ਇਹ ਮੇਰੇ ਦੋਸਤ ਪੰਛੀ,ਕਮਜ਼ੋਰ ਟਾਹਣੀ ਉਪਰ ਬੈਠ ਕੇ,
ਇਹਨਾਂ ਬੋਲਿਆਂ ਦੀ ਨਗਰੀ ਵਿੱਚ ਕਿਉਂ ਕੁਰਲਾ ਰਿਹਾ ਏਂ।
ਤੇਰੀਆਂ ਚੀਕਾਂ ਨੂੰ,ਪੱਤਿਆਂ ਦੀ ਖੜ੍ਹ ਖੜ੍ਹਾਕ ਵਿੱਚ, ਕੌਣ ਸੁਣੇਗਾ,
ਕੀ ਤੂੰ ਸੁਆਰਥੀ ਲਾਲਚੀ ਲੋਕਾਂ ਦੀਆਂ ਕੰਧਾਂ ਨੂੰ ਸੁਣਾ ਰਿਹਾ ਏ।
ਰੈਣ ਬਸੇਰਾ ਕਰਨ ਲਈ ਜਿੰਦ ਨੂੰ ਆਲ੍ਹਣੇ ਦੀ ਲੋੜ ਸੀ,
ਤੂੰ ਤੀਲਾ ਤੀਲਾ ਲੱਭ ਕੇ ਕੱਖਾਂ ਕਾਨਿਆਂ ਦਾ ਆਲ੍ਹਣਾ ਬਣਾਇਆ।
ਮੈਂ ਮਨੁੱਖ ਸੀ, ਸ਼ਰੀਕਾ ਸੀ, ਜਿੰਦਗੀ ਦੀ ਡੋਰ ਤੈਥੋਂ ਲੰਬੀ ਸੀ,
ਮੈਂ ਪੈਸਾ ਪੈਸਾ ਜੋੜ ਕੇ, ਨਵੇਂ ਜਮਾਨਿਆਂ ਦਾ ਆਲਣਾ ਬਣਾਇਆ।
ਤੂੰ ਸਿਰ ਨੂੰ ਛਪਾਉਣ ਲਈ, ਮੈਂ ਧੌਣ ਨੂੰ ਉਠਾਉਣ ਲਈ ਕੀਤਾ,
ਕਿਉ, ਮੇਰੇ ਵਿੱਚ ਮੈਂ ਸੀ, ਜਵਾਨੀ ਦੇ ਸੂਰਜ ਦਾ ਸਵੇਰਾ ਸੀ।
ਕੜਕਦੀਆਂ ਰੁੱਤਾਂ,ਤੇ ਧੁੱਪਾਂ ਵਿੱਚ, ਇਸ ਨੂੰ ਬਣਾਉਦਾ ਰਿਹਾ,
ਚਾਦਨੀ ਰਾਤ ਆਈ,ਲੰਘ ਗਈ, ਅੱਗੇ ਮੱਸਿਆ ਦਾ ਹਨ੍ਹੇਰਾ ਸੀ।
ਪੁੰਗਰਦੇ ਖੰਭਾਂ ਵਾਲੇ,ਉਡਣ ਲੱਗੇ,ਉੱਡ ਕੇ ਦੂਰ ਚਲੇ ਗਏ,
ਸੁਪਨੇ ਚਕਨਾ ਚੂਰ ਹੋ ਗਏ,ਨਾਲ ਸਧਰਾਂ ਦੇ,ਕੁਝ ਉਮੰਗਾਂ ਵੀ,
ਸਮੇਂ ਦੇ ਨਾਲ ਰੁੱਤਾਂ ਬਦਲੀਆਂ,ਫਿਰ ਖੂਨ ਵੀ ਬਦਲ ਗਿਆ,
ਕੰਧਾਂ ਨਾਲ ਖੁੰਢੀਆਂ ਹੋ ਕੇ ਮੁੜ ਰਹੀਆਂ ਮੇਰੀਆਂ ਤਰੰਗਾਂ ਸੀ।
ਪੈਸੇ ਨਾਲ ਪੱਥਰ ਲਾਏ ਘਰ ਦੀ ਲੋਅ ਮੱਧਮ ਪੈ ਗਈ,
ਨਾਲ ਨਾਲ ਜਿੰਦਗੀ ਦੀ ਲੋਅ ਵੀ, ਜਿਸ ਦਾ ਮੈਨੂੰ ਕਿਆਸ ਸੀ।
ਹਵਾ ਦੇ ਬੁੱਲਿਆਂ ਨਾਲ ਦਰਵਾਜ਼ੇ ਖੜ੍ਹਕਣ ਲੱਗ ਪਏ,
ਸੁੰਨੇ ਘਰ ਵਿੱਚ,ਮੰਜ਼ੇ ਨਾਲ ਜੁੜੇ ਨੂੰ,ਮਿੱਟੀ ਦਾ ਧਰਵਾਸ ਸੀ।
ਇੱਕ ਦਿੱਨ ਕਾਲੀ ਸਵੇਰ ਚੜ੍ਹੀ, ਹਨ੍ਹੇਰ,ਝੱਖੜ,ਧਰਤੀ ਹਿੱਲੀ,
ਮੇਰੇ ਆਪਣੇ ਆਉਣਗੇ, ਪਰ ਨਹੀ ਆਏ,ਖੋਟੀ ਤਕਦੀਰ ਸੀ।
ਆਲ੍ਹਣਾ ਸੀ, ਭਾਵੇਂ ਲੱਖਾਂ ਦਾ ਜਾਂ ਕੱਖਾਂ ਦਾ, ਖੇਰੂੰ ਖੇਰੂੰ ਹੋ ਗਿਆ,
ਫੇਰ ਉਹ ਆਏ,ਘਰ ਦੀ ਮਿੱਟੀ ਵੇਚਣ, ਜਿਸ ਵਿੱਚ ”ਸੁਖਵੀਰ”ਸੀ।
ਮਨੁੱਖ ਤੇ ਪੰਛੀ
This entry was posted in ਕਵਿਤਾਵਾਂ.