍ਰੰਤੂ ਬੀਬੀ ਜੌਹਰੀ ਨੇ ਹੌਸਲਾ ਨਹੀਂ ਛੱਡਿਆ। ਲਗਾਤਾਰ ਨਾਸਾਜ਼ ਹਾਲਾਤ ਦਾ ਮੁਕਾਬਲਾ ਕਰਦੀ ਹੋਈ ਜਵਾਨ ਹੋਈ। ਜਵਾਨੀ ਦੀ ਦਹਿਲੀਜ਼ ਉਪਰ ਪਹੁੰਚਣ ਤੋਂ ਬਾਅਦ ਉਸਨੇ ਆਪਣੇ ਅਰਮਾਨ ਕਵਿਤਾਵਾਂ ਅਤੇ ਗੀਤਾਂ ਰਾਹੀਂ ਸਹੁਰੇ ਘਰ ਜਾ ਕੇ ਪ੍ਰਗਟਾਉਣੇ ਸ਼ੁਰੂ ਕਰ ਦਿੱਤੇ। ਹੁਣ ਤੱਕ ਉਸਦੀਆਂ ਕਵਿਤਾ ਦੀਆਂ ਤਿੰਨ ਪੁਸਤਕਾਂ ‘ਭੁਲੀ ਵਿਸਰੀ ਯਾਦੇਂ’ ਹਿੰਦੀ ਅਤੇ ‘ਮੇਰੇ ਦੁੱਖਾਂ ਦੀ ਕਹਾਣੀ’ ਅਤੇ ‘ਬੀਬਾ ਜੀ’ ਪੰਜਾਬੀ ਵਿਚ ਪ੍ਰਕਾਸ਼ਤ ਹੋ ਚੁੱਕੀਆਂ ਹਨ। ਉਸਦੀਆਂ ਕਵਿਤਾਵਾਂ ਦਰਸਾਉਂਦੀਆਂ ਹਨ ਕਿ ਸਮਾਜ ਸ੍ਰੀ ਗੁਰੂ ਨਾਨਕ ਦੀ ਵਿਚਾਰਧਾਰਾ ਦੇ ਵਿਰੁਧ ਆਜ਼ਾਦੀ ਦੇ 70 ਸਾਲਾਂ ਤੋਂ ਬਾਅਦ ਵੀ ਇਸਤਰੀਆਂ ਨਾਲ ਦੁਰਵਿਵਹਾਰ ਕਰ ਰਿਹਾ ਹੈ। ਇਸਤਰੀਆਂ ਉਪਰ ਜ਼ੁਲਮ ਕੀਤੇ ਤਾਂ ਜਾ ਹੀ ਰਹੇ ਹਨ ਸਗੋਂ ਦਿਨਬਦਿਨ ਜ਼ੁਲਮਾਂ ਵਿਚ ਵਾਧਾ ਹੋ ਰਿਹਾ ਹੈ। ਇਨ੍ਹਾਂ ਜ਼ਿਆਦਤੀਆਂ ਨੂੰ ਉਹ ਆਪਣੀਆਂ ਕਵਿਤਾਵਾਂ ਦਾ ਵਿਸ਼ਾ ਬਣਾਉਂਦੀ ਹੈ। ਉਸ ਦੀਆਂ ਕਵਿਤਾਵਾਂ ਦੇ ਵਿਸ਼ੇ ਵੰਨ ਸੁਵੰਨਤਾ ਵਾਲੇ ਹਨ ਜਿਵੇਂ ਕਿ ਇਸਤਰੀਆਂ ਨਾਲ ਆਨਿਆਏ, ਗ਼ਰੀਬੀ, ਮਜ਼ਦੂਰੀ, ਬੱਚਿਆਂ ਦੀ ਮਜ਼ਦੂਰੀ, ਬੱਚਿਆਂ ਵੱਲੋਂ ਮਾਪਿਆਂ ਨਾਲ ਦੁਰਵਿਵਹਾਰ, ਦੇਸ਼ ਭਗਤੀ ਅਤੇ ਔਰਤ ਦੀ ਬੇਬਸੀ। ਉਹ ਆਪਣੀਆਂ ਕਵਿਤਾਵਾਂ ਵਿਚ ਅਨਪੜ੍ਹ ਹੋਣ ਦੇ ਬਾਵਜੂਦ ਵੀ ਬਿੰਬਾਂ ਅਤੇ ਪ੍ਰਤੀਕਾਂ ਦੀ ਬਾਖ਼ੂਬੀ ਵਰਤੋਂ ਕਰਦੀ ਹੈ। ਉਸਦਾ ਜਨਮ 1942 ਵਿਚ ਸੰਗਰੂਰ ਜਿਲ੍ਹੇ ਦੇ ਮੀਮਸਾ ਪਿੰਡ ਵਿਚ ਗ਼ੁਲਾਮ ਫਰੀਦ ਦੇ ਘਰ ਹੋਇਆ ਜੋ ਪੈਪਸੂ ਸਟੇਟ ਵਿਚ ਕੋਤਵਾਲ ਸਨ। ਦੇਸ਼ ਦੀ ਵੰਡ ਸਮੇਂ ਪਰਿਵਾਰ ਨੂੰ ਹਿੰਸਾ ਦਾ ਸ਼ਿਕਾਰ ਹੋਣਾ ਪਿਆ, ਜਿਸ ਕਰਕੇ ਆਪਦਾ ਬਚਪਨ ਬਿਖ਼ਰ ਗਿਆ, ਲੁਕ ਛਿਪਕੇ ਮਾਲੇਰਕੋਟਲਾ ਵਿਚ ਰਿਸ਼ਤੇਦਾਰਾਂ ਦੀ ਛਤਰਛਾਇਆ ਹੇਠ ਦਿਨ ਕੱਟਣੇ ਪਏ। ਪੜ੍ਹਾਈ ਨਾ ਕਰਨ ਦਾ ਝੋਰਾ ਬੀਬੀ ਜੌਹਰੀ ਨੂੰ ਅਜੇ ਤੱਕ ਸਤਾਈ ਜਾ ਰਿਹਾ ਹੈ। ਸ਼ਾਇਰੀ ਦਾ ਸ਼ੌਕ ਬਚਪਨ ਵਿਚ ਹੀ ਵਿਕਸਤ ਹੋ ਗਿਆ। ਜ਼ਿੰਦਗੀ ਦੀਆਂ ਠੋਕਰਾਂ ਨੇ ਇਸ ਸ਼ੌਕ ਨੂੰ ਪੁੰਗਰਨ ਅਤੇ ਫੈਲਣ ਵਿਚ ਮਹੱਤਵਪੂਰਨ ਯੋਗਦਾਨ ਪਾਇਆ। ਅਨਪੜ੍ਹ ਅਤੇ ਗ਼ਰੀਬੀ ਹੋਣ ਦੇ ਬਾਵਜੂਦ ਵੀ ਉਸਨੇ ਆਪਣੇ ਦੋਵੇਂ ਬੱਚਿਆਂ ਨੂੰ ਪੜ੍ਹਾਉਣ ਵਿਚ ਪੂਰੀ ਦਿਲਚਸਪੀ ਲਈ ਜਿਸ ਕਰਕੇ ਆਪਦੇ ਦੋਵੇਂ ਲੜਕੇ ਅਤੇ ਦੋਵੇਂ ਲੜਕੀਆਂ ਪੜ੍ਹੀਆਂ ਲਿਖੀਆਂ ਹੋਈਆਂ ਹਨ ਅਤੇ ਆਪੋ ਆਪਣੇ ਜੀਵਨ ਖ਼ੁਸ਼ੀਆਂ ਭਰੇ ਮਾਹੌਲ ਵਿਚ ਬਸਰ ਕਰ ਰਹੇ ਹਨ। ਬੀਬੀ ਜੌਹਰੀ ਆਪਣੇ ਲੜਕਿਆਂ, ਲੜਕੀਆਂ, ਪੋਤਰੇ ਪੋਤਰੀਆਂ ਅਤੇ ਦੋਹਤੇ ਦੋਹਤਰੀਆਂ ਨੂੰ ਉਚ ਪੜ੍ਹਾਈ ਕਰਾਕੇ ਆਪਣੇ ਜੀਵਨ ਨੂੰ ਸਫਲ ਸਮਝਦੀ ਹੈ, ਕਿਉਂਕਿ ਜਿਹੜੀ ਪੜ੍ਹਾਈ ਤੋਂ ਉਹ ਵਾਂਝਿਆਂ ਰਹੀ ਹੈ ਉਸਦੀ ਪੂਰਤੀ ਆਪਣੇ ਸਮੁੱਚੇ ਪਰਿਵਾਰ ਨੂੰ ਪੜ੍ਹਾ ਲਿਖਾਕੇ ਸੰਤੁਸ਼ਟ ਹੋ ਗਈ ਹੈ। ਇਸੇ ਕਰਕੇ ਉਹ ਜ਼ਿੰਦਗੀ ਵਿਚ ਸਬਰ ਸੰਤੋਖ ਦਾ ਪੱਲਾ ਫੜਨ ਦੀ ਤਾਕੀਦ ਕਰਦੀ ਹੋਈ ‘ਰੱਬ ਦੀ ਰਜ਼ਾ ਵਿਚ’ ਸਿਰਲੇਖ ਵਾਲੀ ਕਵਿਤਾ ਵਿਚ ਲਿਖਦੀ ਹੈ-
ਚਾਰ ਮੰਜ਼ਲੀ ਹਵੇਲੀ ਨਾ ਦੇਖੀਂ, ਕੋਲ ਵਸਦੀ ਝੁੱਗੀ ਦਾ ਹੌਸਲਾ ਦੇਖੀਂ।
ਕਿਵੇਂ ਰਹਿੰਦੇ ਨੇ ਮਰ ਮਰ ਕੇ, ਉਨ੍ਹਾਂ ਤੋਂ ਦੁੱਖ ਸੁੱਖ ਸਹਿਣਾ ਸਿੱਖ ਲੈ।
ਚਿੱਕੜ ਵਿਚ ਕਮਲ ਕਿਵੇਂ ਹੱਸਦਾ, ਕੰਡਿਆਂ ਦੀ ਨੋਕ ਤੇ ਗੁਲਾਬ ਕਿਵੇਂ ਨੱਚਦਾ।
ਉਨ੍ਹਾਂ ਤੋਂ ਹੱਸਣਾ ਨੱਚਣਾ ਸਿੱਖ ਲੈ, ਰੱਬ ਦੀ ਰਜਾ ਵਿਚ ਰਹਿਣਾ ਸਿੱਖ ਲੈ।
ਬੀਬੀ ਜੌਹਰੀ ਦੀਆਂ ਕਵਿਤਾਵਾਂ ਮੁੱਖ ਤੌਰ ਤੇ ਪੰਜਾਬੀ ਵਿਚ ਹਨ ਪ੍ਰੰਤੂ ਕੁਝ ਕੁ ਹਿੰਦੋਸਤਾਨੀ ਵਿਚ ਵੀ ਹਨ। ਸਮਾਜਿਕ ਸਰੋਕਾਰਾਂ ਵਾਲੀਆਂ ਕਵਿਤਾਵਾਂ ਵਿਚ ਉਹ ਕਿਸਾਨੀ ਕਰਜ਼ੇ, ਗ਼ਰੀਬਾਂ ਦੀ ਦੁਰਦਸ਼ਾ, ਨਸ਼ਾ, ਭਰਿਸ਼ਟਾਚਾਰ, ਭਰੂਣ ਹੱਤਿਆ ਅਤੇ ਬੇਰੋਜ਼ਗਾਰੀ ਬਾਰੇ ਕਵਿਤਾਵਾਂ ਲਿਖਕੇ ਇਹ ਦਰਸਾ ਰਹੀ ਹੈ ਕਿ ਸਮਾਜਿਕ ਵਰਤਾਰੇ ਵਿਚ ਗਿਰਾਵਟ ਆ ਰਹੀ ਹੈ। ਪਰਵਾਸੀ ਜ਼ਿੰਦਗੀ ਬਾਰੇ ਕਵਿਤਾਵਾਂ ਲਿਖੀਆਂ ਹਨ। ਪੁਲਿਸ ਦੇ ਭਰਿਸ਼ਟਾਚਾਰ ਬਾਰੇ ਟਕੋਰ ਕਰਦੀ ਉਹ ਗਾਇਕ ਸਿਰਲੇਖ ਵਾਲੀ ਕਵਿਤਾ ਵਿਚ ਲਿਖਦੀ ਹੈ ਕਿ-
ਗਾਇਕ ਤਾਂ ਹੁੰਦਾ ਫੁਲ ਵਰਗਾ, ਕਿਉਂ ਜੇਲ੍ਹਾਂ ਵਿਚ ਪਾ ਦਿੱਤਾ?
