ਨਵੀਂ ਦਿੱਲੀ : ਧਰਮ ਅਤੇ ਮਨੁੱਖਤਾ ਦੀ ਰੱਖਿਆ ਲਈ ਨੌਂਵੇ ਪਾਤਿਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਵੱਲੋਂ ਦਿੱਤੀ ਗਈ ਸ਼ਹਾਦਤ ਬਾਰੇ ਲੋਕਾਂ ਨੂੰ ਦੱਸਣ ਲਈ ਕਸ਼ਮੀਰੀ ਪੰਡਿਤਾਂ ਦੀ ਜਥੇਬੰਦੀਆਂ ਵੱਲੋਂ ‘‘ਸਨਮਾਨ ਯਾਤਰਾ’’ ਕੱਢਣ ਦਾ ਐਲਾਨ ਕੀਤਾ ਗਿਆ ਹੈ। ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਸ਼ਹੀਦੀ ਸਥਾਨ ’ਤੇ ਨਤਮਸਤਕ ਹੋਣ ਉਪਰੰਤ ਅੱਜ ਉੱਘੀ ਪੰਜਾਬੀ ਫ਼ਿਲਮੀ ਅਦਾਕਾਰਾ ਪ੍ਰੀਤੀ ਸਪਰੂ ਅਤੇ 51 ਕਸ਼ਮੀਰੀ ਪੰਡਿਤਾਂ ਨੇ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਅਤੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਦੇ ਨਾਲ ਪੱਤਰਕਾਰਾਂ ਨੂੰ ਸੰਬੋਧਿਤ ਕਰਦੇ ਹੋਏ 5 ਜਨਵਰੀ 2018 ਨੂੰ ਦਿੱਲੀ ਦੇ ਗੁਰਦੁਆਰਾ ਸੀਸਗੰਜ ਸਾਹਿਬ ਤੋਂ ਤਖ਼ਤ ਸ੍ਰੀ ਅਨੰਦਪੁਰ ਸਾਹਿਬ ਤਕ ਯਾਤਰਾ ਲੈ ਜਾਣ ਦੀ ਜਾਣਕਾਰੀ ਦਿੱਤੀ।
ਪ੍ਰੀਤੀ ਨੇ ਦੱਸਿਆ ਕਿ ਕਸ਼ਮੀਰੀ ਪੰਡਿਤਾਂ ਦੇ ਬੱਚਿਆਂ ਨੂੰ ਗੁਰੂ ਸਾਹਿਬ ਦੀ ਸ਼ਹਾਦਤ ਦੀ ਜਾਣਕਾਰੀ ਦੇਣ ਅਤੇ ਗੁਰੂ ਸਾਹਿਬ ਦਾ ਧੰਨਵਾਦ ਦਿੱਲੋਂ ਮਹਿਸੂਸ ਕਰਨ ਲਈ ਯਾਤਰਾ ਕੱਢੀ ਜਾ ਰਹੀ ਹੈ। ਅੱਜ ਹਿੰਦੂਸਤਾਨ ’ਚ ਹਿੰਦੂ ਧਰਮ ਮੌਜੂਦ ਹੈ ਤਾਂ ਉਸਦੇ ਪਿੱਛੇ ਗੁਰੂ ਸਾਹਿਬ ਦੀ ਕੁਰਬਾਨੀ ਦਾ ਬੜਾ ਵੱਡਾ ਯੋਗਦਾਨ ਹੈ। ਪ੍ਰੀਤੀ ਨੇ ਕਿਹਾ ਕਿ ਅੱਜ ਇਤਿਹਾਸ ਮੁੜ੍ਹ ਤੋਂ ਦੁਹਰਾਇਆ ਜਾ ਰਿਹਾ ਹੈ। ਗੁਰੂ ਤੇਗ ਬਹਾਦਰ ਸਾਹਿਬ ਕੋਲ ਜਾ ਕੇ ਤੱਦ ਕਸ਼ਮੀਰੀ ਪੰਡਿਤਾਂ ਨੇ ਉਨ੍ਹਾਂ ਪਾਸੋਂ ਮਦਦ ਮੰਗੀ ਸੀ।