ਫ਼ਤਹਿਗੜ੍ਹ ਸਾਹਿਬ – “ਸਿੱਖ ਕੌਮ ਨਾਲ ਸੰਬੰਧਤ ਹਿੰਦ ਵਿਚ ਚੱਲਣ ਵਾਲੀਆ ਵਿਦਿਅਕ ਸੰਸਥਾਵਾਂ, ਕਾਲਜ, ਸਕੂਲ ਜਾਂ ਵਿਦਿਆਲਿਆ ਜਿਨ੍ਹਾ ਦੇ ਨਾਮ ਵੀ ਸਿੱਖ ਗੁਰੂ ਸਾਹਿਬਾਨ, ਸਿੱਖ ਸਖਸ਼ੀਅਤਾਂ ਅਤੇ ਸਿੱਖ ਇਤਿਹਾਸ ਨਾਲ ਪ੍ਰਚੱਲਿਤ ਹਨ, ਉਨ੍ਹਾਂ ਸੰਸਥਾਵਾਂ ਦੇ ਪ੍ਰਬੰਧ ਦਾ ਹਿੰਦੂਕਰਨ ਕਰਨ ਜਾਂ ਹਿੰਦੂ ਸੋਚ ਨੂੰ ਲੈਕੇ ਕਿਸੇ ਅਜਿਹੀ ਸਿੱਖ ਸੰਸਥਾਂ ਦਾ ਨਾਮ ਬਦਲਣ ਦਾ ਅਧਿਕਾਰ ਕਿਸੇ ਨੂੰ ਨਹੀਂ ਹੈ ਅਤੇ ਨਾ ਹੀ ਸਿੱਖ ਕੌਮ ਅਜਿਹਾ ਕਦਾਚਿਤ ਹੋਣ ਦੇਵੇਗੀ । ਇਸ ਗੱਲ ਨੂੰ ਇਥੋ ਦੇ ਫਿਰਕੂ ਹੁਕਮਰਾਨਾਂ ਤੇ ਮੁਤੱਸਵੀ ਸੰਗਠਨਾਂ ਨੂੰ ਚੰਗੀ ਤਰ੍ਹਾਂ ਆਪਣੇ ਜ਼ਹਿਨ ਵਿਚ ਵਸਾ ਲੈਣੀ ਚਾਹੀਦੀ ਹੈ । ਜੋ ਇਥੇ ਜ਼ਬਰੀ ਹਿੰਦੂ ਸੋਚ ਤੇ ਪ੍ਰੋਗਰਾਮਾਂ ਨੂੰ ਦੂਸਰੇ ਧਰਮਾਂ ਅਤੇ ਦੂਸਰੀਆਂ ਕੌਮਾਂ ਉਤੇ ਠੋਸਣ ਦੇ ਯਤਨ ਹੋ ਰਹੇ ਹਨ, ਅਜਿਹੇ ਅਮਲ ਇਥੋ ਦੇ ਅਮਨ-ਚੈਨ ਅਤੇ ਜਮਹੂਰੀਅਤ ਨੂੰ ਜਾਣਬੁੱਝ ਕੇ ਠੇਸ ਪਹੁੰਚਾਉਣ ਵਾਲੇ ਹਨ ਜੋ ਤੁਰੰਤ ਬੰਦ ਹੋਣੇ ਚਾਹੀਦੇ ਹਨ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਦਿੱਲੀ ਦੇ ਪੁਰਾਤਨ ਲੰਮੇ ਸਮੇਂ ਤੋਂ ਸ. ਦਿਆਲ ਸਿੰਘ ਮਜੀਠੀਆ ਦੇ ਨਾਮ ਤੇ ਚੱਲਦੇ ਆ ਰਹੇ ਕਾਲਜ ਦਾ ਮੁਤੱਸਵੀਆਂ ਵੱਲੋ ਨਾਮ ਬਦਲਕੇ ਬੰਦੇ ਮਾਤਰਮ ਰੱਖਣ ਦੀ ਸਿੱਖ ਮਨਾਂ ਤੇ ਆਤਮਾਵਾਂ ਨੂੰ ਠੇਸ ਪਹੁੰਚਾਉਣ ਵਾਲੀਆ ਹੋ ਰਹੀਆ ਕਾਰਵਾਈਆ ਦੀ ਪੁਰਜੋਰ ਸ਼ਬਦਾਂ ਵਿਚ ਨਿਖੇਧੀ ਕਰਦੇ ਹੋਏ ਅਤੇ ਹੁਕਮਰਾਨਾਂ ਨੂੰ ਇਥੋ ਦੇ ਹਾਲਾਤ ਵਿਸਫੋਟਕ ਨਾ ਬਣਾਉਣ ਤੋ ਖ਼ਬਰਦਾਰ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਸ. ਦਿਆਲ ਸਿੰਘ ਮਜੀਠੀਆ ਇਕ ਸਿੱਖ ਪਰਿਵਾਰ ਦੀ ਪਦਾਇਸ ਸਨ । ਭਾਵੇ ਕਿ ਉਹ ਆਰੀਆ ਸਮਾਜੀਆ ਦੇ ਪ੍ਰਭਾਵ ਹੇਠ ਆ ਕੇ ਇਨ੍ਹਾਂ ਦੇ ਚੁੰਗਲ ਵਿਚ ਫਸ ਗਏ ਸਨ । ਪਰ ਉਨ੍ਹਾਂ ਦੇ ਨਾਮ ਤੇ ਬਣਿਆ ਕਾਲਜ ਦੇਸ਼ ਦੀ ਵੰਡ ਦੇ ਸਮੇਂ ਤੋ ਹੀ ਚੱਲਿਆ ਆ ਰਿਹਾ ਹੈ । ਉਸ ਸਿੱਖ ਸਖਸ਼ੀਅਤ ਦੇ ਨਾਮ ਤੇ ਬਣੇ ਕਾਲਜ ਦਾ ਨਾਮ ਬਦਲਣ ਦੀ ਹੋ ਰਹੀ ਸਾਜਿ਼ਸ ਸਿੱਖ ਕੌਮ ਵਿਰੋਧੀ ਅਮਲ ਹਨ । ਜਿਸ ਨੂੰ ਸਿੱਖ ਕੌਮ ਬਿਲਕੁਲ ਵੀ ਬਰਦਾਸਤ ਨਹੀਂ ਕਰੇਗੀ। ਸਿੱਖ ਕੌਮ ਅਮਨ-ਚੈਨ ਅਤੇ ਜਮਹੂਰੀਅਤ ਕਦਰਾ-ਕੀਮਤਾ ਦੀ ਹਾਮੀ ਹੈ । ਦੂਸਰਾ ਸਰਬੱਤ ਦੇ ਭਲੇ ਦੇ ਮਿਸ਼ਨ ਦੀ ਪੈਰੋਕਾਰ ਹੈ । ਜੇਕਰ ਹੁਕਮਰਾਨਾਂ ਦੇ ਹਿੰਦੂਤਵ ਪ੍ਰੋਗਰਾਮ ਅਧੀਨ ਇਸ ਕਾਲਜ ਦੀ ਪ੍ਰਬੰਧਕ ਕਮੇਟੀ ਵਿਚ ਘੁਸਪੈਠ ਕਰਨ ਜਾਂ ਨਾਮ ਬਦਲਣ ਦੀ ਕਾਰਵਾਈ ਹੋਈ ਤਾਂ ਇਸ ਦੀ ਬਦੌਲਤ ਮਾਹੌਲ ਖ਼ਰਾਬ ਹੋਣ ਲਈ ਹੁਕਮਰਾਨ ਹੀ ਜਿੰਮੇਵਾਰ ਹੋਣਗੇ ।
ਉਨ੍ਹਾਂ ਕਿਹਾ ਕਿ ਦਾ ਟ੍ਰਿਬਿਊਨ ਟਰੱਸਟ ਹੀ ਸ. ਦਿਆਲ ਸਿੰਘ ਮਜੀਠੀਆ ਨੇ ਕਾਇਮ ਕੀਤਾ ਸੀ । ਉਹ ਇਸਦੇ ਫਾਊਡਰ ਚੇਅਰਮੈਨ ਸਨ । ਪਰ ਦੁੱਖ ਅਤੇ ਅਫਸੋਸ ਹੈ ਕਿ ਅੱਜ ਇਸ ਟ੍ਰਿਬਿਊਨ ਟਰੱਸਟ ਉਤੇ ਵੀ ਹਿੰਦੂਤਵ ਸੋਚ ਵਾਲਿਆ ਨੇ ਕਬਜਾ ਕਰ ਲਿਆ ਹੈ । ਇਸ ਟਰੱਸਟ ਦੇ ਅਧੀਨ ਪ੍ਰਕਾਸਿ਼ਤ ਹੋਣ ਵਾਲੇ ਅਖਬਾਰ ਵਿਸ਼ੇਸ਼ ਤੌਰ ਤੇ ਦਾ ਟ੍ਰਿਬਿਊਨ ਸਿੱਖ ਕੌਮ ਅਤੇ ਸਿੱਖ ਧਰਮ ਵਿਰੁੱਧ ਗੈਰ ਦਲੀਲ ਢੰਗ ਨਾਲ ਪ੍ਰਚਾਰ ਕਰਨ ਵਿਚ ਮੋਹਰੀ ਬਣਿਆ ਹੋਇਆ ਹੈ । ਇਹ ਟਰੱਸਟ ਅੱਜ ਵੀ ਸਿੱਖ ਕੌਮ ਨੂੰ ਅੱਤਵਾਦੀ, ਵੱਖਵਾਦੀ, ਗਰਮਦਲੀਏ, ਸ਼ਰਾਰਤੀ ਅਨਸਰ ਪ੍ਰਕਾਸਿ਼ਤ ਕਰਕੇ ਸਿੱਖ ਕੌਮ ਨੂੰ ਬਦਨਾਮ ਹੀ ਨਹੀਂ ਕਰ ਰਹੇ, ਬਲਕਿ ਜ਼ਾਬਰ ਹੁਕਮਰਾਨਾਂ ਨੂੰ ਸਿੱਖਾਂ ਉਤੇ ਜ਼ਬਰ-ਜੁਲਮ ਕਰਨ ਦੀਆਂ ਗੈਰ-ਕਾਨੂੰਨੀ ਕਾਰਵਾਈਆ ਦੀ ਵੀ ਘਸੀਆ-ਪਿੱਟੀਆ ਦਲੀਲਾਂ ਰਾਹੀ ਪਿੱਠ ਪੂਰਦਾ ਆ ਰਿਹਾ ਹੈ । ਉਨ੍ਹਾਂ ਕਿਹਾ ਕਿ ਜਸਟਿਸ ਐਸ.ਐਸ. ਸੋਢੀ ਜੋ ਕਿ ਟ੍ਰਿਬਿਊਨ ਟਰੱਸਟ ਦੇ ਪ੍ਰਧਾਨ ਸਨ, ਉਨ੍ਹਾਂ ਦੀ ਬਤੌਰ ਟਰੱਸਟੀ ਖ਼ਤਮ ਕਰਕੇ ਉਨ੍ਹਾਂ ਦੇ ਸਥਾਂਨ ਤੇ ਸਿੱਖ ਵਿਰੋਧੀ ਸੋਚ ਰੱਖਣ ਵਾਲੇ, ਕਸ਼ਮੀਰ ਤੇ ਪੰਜਾਬ ਵਿਚ ਨੌਜ਼ਵਾਨੀ ਉਤੇ ਸਰਕਾਰੀ ਦਹਿਸਤਗਰਦੀ ਦੇ ਹਾਮੀ ਸ੍ਰੀ ਐਨ.ਐਨ. ਵੋਹਰਾ ਨੂੰ ਨਿਯੁਕਤ ਕਰਨਾ ਵੀ ਇਸੇ ਸਿੱਖ ਵਿਰੋਧੀ ਸਾਜਿ਼ਸ ਦੀ ਲੜੀ ਦੀ ਕੜੀ ਹੈ । ਜਿਸ ਵਿਰੁੱਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਿੱਖ ਕੌਮ ਨਾਲ ਸੰਬੰਧਤ ਸਮੁੱਚੇ ਸੰਗਠਨਾਂ ਨੂੰ ਇਕਮਤ ਹੋ ਕੇ ਜੋਰਦਾਰ ਆਵਾਜ਼ ਉਠਾਉਣੀ ਚਾਹੀਦੀ ਹੈ । ਤਾਂ ਕਿ ਇਸ ਟ੍ਰਿਬਿਊਨ ਟਰੱਸਟ ਨੂੰ ਵੀ ਹਿੰਦੂਤਵ ਸੋਚ ਵਾਲਿਆ ਤੋ ਆਜ਼ਾਦ ਕਰਵਾਕੇ ਇਸ ਅਦਾਰੇ ਦੀ ਸਹੀ ਮਾਇਨਿਆ ਵਿਚ ਮਨੁੱਖਤਾ ਦੀ ਸੇਵਾ ਹੋ ਸਕੇ ।