ਅੰਮ੍ਰਿਤਸਰ – ਸਾਬਕਾ ਮੰਤਰੀ ਅਤੇ ਅਕਾਲੀ ਦਲ ਦੇ ਜਨਰਲ ਸਕੱਤਰ ਸ: ਬਿਕਰਮ ਸਿੰਘ ਮਜੀਠੀਆ ਨੇ ਕਾਂਗਰਸੀ ਆਗੂਆਂ ਦੀ ਸ਼ਹਿ ’ਤੇ ਹੋ ਰਹੀ ਸਿਆਸੀ ਦਹਿਸ਼ਤਗਰਦੀ ਦਾ ਸਖ਼ਤ ਨੋਟਿਸ ਲੈਂਦਿਆਂ ਕਿਹਾ ਕਿ ਕਾਂਗਰਸੀ ਆਗੂਆਂ ਦੀ ਸ਼ਹਿ ’ਤੇ ਹੋ ਰਹੀ ਗੁੰਡਾਗਰਦੀ ਦੇ ਪੁਖਤਾ ਸਬੂਤ ਹੋਣ ਦੇ ਬਾਵਜੂਦ ਸਿਆਸੀ ਦਬਾਅ ਅਧੀਨ ਪੁਲੀਸ ਕੋਈ ਕਾਰਵਾਈ ਨਹੀਂ ਕਰ ਰਹੀ ਹੈ। ਉਹਨਾਂ ਕਿਹਾ ਕਿ ਇਨਸਾਫ ਨਾ ਮਿਲਿਆ ਤਾਂ ਮਜਬੂਰਨ ਇਨ੍ਹਾਂ ਮੁੱਦਿਆਂ ਨੂੰ ਵਿਧਾਨਸਭਾ ਵਿੱਚ ਉਠਾਇਆ ਜਾਵੇਗਾ ਅਤੇ ਸੜਕਾਂ ’ਤੇ ਮੋਰਚਾ ਲਾਉਣ ਤੋਂ ਇਲਾਵਾ ਨਿਆਂ ਲਈ ਅਦਾਲਤ ਦਾ ਦਰਵਾਜਾ ਖੜਕਾਇਆ ਜਾਵੇਗਾ।
ਇੱਕ ਪ੍ਰੈਸ ਕਾਨਫਰੰਸ ਦੌਰਾਨ ਉਹਨਾਂ ਕਿਹਾ ਕਿ ਰਾਜ ਵਿੱਚ ਅਮਨ ਕਾਨੂੰਨ ਦੀ ਸਥਿਤੀ ਬਦ ਤੋਂ ਬਦਤਰ ਹੋ ਰਹੀ ਹੈ। ਉਹਨਾਂ ਚਿੰਤਾ ਜ਼ਾਹਿਰ ਕਰਦਿਆਂ ਕਿਹਾ ਕਿ ਇੱਕ ਵਜ਼ੀਰ ਦੀ ਸ਼ਹਿ ਪ੍ਰਾਪਤ ਮਜੀਠਾ ਦੇ ਕਾਂਗਰਸੀ ਆਗੂ ਸੁਖਜਿੰਦਰ ਸਿੰਘ ਲਾਲੀ ਮਜੀਠਾ ਜੋ ਕਿ ਲੋਕਾਂ ਵੱਲੋਂ ਨਕਾਰੇ ਜਾਣ ਨਾਲ ਉਹਨਾਂ (ਬਿਕਰਮ ਸਿੰਘ ਮਜੀਠੀਆ) ਤੋਂ 5 ਵਾਰ ਸ਼ਿਕਸਤ ਖਾ ਚੁਕਾ ਹੈ, ਦੇ ਨਜ਼ਦੀਕੀਆਂ ਵੱਲੋਂ ਪਿਛਲੇ ਕੁੱਝ ਹੀ ਦਿਨਾਂ ਦੌਰਾਨ ਵੱਖ ਵੱਖ ਥਾਵਾਂ ’ਤੇ ਗੋਲੀਆਂ ਚਲਾਈਆਂ ਗਈਆਂ, ਜਿਸ ਦੌਰਾਨ ਕਈ ਲੋਕ ਫੱਟੜ ਵੀ ਹੋਏ। ਉਹਨਾਂ ਗੁੰਡਾਗਰਦੀ ਦੇ ਸ਼ਿਕਾਰ 3 ਵੱਖ ਵੱਖ ਪਿੰਡਾਂ ਦੇ ਪਰਿਵਾਰਕ ਮੈਂਬਰਾਂ ਨੂੰ ਪੇਸ਼ ਕਰਦਿਆਂ ਦੋਸ਼ ਲਾਇਆ ਕਿ ਲਾਲੀ ਮਜੀਠਾ ਦਾ ਪੀ ਏ ਜਸਮੀਤ ਸਿੰਘ ਰੰਧਾਵਾ ਵਾਸੀ ਪਿੰਡ ਬੱਦੋਵਾਲ ਜੋ ਕਿ ਅਣਅਧਿਕਾਰਤ ਤੌਰ ’ਤੇ ਬੀ ਡੀ ਓ ਮਜੀਠਾ ਦੇ ਦਫ਼ਤਰ ਬੈਠ ਕੇ ਸਰਪੰਚਾਂ ਨੂੰ ਫੋਨ ਰਾਹੀਂ ਧਮਕੀਆਂ ਦਿੰਦਾ ਰਹਿੰਦਾ ਹੈ ਅਤੇ ਉਹਨਾਂ ਤੋਂ ਨਜਾਇਜ਼ ਡਰਾ ਧਮਕਾ ਕੇ ਪੈਸੇ ਦੀ ਵਸੂਲੀ ਵੀ ਕੀਤੀ ਜਾਂਦੀ ਹੈ, ਵੱਲੋਂ ਪਿੰਡ ਬੱਦੋਵਾਲ ਦੇ ਬਲਕਾਰ ਸਿੰਘ ਦੇ ਘਰ ਧੱਕੇ ਨਾਲ ਵੜ ਕੇ ਉਸ ਨਾਲ ਗਾਲ਼ੀ ਗਲੋਚ ਕੀਤੀ, ਪੱਗ ਲਾ ਦਿੱਤੀ ਗਈ ਅਤੇ ਉਸ ’ਤੇ ਗੋਲੀ ਵੀ ਚਲਾਈ ਜਿਸ ਨਾਲ ਉਹ ਜ਼ਖਮੀ ਹੋ ਗਿਆ। ਜਿਸ ਬਾਰੇ ਦਬਾਅ ਪਾਉਣ ’ਤੇ 307 ਦਾ ਪਰਚਾ ਤਾਂ ਦਰਜ ਹੋ ਗਿਆ ਪਰ ਸਿਤਮ ਦੀ ਗਲ ਇਹ ਹੈ ਕਿ ਇਹ ਪੁਲਿਸ ਉਸ ਨੂੰ ਗ੍ਰਿਫ਼ਤਾਰ ਨਹੀਂ ਕਰ ਰਹੀ ਸਗੋਂ ਉਸ ਨੂੰ ਪੁਲੀਸ ਸੁਰੱਖਿਆ ਦਿੱਤੀ ਹੋਈ ਹੈ ਅਤੇ ਮੁਲਜ਼ਮ ਖੁਲੇਆਮ ਜਨਤਕ ਤੌਰ ’ਤੇ ਵਿਕਾਸ ਕਾਰਜਾਂ ਦਾ ਉਦਘਾਟਨ ਸਮਾਰੋਹ ’ਚ ਹਿੱਸਾ ਲੈ ਰਿਹਾ ਹੈ, ਜਿਸ ਬਾਰੇ ਅਖ਼ਬਾਰੀ ਰਿਪੋਰਟ ਗਵਾਹ ਹਨ। ਦੂਜੇ ਕੇਸ ਵਿੱਚ ਉਨ੍ਹਾਂ ਥਾਣਾ ਕੱਥੂਨੰਗਲ ਦੇ ਪਿੰਡ ਰਾਮਦਿਵਾਲੀ ਹਿੰਦੂਆਂ ’ਚ ਲਾਲੀ ਦੇ ਨਜਦੀਕੀ ਜਗਰੂਪ ਸਿੰਘ ਦੀ ਗਲ ਦਸੀ ਜੋ ਪਿਛਲੇ ਕੁੱਝ ਦਿਨ ਪਹਿਲਾਂ ਹੀ ਕਾਂਗਰਸ ਵਿੱਚ ਸ਼ਾਮਿਲ ਹੋਇਆ ਸੀ ਵੱਲੋਂ ਮੁਖਤਿਆਰ ਸਿੰਘ ਅਤੇ ਉਸ ਦੇ ਲੜਕੇ ਜਸਪਿੰਦਰ ਸਿੰਘ ’ਤੇ ਗੋਲੀਆਂ ਚਲਾ ਦਿੱਤੀਆਂ ਜਿਸ ਨਾਲ ਉਹ ਜ਼ਖਮੀ ਹੋ ਗਏ। ਮੁਖਤਿਆਰ ਸਿੰਘ ਦੀ ਪਤਨੀ ਹਰਮੀਤ ਕੌਰ ਅਤੇ ਮਾਤਾ ਲਖਬੀਰ ਕੌਰ ਨੇ ਦੱਸਿਆ ਕਿ ਦੋਸ਼ੀਆਂ ਖ਼ਿਲਾਫ਼ ਕੇਸ ਦਰਜ ਹੋਣ ਦੇ ਬਾਵਜੂਦ ਉਹ ਸ਼ਰੇਆਮ ਫਿਰ ਰਹੇ ਹਨ ਅਤੇ ਪੁਲੀਸ ਕੋਈ ਕਾਰਵਾਈ ਨਹੀਂ ਕਰ ਰਹੀ ਜਿਸ ਕਾਰਨ ਉਹਨਾਂ ਦੇ ਜਾਨ ਮਾਲ ਨੂੰ ਖਤਰਾ ਬਣਿਆ ਹੋਇਆ ਹੈ। ਇਸੇ ਤਰਾਂ ਤੀਜੇ ਕੇਸ ਵਿੱਚ ਉਹਨਾਂ ਮਜੀਠਾ ਦੇ ਵਸੀਕਾ ਨਵੀਸ ਰਮੇਸ਼ ਕੁਮਾਰ ਸੋਢੀ ਅਤੇ ਉਸ ਦੀ ਪਤਨੀ ਪ੍ਰੀਆ ਸੋਢੀ ਨੂੰ ਪੇਸ਼ ਕਰਦਿਆਂ ਅਤੇ ਲਾਲੀ ਦੇ ਨਜਦੀਕੀ ਜੈਂਤੀਪੁਰ ਵਾਸੀ ਪ੍ਰਾਣਨਾਥ ਗੋਨੀ ਅਤੇ ਕੁੱਝ ਹੋਰਨਾਂ ਵੱਲੋਂ ਉਸ ਦੇ ਦਫ਼ਤਰ ਵਿੱਚ ਜਬਰੀ ਦਾਖਲ ਹੋਣ ਅਤੇ ਹਥਿਆਰ ਦਿਖਾ ਕੇ ਡਰਾਉਣ ਧਮਕਾਉਣ ਵਾਲੀ ਵੀਡੀਉ ਦਿਖਾਉਂਦਿਆਂ ਦੱਸਿਆ ਕਿ ਇਹਨਾਂ ਵੱਲੋਂ ਕੁੱਝ ਦਿਨ ਪਹਿਲਾਂ ਹੀ ਸੋਢੀ ਨੂੰ ਉਠਾ ਲਿਆ ਗਿਆ ਅਤੇ ਲਾਲੀ ਮਜੀਠਾ ਦੇ ਦਫ਼ਤਰ ਲਿਜਾ ਕੇ ਨਾ ਕੇਵਲ ਕੁੱਟ ਮਾਰ ਕੀਤੀ ਸਗੋਂ ਇੱਕ ਲਖ ਰੁਪਏ ਵੀ ਖੋਹ ਲਏ ਗਏ। ਬੱਚਿਆਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ ਪਰ ਪੁਲੀਸ ਨੂੰ ਦਰਖਾਸਤ ਦੇਣ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਹੋਈ । ਉਨ੍ਹਾਂ ਦੇ ਜਾਨ ਮਾਲ ਨੂੰ ਖਤਰਾ ਹੈ। ਮਜੀਠੀਆ ਨੇ ਕਿਹਾ ਕਿ ਉਹਨਾਂ ਨੂੰ ਐਸ ਐਸ ਪੀ ਮਜੀਠਾ ਦੇ ਰਵਈਏ ’ਤੇ ਹੈਰਾਨੀ ਹੁੰਦੀ ਹੈ ਜੋ ਮੁਜਰਮਾਂ ਖ਼ਿਲਾਫ਼ ਜੁਰਮ ਪ੍ਰਤੀ ਪੁਖਤਾ ਸਬੂਤ ਹੋਣ ਦੇ ਬਾਵਜੂਦ ਉਹਨਾਂ ਨੂੰ ਗ੍ਰਿਫ਼ਤਾਰ ਨਹੀਂ ਕਰ ਰਹੀ। ਕੀ ਪੁਲੀਸ ਪੀੜਤ ਲੋਕਾਂ ਦੇ ਹੋਰ ਨੁਕਸਾਨ ਦਾ ਇੰਤਜ਼ਾਰ ਕਰ ਰਹੀ ਹੈ? ਇੱਕ ਵਜ਼ੀਰ ਦੀ ਸ਼ਹਿ ਪ੍ਰਾਪਤ ਲਾਲੀ ਮਜੀਠਾ ਵੱਲੋਂ ਅਜਿਹਾ ਕਿਹੜਾ ਸਿਆਸੀ ਦਬਾਅ ਪਾਇਆ ਜਾ ਰਿਹਾ ਹੈ ਜਿਸ ਕਾਰਨ ਪੁਲੀਸ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਦੀ ਕਾਰਵਾਈ ਨਹੀਂ ਕਰ ਰਹੀ। ਅਤੇ ਇਹ ਸਮਾਜ ਵਿਰੋਧੀ ਅਨਸਰ ਸ਼ਰੇਆਮ ਲੋਕਾਂ ਨੂੰ ਧਮਕਾ ਰਹੇ ਹਨ ਤੇ ਗੋਲੀਆਂ ਮਾਰੀਆਂ ਜਾ ਰਹੀਆਂ ਹਨ। ਸ: ਮਜੀਠੀਆ ਨੇ ਕਿਹਾ ਕਿ ਆਮ ਲੋਕ ਦਹਿਸ਼ਤ ਹੇਠ ਜਿਊਣ ਲਈ ਮਜਬੂਰ ਹਨ। ਉਹਨਾਂ ਨੂੰ ਪੀੜਤ ਲੋਕਾਂ ਦੇ ਜਾਨੀ ਮਾਲੀ ਨੁਕਸਾਨ ਦੀ ਚਿੰਤਾ ਸਤਾ ਰਹੀ ਹੈ। ਕਾਂਗਰਸੀਆਂ ਨੂੰ ਇਨਸਾਨੀਅਤ ਅਤੇ ਇਨਸਾਫ਼ ਖ਼ਾਤਰ ਮਾੜੇ ਕੰਮਾਂ ਤੋਂ ਤੋਬਾ ਕਰ ਲੈਣੀ ਚਾਹੀਦੀ ਹੈ। ਉਹਨਾਂ ਪੁਲੀਸ ਪ੍ਰਸ਼ਾਸਨ ਨੂੰ ਦੋਸ਼ੀਆਂ ਨੂੰ ਤੁਰੰਤ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਹੈ। ਇਸ ਮੌਕੇ ਤਲਬੀਰ ਸਿੰਘ ਗਿੱਲ, ਗੁਰਪ੍ਰਤਾਪ ਸਿੰਘ ਟਿਕਾ, ਮੇਜਰ ਸ਼ਿਵੀ ਅਤੇ ਪ੍ਰੋ: ਸਰਚਾਂਦ ਸਿੰਘ ਆਦਿ ਮੌਜੂਦ ਸਨ।