ਪਰ ਅਸੀਂ ਗੁਰੂ ਸਾਹਿਬ ਦੀ ਸ਼ਹਾਦਤ ਨੂੰ ਸ਼ਾਇਦ ਸਹੀ ਸਤਿਕਾਰ ਨਹੀਂ ਦੇ ਪਾਏ ਜਿਸ ਕਰਕੇ ਅੱਜ ਵੀ ਅਸੀਂ ਜੜ੍ਹ ਕਸ਼ਮੀਰ ਤੋਂ ਟੁੱਟ ਕੇ ਬਾਹਰ ਭਟਕ ਰਹੇ ਹਾਂ। ਅੱਜ ਹਿੰਦੂ ਸਮਾਜ ਆਰਿਆ ਸਮਾਜੀ, ਜੈਨ, ਬੌਧੀ ਅਤੇ ਦਲਿਤ ਆਧਾਰ ਤੇ ਵੰਡਿਆ ਜਾ ਚੁੱਕਿਆ ਹੈ। ਇਸ ਕਰਕੇ ਕਸ਼ਮੀਰ ਪੰਡਿਤਾਂ ਨੂੰ ਲੈ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਵੱਲੋਂ ਸਿੱਖਾਂ ਨੂੰ ਸਜਾਉਣ ਦਾ ਪ੍ਰਤੀਕ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ’ਤੇ ਨਤਮਸਤਕ ਹੋ ਕੇ ਸਰਬੰਸਦਾਨੀ ਦੇ ਅੱਗੇ ਅਰਦਾਸ ਕਰਕੇ ਆਪਣੀ ਆਤਮਾ ਦੇ ਬੋਝ ਨੂੰ ਉਤਾਰਦੇ ਹੋਏ ਕਸ਼ਮੀਰੀ ਪੰਡਿਤਾਂ ਦੇ ਕਸ਼ਮੀਰ ਵਿਖੇ ਮੁੜ੍ਹ ਵਸੇਬੇ ਲਈ ਅਰਦਾਸ ਕਰਾਂਗੇ। ਸਾਡੀ ਇਸ ਯਾਤਰਾ ਨਾਲ ਜਿਥੇ ਸਿੱਖ ਭਾਈਚਾਰੇ ਨੂੰ ਅਸੀਂ ਸਨਮਾਨਿਤ ਕਰਾਂਗੇ ਉਥੇ ਹੀ ਹਿੰਦੂ-ਸਿੱਖ ਏਕਤਾ ਨੂੰ ਮਜਬੂਤ ਕਰਾਂਗੇ।
ਜੀ.ਕੇ. ਨੇ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਉਪਰੰਤ ਗੁਰੂ ਸਾਹਿਬ ਦੇ ਪਰਿਵਾਰ ਅਤੇ ਸਿੱਖਾਂ ਨੂੰ ਝਲਣੇ ਪਏ ਸ਼ਹਾਦਤਾਂ ਦੇ ਸਿਲਸਿਲੇ ਨੂੰ ਯਾਦ ਕਰਦੇ ਹੋਏ ਕਿਹਾ ਕਿ ਕਸ਼ਮੀਰੀ ਪੰਡਿਤਾਂ ਵੱਲੋਂ ਗੁਰੂ ਸਾਹਿਬ ਨੂੰ ਨਤਮਸਤਕ ਹੋਣ ਨਾਲ ਸਾਨੂੰ ਹੌਂਸਲਾ ਮਿਲਦਾ ਹੈ। ਸਨਮਾਨ ਯਾਤਰਾ ਦੀ ਜਾਣਕਾਰੀ ਦੇਣ ਵਾਲੇ ਇਸ਼ਤਿਹਾਰ ’ਚ ਗੁਰੂ ਸਾਹਿਬ ਨੂੰ ਧੰਨਵਾਦ ਦੇਣ ਲਈ ਕੱਢੀ ਜਾ ਰਹੀ ਸਨਮਾਨ ਯਾਤਰਾ ਨੂੰ ਪਛਤਾਵਾ ਦੱਸਣ ’ਤੇ ਜੀ.ਕੇ. ਨੇ ਇਤਰਾਜ ਜਤਾਇਆ। ਜੀ.ਕੇ. ਨੇ ਕਿਹਾ ਕਿ ਤੁਹਾਨੂੰ ਗੁਰੂ ਸਾਹਿਬ ਦੀ ਸ਼ਹਾਦਤ ’ਤੇ ਪਛਤਾਵਾ ਕਰਨ ਦੀ ਕੋਈ ਲੋੜ ਨਹੀਂ ਹੈ। ਗੁਰੂ ਸਾਹਿਬ ਨੇ ਮਨੁੱਖਤਾ ਦੀ ਰਾਖੀ ਲਈ ਸ਼ਹਾਦਤ ਦਿੱਤੀ ਸੀ।
1975 ’ਚ ਗੁਰੂ ਸਾਹਿਬ ਦੀ ਸ਼ਹੀਦੀ ਦੀ ਤੀਜ਼ੀ ਸ਼ਤਾਬਦੀ ਮੌਕੇ ਦਿੱਲੀ ਦੇ ਰਾਮਲੀਲਾ ਮੈਦਾਨ ਵਿਖੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵੱਲੋਂ ਦਿੱਤੇ ਗਏ ਭਾਸ਼ਣ ਦਾ ਵੀ ਜੀ.ਕੇ. ਨੇ ਹਵਾਲਾ ਦਿੱਤਾ। ਜੀ.ਕੇ. ਨੇ ਕਿਹਾ ਕਿ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਉਪਰੰਤ ਗੁਰੂ ਹਰਿਗੋਬਿੰਦ ਸਾਹਿਬ ਦੇ ਕਸ਼ਮੀਰ ਰਹਿਣ ਦੌਰਾਨ ਬਾਦਸ਼ਾਹ ਜਹਾਂਗੀਰ ਅਤੇ ਗੁਰੂ ਸਾਹਿਬ ਵਿਚਾਲੇ ਹਾਲਾਂਕਿ ਸਮਝੌਤਾ ਹੋ ਗਿਆ ਸੀ, ਫਿਰ ਵੀ ਗੁਰੂ ਤੇਗ ਬਹਾਦਰ ਸਾਹਿਬ ਨੇ ਤਿਲਕ ਅਤੇ ਜਨੇਊ ਦੀ ਰੱਖਿਆ ਲਈ ਸ਼ਹਾਦਤ ਦੇਣ ਦਾ ਫੈਸਲਾ ਲਿਆ ਜਦਕਿ ਗੁਰੂ ਨਾਨਕ ਦੇਵ ਜੀ ਨੇ ਜਨੇਊ ਨੂੰ ਧਾਰਮਿਕ ਚਿਨ੍ਹ ਦੇ ਤੌਰ ’ਤੇ ਪਾਉਣ ਦਾ ਖੰਡਨ ਕੀਤਾ ਸੀ। ਜੀ.ਕੇ. ਨੇ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਕਰਕੇ ਮੁਗਲ ਹਕੂਮਤ ਨਾਲ ਮੁੜ੍ਹ ਤੋਂ ਸ਼ੁਰੂ ਹੋਏ ਟਕਰਾਵ ਕਰਕੇ ਹਜਾਰਾਂ ਸਿੱਖਾਂ ਦੇ ਸ਼ਹਾਦਤਾਂ ਦੇਣ ਦਾ ਵੀ ਜਿਕਰ ਕੀਤਾ।
ਸਿਰਸਾ ਨੇ ਕਿਹਾ ਕਿ ਗੁਰੂ ਤੇਗ ਬਹਾਦਰ ਸਾਹਿਬ ਦੇ ਪਵਿੱਤਰ ਸ਼ਹੀਦੀ ਸਥਾਨ ’ਤੇ ਨਤਮਸਤਕ ਹੋਣ ਆਏ ਕਸ਼ਮੀਰੀ ਪੰਡਿਤਾਂ ਦਾ ਉਹ ਧੰਨਵਾਦ ਕਰਦੇ ਹਨ। ਗੁਰੂ ਸਾਹਿਬ ਨੇ ਧਰਮ ਦੀ ਰੱਖਿਆ ਲਈ ਸ਼ਹਾਦਤ ਦੇ ਕੇ ਦੇਸ਼ ਦੇ ਧਰਮ ਨਿਰਪੇਖ ਸਰੂਪ ਦੀ ਰਾਖੀ ਕੀਤੀ ਸੀ। ਕਸ਼ਮੀਰੀ ਪੰਡਿਤਾਂ ਨੂੰ ਯਾਤਰਾ ਸਬੰਧੀ ਪੂਰਨ ਸਹਿਯੋਗ ਦੇਣ ਦਾ ਸਿਰਸਾ ਨੇ ਭਰੋਸਾ ਦਿੱਤਾ। ਕਸ਼ਮੀਰੀ ਪੰਡਿਤ ਆਗੂਆਂ ਨੇ ਦੱਸਿਆ ਕਿ ਅਜਿਹੀ ਯਾਤਰਾ 1994 ਵਿਚ ਪਹਿਲੀ ਵਾਰ ਕੱਢੀ ਗਈ ਸੀ ਅਤੇ 5 ਜਨਵਰੀ ਨੂੰ ਸਜਾਈ ਜਾ ਰਹੀ ਯਾਤਰਾ ਇਸ ਕੜ੍ਹੀ ਵਿਚ ਤੀਜ਼ੀ ਯਾਤਰਾ ਹੈ।ਗੁਰੂ ਸਾਹਿਬ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਨੇ ਵੀ ਕਸ਼ਮੀਰੀ ਪੰਡਿਤਾਂ ਦੀ ਭਰਪੂਰ ਸਹਾਇਤਾ ਕੀਤੀ ਸੀ। ਇਸ ਮੌਕੇ ਦਿੱਲੀ ਕਮੇਟੀ ਦੇ ਅਹੁਦੇਦਾਰ ਅਤੇ ਮੈਂਬਰ ਸਾਹਿਬਾਨਾਂ ਦੇ ਨਾਲ ਆੱਲ ਇੰਡੀਆ ਕਸ਼ਮੀਰ ਸਮਾਜ,ਵਿਸ਼ਵ ਕਸ਼ਮੀਰ ਪੰਡਿਤ ਸਮਾਜ, ਪਨੂਨ ਕਸ਼ਮੀਰ ਤੇ ਸ਼ਾਰਦਾ ਕਮੇਟੀ ਕਸ਼ਮੀਰ ਦੇ ਆਗੂ ਮੌਜੂਦ ਸਨ।