ਅੰਮ੍ਰਿਤਸਰ – ਸ਼੍ਰੋਮਣੀ ਯੂਥ ਅਕਾਲੀ ਦਲ ਮਾਝਾ ਜ਼ੋਨ ਦੇ ਪ੍ਰਧਾਨ ਰਵੀਕਰਨ ਸਿੰਘ ਕਾਹਲੋਂ ਅਤੇ ਸਕੱਤਰ ਜਨਰਲ ਤਲਬੀਰ ਸਿੰਘ ਗਿੱਲ ਨੇ ਦਿਆਲ ਸਿੰਘ ਕਾਲਜ ਦਿਲੀ ਦਾ ਨਾਮ ਬਦਲਣ ਦਾ ਵਿਰੋਧ ਕਰਦਿਆਂ ਕਾਲਜ ਪ੍ਰਬੰਧਕਾਂ ਨੂੰ ਭਾਈਚਾਰਕ ਸਾਂਝ ਤੋੜਨ ਤੇ ਫਿਰਕੂ ਤਣਾਅ ਪੈਦਾ ਕਰਨ ਤੋਂ ਗੁਰੇਜ਼ ਕਰਨ ਦੀ ਨਸੀਹਤ ਦਿੱਤੀ ਹੈ।
ਸੈਂਕੜੇ ਯੂਥ ਅਕਾਲੀ ਵਰਕਰਾਂ ਨਾਲ ਸ੍ਰੀ ਦਰਬਾਰ ਸਾਹਿਬ ਵਿਰਾਸਤੀ ਮਾਰਗ ਦੀ ਸਫ਼ਾਈ ਕਰਨ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਾਹਲੋਂ ਅਤੇ ਗਿੱਲ ਨੇ ਕਿਹਾ ਕਿ ਦਿਆਲ ਸਿੰਘ ਮਜੀਠੀਆ ਦੇ ਨਾਂ ‘ਤੇ ਬਣੇ ਕਾਲਜ ਦਾ ਨਾਂ ਬਦਲਣ ਦਾ ਬੇਲੋੜਾ ਅਤੇ ਖਤਰਨਾਕ ਵਿਵਾਦ ਦੇਸ਼ ਦੀਆਂ ਜਮਹੂਰੀ ਅਤੇ ਧਰਮ ਨਿਰਪੱਖ ਕਦਰਾਂ ਕੀਮਤਾਂ ਲਈ ਖਤਰਨਾਕ ਸਿੱਧ ਹੋਵੇਗਾ। ਉਹਨਾਂ ਕੇਂਦਰ ਸਰਕਾਰ ਨੂੰ ਸ਼ਰਾਰਤੀ ਤੱਤਾਂ ਦੀਆਂ ਫਿਰਕੂ ਤਣਾਅ ਪੈਦਾ ਕਰਨ ਦੀਆਂ ਕੋਸ਼ਿਸ਼ਾਂ ਨੂੰ ਤੁਰੰਤ ਨੱਥ ਪਾਉਣ ਦੀ ਅਪੀਲ ਕੀਤੀ। ਉਹਨਾਂ ਕਿਹਾ ਕਿ ਕਾਲਜ ਟਰੱਸਟ ਅਤੇ ਦਿੱਲੀ ਯੂਨੀਵਰਸਿਟੀ (ਪੁਆਇੰਟ 12) ਵਿਚਕਾਰ ਹੋਈ ਤਬਦੀਲੀ ਸੰਧੀ (ਟਰਾਂਸਫ਼ਰ ਡੀਡ) ਵਿੱਚ ਸਪਸ਼ਟ ਫੈਸਲਾ ਲਿਖਿਆ ਹੈ ਕਿ ਯੂਨੀਵਰਸਿਟੀ ਅਧੀਨ ਲਏ ਜਾਣ ਮਗਰੋਂ ਵੀ ਇਸ ਸੰਸਥਾ ਦਾ ਨਾਂ ਇਹੀ ਰਹੇਗਾ।ਉਨ੍ਹਾਂ ਕਿਹਾ ਕਿ ਕਾਲਜ ਦਾ ਨਾਮ ਬਦਲਣਾ ਬਿਲਕੁਲ ਵੀ ਸਵੀਕਾਰਯੋਗ ਨਹੀਂ ਹੈ। ਉਹਨਾਂ ਕਿਹਾ ਕਿ ਸਿੱਖ ਸਰਦਾਰ ਦਿਆਲ ਸਿੰਘ ਮਜੀਠੀਆ ਦੇ ਯੋਗਦਾਨ ਤੋਂ ਕੋਈ ਵੀ ਇਨਕਾਰੀ ਨਹੀਂ ਹੋ ਸਕਦਾ। ਕਾਲਜ ਦਾ ਨਾਂ ਬਦਲਣ ਦਾ ਕਦਮ ਸ: ਮਜੀਠੀਆ ਦੀ ਵਿਰਾਸਤ ਦਾ ਅਪਮਾਨ ਹੈ। ਇਸ ਮੌਕੇ ਸੈਂਕੜੇ ਅਕਾਲੀ ਵਰਕਰਾਂ ਨੇ ਤਿੰਨ ਘੰਟੇ ਝਾੜੂ ਲਾਉਂਦਿਆਂ ਸੇਵਾ ਨਿਭਾਈ। ਉਹਨਾਂ ਦੱਸਿਆ ਕਿ ਸਥਾਨਿਕ ਸਰਕਾਰਾਂ ਮੰਤਰੀ ਦੀ ਸ੍ਰੀ ਦਰਬਾਰ ਸਾਹਿਬ ਵਿਰਾਸਤੀ ਮਾਰਗ ਦੀ ਸਫ਼ਾਈ ਪ੍ਰਤੀ ਲਾਪਰਵਾਹੀ ਨੂੰ ਲੈ ਕੇ ਸੰਗਤਾਂ ‘ਚ ਭਾਰੀ ਰੋਸ ਹੈ। ਯਾਦ ਰਹੇ ਕਿ ਸ੍ਰੀ ਦਰਬਾਰ ਸਾਹਿਬ ਵਿਰਾਸਤੀ ਮਾਰਗ ਦੀ ਸਫ਼ਾਈ ਪ੍ਰਤੀ ਪ੍ਰਸ਼ਾਸਨ ਅਤੇ ਸਰਕਾਰ ਦੇ ਅਵੇਸਲਾਪਣ ਅਤੇ ਲਾਪਰਵਾਹੀ ਦੇ ਚਲਦਿਆਂ ਯੂਥ ਅਕਾਲੀ ਦਲ ਨੇ ਇਸ ਦੀ ਸਫ਼ਾਈ ਅਤੇ ਸੇਵਾ ਦਾ ਜ਼ਿੰਮਾ ਪਿਛਲੇ ਹਫ਼ਤੇ ਆਪਣੇ ਸਿਰ ਲੈਣ ਦਾ ਐਲਾਨ ਕੀਤਾ ਸੀ। ਸ: ਕਾਹਲੋਂ ਅਤੇ ਗਿੱਲ ਨੇ ਸਫ਼ਾਈ ਮੁਹਿੰਮ ‘ਚ ਨੌਜਵਾਨਾਂ ਨੂੰ ਵਧ ਚੜ ਕੇ ਹਿੱਸਾ ਲੈਣ ਦਾ ਸਦਾ ਦਿੱਤਾ ਅਤੇ ਕਿਹਾ ਕਿ ਸਿੱਖ ਕੌਮ ਦੇ ਕੇਂਦਰੀ ਧਰਮ ਅਸਥਾਨ ਸ੍ਰੀ ਦਰਬਾਰ ਸਾਹਿਬ ’ਚ ਦੇਸ਼ ਵਿਦੇਸ਼ ਤੋਂ ਲੱਖਾਂ ਸ਼ਰਧਾਲੂ ਅਤੇ ਯਾਤਰੂ ਦਰਸ਼ਨ ਇਸ਼ਨਾਨ ਅਤੇ ਨਤਮਸਤਕ ਹੋਣ ਰੋਜ਼ਾਨਾ ਪਹੁੰਚਦੇ ਹਨ।।ਵਿਰਾਸਤੀ ਮਾਰਗ ਅਤੇ ਚੌਗਿਰਦੇ ਦੀ ਸਫ਼ਾਈ ਮੁਹਿੰਮ ਪ੍ਰਤੀ ਨਿਸ਼ਕਾਮ ਸੇਵਾ ਜਾਰੀ ਰੱਖੀ ਜਾਵੇਗੀ। ਇਸ ਮੌਕੇ ਅਕਾਲੀ ਦਲ ਸ਼ਹਿਰੀ ਪ੍ਰਧਾਨ ਗੁਰਪ੍ਰਤਾਪ ਸਿੰਘ ਟਿਕਾ, ਅਜੈਬੀਰਪਾਲ ਸਿੰਘ ਰੰਧਾਵਾ, ਅਮਰਬੀਰ ਸਿੰਘ ਢੋਟ, ਅੰਮੂ ਗੁੰਮਟਾਲਾ, ਐਡਵੋਕੇਟ ਕਿਰਨਪ੍ਰੀਤ ਮੋਨੂੰ, ਜਗਰੂਪ ਸਿੰਘ ਚੰਦੀ, ਯਾਦਵਿੰਦਰ ਸਿੰਘ ਮਾਨੋਚਾਹਲ, ਮਲਕੀਤ ਸਿੰਘ ਬੀਡੀਓ, ਸਰਬ ਭੁੱਲਰ, ਰਵੀ ਬੂਹ, ਗੁਰਪ੍ਰੀਤ ਪ੍ਰਿੰਸ, ਸਤਿੰਦਰਜੀਤ ਸਿੰਘ ਆਦਿ ਮੌਜੂਦ ਸਨ।