ਏਹ ਤਾਂ ਹਾਲੀ ਬੱਚਾ ਸੀ, ਮਸਾਂ-ਮਸਾਂ ਹੀ ਪਲਿਆ ਸੀ,
ਨਾ ਅੱਗੇ ਕੋਈ ਬੱਚਾ ਸੀ, ਨਾ ਗਾ ਕੇ ਕੁਝ ਕਮਾਇਆ ਸੀ।
ਨਾ ਕਬੂਤਰ ਛੱਡ ਕੇ ਆਇਆ ਅਜੇ, ਜੇ ਗਾ ਕੇ ਕੁਝ ਕਮਾ ਲੈਂਦਾ,
ਕਬੂਤਰ ਬਾਹਰ ਪਹੁੰਚਾ ਦਿੰਦਾ, ਫੇਰ ਪੁਲਿਸ ਵੀ ਹੱਥ ਨਾ ਪਾਂਦੀ,
ਦੇ ਲੈ ਕੇ ਛੁੱਟ ਛੁਡਾ ਜਾਂਦਾ, ਗਾਇਕ ਤਾਂ ਹੁੰਦਾ ਫੁਲ ਵਰਗਾ,
ਕਿਉਂ ਜੇਲ੍ਹਾਂ ਵਿਚ ਪਾ ਦਿੱਤਾ………………………।
ਇਸਤਰੀਆਂ ਦੀ ਤ੍ਰਾਸਦੀ ਅਤੇ ਇਸ਼ਕ ਮੁਸ਼ਕ ਵਾਲੀਆਂ ਲਗਪਗ ਦੋ ਦਰਜਨ ਰੁਮਾਂਸਵਾਦੀ ਕਵਿਤਾਵਾਂ ਵੀ ਬੀਬੀ ਜੌਹਰੀ ਨੇ ਲਿਖੀਆਂ ਹਨ, ਜਿਨ੍ਹਾਂ ਵਿਚ ਸਮਾਜ ਵੱਲੋਂ ਕੀਤੀਆਂ ਜਾਂਦੀਆਂ ਕੋਝੀਆਂ ਹਰਕਤਾਂ ਦਾ ਜ਼ਿਕਰ ਕੀਤਾ ਗਿਆ ਹੈ। ਜਿਹੜੇ ਵਿਅਕਤੀ ਨੌਜਵਾਨ ਲੜਕੀਆਂ ਨੂੰ ਪਰਦੇਸਾਂ ਦੇ ਝਾਂਸੇ ਦੇ ਕੇ ਆਪ ਉਡਾਰੀ ਮਾਰ ਜਾਂਦੇ ਹਨ ਅਤੇ ਪਿਛੇ ਉਨ੍ਹਾਂ ਦੀਆਂ ਨਵ ਵਿਆਹੀਆਂ ਆਪਣੇ ਕੰਤਾਂ ਨੂੰ ਉਡੀਕਦੀਆਂ ਖੱਜਲ ਖ਼ੁਆਰ ਹੁੰਦੀਆਂ ਹਨ, ਉਨ੍ਹਾਂ ਹਾਲਾਤਾਂ ਦਾ ਵੀ ਕਵਿਤਾਵਾਂ ਰਾਹੀਂ ਪ੍ਰਗਟਾਵਾ ਕੀਤਾ ਗਿਆ ਹੈ। ਕਈ ਕਵਿਤਾਵਾਂ ਵਿਚ ਕਵਿਤਰੀ ਰੂਹਾਨੀ ਅਤੇ ਅਧਿਆਤਮਕ ਰੰਗ ਵੀ ਪੈਦਾ ਕਰ ਦਿੰਦੀ ਹੈ। ਰੱਬ ਨੂੰ ਨਿਹੋਰੇ ਵੀ ਕਰਦੀ ਰਹਿੰਦੀ ਹੈ ਪ੍ਰੰਤੂ ਇਸਦੇ ਨਾਲ ਹੀ ਜਦੋਂ ਸਮਾਜਿਕ ਜ਼ਿਆਦਤੀਆਂ ਦੇ ਵਿਰੁਧ ਕਵਿਤਾਵਾਂ ਲਿਖਦੀ ਹੈ, ਫਿਰ ਕਿਸੇ ਨੂੰ ਵੀ ਮੁਆਫ਼ ਨਹੀਂ ਕਰਦੀ ਇਥੋਂ ਤੱਕ ਕਿ ਨਿਆਂਪਾਲਿਕਾ ਨੂੰ ਵੀ ਨਹੀਂ ਬਖ਼ਸ਼ਦੀ। ਕਵਿਤਰੀ ਲੋਕਾਂ ਨੂੰ ਸਲਾਹ ਦਿੰਦੀ ਹੈ ਕਿ ਤੁਸੀਂ ਸੱਚ ਦੇ ਮਾਰਗ ਤੇ ਚਲਦੇ ਰਹੋ ਕਦੀਂ ਤਾਂ ਇਨਸਾਫ ਮਿਲੇਗਾ ਹੀ। ਚਲਦਾ ਜਾ ਚਲਦਾ ਜਾ ਕਵਿਤਾ ਵਿਚ ਲਿਖਦੀ ਹੈ-
ਦੁਨੀਆਂ ਝੂਠਿਆਂ ਦਾ ਪੱਖ ਪੂਰਦੀ ਹੈ,
ਸੱਚੇ ਚੜ੍ਹ ਦੇ ਫਾਂਸੀਆਂ ਨੂੰ, ਬਿਨਾਂ ਗੁਨਾਹ ਕੀਤੇ।
ਜੱਜ ਵੀ ਬਰੀ ਕਰ ਦਿੰਦਾ ਗੁਨਾਹਗਾਰਾਂ ਨੂੰ,
ਜਦ ਕੋਠੀਆਂ ਲੈ ਗਏ ਖੁਰਜ਼ੀਆਂ ਭਰ ਕੇ।
ਸਮੁੱਚੇ ਤੌਰ ਤੇ ਬੀਬੀ ਜੌਹਰੀ ਦੀਆਂ ਤਿੰਨੋਂ ਪੁਸਤਕਾਂ ਪੜ੍ਹਨ ਤੋਂ ਮਹਿਸੂਸ ਹੁੰਦਾ ਹੈ ਕਿ ਉਹ ਕਵਿਤਰੀ ਦੇ ਤੌਰ ਤੇ ਆਪਣੀ ਸਮਾਜਿਕ ਜ਼ਿੰਮੇਵਾਰੀ ਬਾਰੇ ਪੂਰੀ ਤਰ੍ਹਾਂ ਸੁਚੇਤ ਹੈ, ਇਸ ਕਰਕੇ ਹੀ ਉਹ ਲੋਕ ਮਸਲਿਆਂ ਖਾਸ ਤੌਰ ਤੇ ਔਰਤਾਂ ਦੀਆਂ ਸਮੱਸਿਆਵਾਂ ਬਾਰੇ ਬੇਬਾਕ ਹੋ ਕੇ ਕਵਿਤਾਵਾਂ ਲਿਖਦੀ ਹੈ। ਉਹ ਆਪਣੀਆਂ ਕਵਿਤਾਵਾਂ ਲਿਖਣ ਦੀ ਰੁਚੀ ਦੀ ਪੂਰਤੀ ਵਿਚ ਆਪਣੇ ਪਤੀ ਵਲਾਇਤੀ ਰਾਮ ਦੇ ਯੋਗਦਾਨ ਨੂੰ ਮਹੱਤਵਪੂਰਨ ਗਿਣਦੀ ਹੈ ਕਿਉਂਕਿ ਪਰਿਵਾਰਿਕ ਜ਼ਿੰਮੇਵਾਰੀਆਂ ਦੇ ਬਾਵਜੂਦ ਉਸਨੂੰ ਆਪਣੀਆਂ ਭਾਵਨਾਵਾਂ ਪ੍ਰਗਟਾਉਣ ਲਈ ਉਨ੍ਹਾਂ ਵੱਲੋਂ ਖੁਲ੍ਹ ਮਿਲਦੀ ਰਹੀ ਹੈ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