ਪਟਨਾ – ਲਾਲੂ ਪ੍ਰਸਾਦ ਯਾਦਵ ਨੂੰ ਇੱਕ ਸਮਾਗਮ ਦੌਰਾਨ 10ਵੀਂ ਵਾਰ ਰਾਜਦ ਦਾ ਰਾਸ਼ਟਰੀ ਪ੍ਰਧਾਨ ਚੁਣ ਲਿਆ ਗਿਆ ਹੈ। ਇਸ ਸਮੇਂ ਲਾਲੂ ਨੇ ਕਿਹਾ, “ਮੋਦੀ ਨੇ ਕਾਲਾ ਧੰਨ ਲਿਆਉਣ ਦੇ ਨਾਮ ਤੇ ਜਨਤਾ ਨੂੰ ਧੋਖਾ ਦਿੱਤਾ ਹੈ। ਉਨ੍ਹਾਂ ਨੇ ਚੋਣਾਂ ਦੇ ਦੌਰਾਨ ਕਿਹਾ ਸੀ ਕਿ ਸਵਿਸ ਬੈਂਕ ਵਿੱਚ ਇੰਡੀਆ ਦੇ ਲੋਕਾਂ ਦਾ ਏਨਾ ਪੈਸਾ ਜਮ੍ਹਾ ਹੈ, ਜਿਸ ਨਾਲ ਸੱਭ ਗਰੀਬਾਂ ਦੀ ਗਰੀਬੀ ਦੂਰ ਹੋ ਜਾਵੇਗੀ। ਕਾਲਾ ਧੰਨ ਲਿਆਉਣ ਅਤੇ ਉਸ ਨੂੰ ਗਰੀਬਾਂ ਨੂੰ ਦੇਣ ਦੇ ਨਾਮ ਤੇ ਮੋਦੀ ਨੇ ਦੇਸ਼ ਦੀ ਗਰੀਬ ਜਨਤਾ ਨਾਲ ਚੀਟਿੰਗ ਕੀਤੀ ਹੈ। ਉਹ ਸੱਭ ਤੋਂ ਵੱਡੇ ਚੀਟਰ ਹਨ।”
ਰਾਜਦ ਮੁੱਖੀ ਲਾਲੂ ਯਾਦਵ ਨੇ ਬੀਜੇਪੀ ਤੇ ਜਦਯੂ ਤੇ ਨਿਸ਼ਾਨਾ ਸਾਧਦੇ ਹੋਏ ਕਿਹਾ, “ ਜਦਯੂ ਦੇ ਕੋਲ ਪਹਿਲਾਂ ਤੋਂ ਹੀ ਚਾਰ ਗਰੀਹੰਡਾ (ਗਾਲ੍ਹਾਂ ਦੇਣ ਵਾਲੇ) ਬੁਲਾਰੇ ਸਨ। ਹੁਣ ਉਨ੍ਹਾਂ ਕੋਲ ਇੱਕ ਹੱਥਕਟਵਾ (ਹੱਥ ਕਟਣ ਵਾਲਾ) ਨੇਤਾ ਵੀ ਮੌਜੂਦ ਹੈ। ਉਹ ਲੋਕਾਂ ਦੇ ਹੱਥ ਕੱਟਣ ਦੀ ਗੱਲ ਕਰਦੇ ਹਨ। ਇਹ ਬੀਜੇਪੀ ਵਾਲੇ ਕਿਸ ਤਰ੍ਹਾਂ ਦੀ ਰਾਜਨੀਤੀ ਕਰ ਰਹੇ ਹਨ?”
ਉਨ੍ਹਾਂ ਨੇ ਕਿਹਾ ਕਿ ਦੇਸ਼ ਆਰਥਿਕ ਤੰਗੀ ਵਾਲੇ ਪਾਸੇ ਵੱਧ ਰਿਹਾ ਹੈ ਅਤੇ ਖੇਤੀ ਸਮਾਪਤ ਹੋ ਗਈ ਹੈ। ਮੋਦੀ ਨੇ ਕਿਹਾ ਸੀ ਕਿ ਕਿਸਾਨਾਂ ਨੂੰ ਉਨ੍ਹਾਂ ਦੀ ਲਾਗਤ ਤੋਂ ਚਾਰ ਗੁਣਾ ਪੈਸਾ ਦੇਵਾਂਗਾ। ਸਰਕਾਰ ਬਣਨ ਦੇ ਬਾਅਦ ਕਿਸਾਨਾਂ ਨੂੰ ਕਿੰਨਾ ਪੈਸਾ ਮਿਲਿਆ? ਬੀਜੇਪੀ ਨੇ ਯੂਪੀ ਵਿੱਚ ਕਿਹਾ ਸੀ ਕਿ ਸਰਕਾਰ ਬਣਨ ਤੇ ਪਹਿਲੀ ਕੈਬਨਿਟ ਮੀਟਿੰਗ ਵਿੱਚ ਹੀ ਕਿਸਾਨਾਂ ਦਾ ਕਰਜ਼ਾ ਮਾਫ਼ ਕਰਾਂਗੇ। ਕਿੰਨਾ ਕਰਜ਼ਾ ਮੁਆਫ਼ ਕੀਤਾ? ਇੱਕ ਰੁਪੈ ਅਤੇ ਦੋ ਰੁਪੈ!