ਫ਼ਤਹਿਗੜ੍ਹ ਸਾਹਿਬ – “ਕਰਨਾਟਕ ਵਿਚ ਹਿੰਦੂ ਧਰਮ ਨਾਲ ਸਬੰਧਤ ਸੁਆਮੀ ਨਰੇਂਦਰ ਨਾਥ ਵੱਲੋਂ ਹਿੰਦੂ ਕੌਮ ਨੂੰ ਸੰਬੋਧਿਤ ਕਰਦੇ ਹੋਏ ਜੋ ਇਹ ਕਿਹਾ ਗਿਆ ਹੈ ਕਿ ਉਹ ਮਹਿੰਗੇ-ਮਹਿੰਗੇ ਮੋਬਾਇਲ ਖ਼ਰੀਦਣਾ ਬੰਦ ਕਰਨ ਅਤੇ ਹਥਿਆਰ ਖਰੀਦਣ । ਜੇਕਰ ਇਹ ਟਾਹਰਾ ਮਾਰਨ ਵਾਲੇ ਫਿਰਕੂ ਲੋਕ ਐਨੇ ਜੋਗੇ ਹੁੰਦੇ ਤਾਂ ਇਥੇ ਕਦੀ ਵੀ ਅਫ਼ਗਾਨਾ, ਮੁਗਲਾਂ, ਅੰਗਰੇਜ਼ਾਂ ਦੇ ਰਾਜ ਸਥਾਪਿਤ ਨਾ ਹੁੰਦੇ ਅਤੇ ਨਾ ਹੀ ਮੁਹੰਮਦ ਗਜਨਵੀ, ਚੰਗੇਜ ਖਾਂ, ਅਹਿਮਦਸਾਹ ਅਬਦਾਲੀ, ਨਾਦਰਸ਼ਾਹ ਵਰਗੇ ਹਮਲਾਵਰ ਹਮਲਾ ਕਰਨ ਦੀ ਜੁਰਅਤ ਕਰਦੇ । ਜਦੋਂ ਸਿੱਖਾਂ ਨੇ ਇਨ੍ਹਾਂ ਹਮਲਾਵਰਾਂ ਦੇ ਮੂੰਹ ਭੰਨੇ ਤਦ ਹੀ ਖੈਬਰਦਰੇ ਅਤੇ ਪਹਾੜ ਵਾਲੇ ਪਾਸਿਓ ਹਮਲਾਵਰਾਂ ਨੇ ਹਮਲੇ ਕਰਨੇ ਬੰਦ ਕੀਤੇ । ਫਿਰ ਜਦੋਂ ਇਥੇ ਹਮਲਾਵਰਾਂ ਨੂੰ ਡੱਕਣ ਵਾਲੀ ਸਿੱਖ ਕੌਮ ਹੀ ਹੈ, ਫਿਰ ਹਿੰਦੂਆਂ ਵੱਲੋਂ ਖਰੀਦੇ ਜਾਣ ਵਾਲੇ ਹਥਿਆਰ ਤਾਂ ਸਿੱਖਾਂ ਨੇ ਖੋਹ ਹੀ ਲੈਣੇ ਹਨ, ਫਿਰ ਹਥਿਆਰ ਖਰੀਦਣ ਦਾ ਸੱਦਾ ਦੇਣ ਦਾ ਕੀ ਮਹੱਤਵ ਰਹਿ ਜਾਵੇਗਾ ? ਜਦੋਂ ਹਿੰਦ ਵਿਚ ਬਹੁਗਿਣਤੀ ਹਿੰਦੂ ਕੌਮ ਨਾਲ ਸੰਬੰਧਤ ਹੁਕਮਰਾਨਾਂ ਦੀ ਹਕੂਮਤ ਹੈ, ਤਿੰਨੇ ਫ਼ੌਜਾਂ ਦੇ ਕਮਾਡਰ-ਇਨ-ਚੀਫ਼ ਹਿੰਦੂ ਹੈ, ਪਾਰਲੀਮੈਂਟ, ਸੁਪਰੀਮ ਕੋਰਟ, ਪ੍ਰੈਸ ਅਤੇ ਮੀਡੀਏ ਵਿਚ ਹਿੰਦੂਆਂ ਦੀ ਬਹੁਗਿਣਤੀ ਹੈ, ਫਿਰ ਇਥੇ ਹਿੰਦੂਆਂ ਨੂੰ ਕਿਸ ਤੋਂ ਖ਼ਤਰਾ ਹੈ, ਜੋ ਹਥਿਆਰ ਖਰੀਦਣ ਦਾ ਹਿੰਦੂ ਬਹੁਗਿਣਤੀ ਨੂੰ ਸੱਦਾ ਦਿੱਤਾ ਜਾ ਰਿਹਾ ਹੈ ? ਫਿਰ ਹਰਿਆਣੇ ਵਿਚ ਜੋ ਬੀਤੇ ਦਿਨੀਂ ਗੀਤਾ ਮਹਾਉਤਸਵ ਮਨਾਉਦੇ ਹੋਏ ਮਾਰਚ ਕੱਢਿਆ ਗਿਆ ਹੈ, ਉਸ ਵਿਚ ਹਰਿਆਣੇ ਦੇ ਮੁੱਖ ਮੰਤਰੀ ਸ੍ਰੀ ਖੱਟਰ, ਹਰਿਆਣੇ ਦੇ ਗਵਰਨਰ ਕਪਤਾਨ ਸਿੰਘ ਸੋਲੰਕੀ, ਹਿਮਾਚਲ ਦੇ ਗਵਰਨਰ ਸ੍ਰੀ ਅਚਾਰੀਆ ਦੇਵ ਵ੍ਰਿਤ ਸਾਮਿਲ ਹਨ । ਪਰ ਦੁੱਖ ਅਤੇ ਅਫ਼ਸੋਸ ਹੈ ਕਿ ਜੋ ਹਿੰਦ ਦੀਆਂ ਤਿੰਨੇ ਫ਼ੌਜਾਂ ਦੇ ਚੀਫ਼ ਇਨ ਕਮਾਂਡਰ ਹਨ ਅਤੇ ਸਦਰ-ਏ-ਹਿੰਦ ਹਨ, ਜਿਨ੍ਹਾਂ ਦੀ ਨਜ਼ਰ ਵਿਚ ਸਭ ਧਰਮ ਅਤੇ ਫਿਰਕੇ ਬਰਾਬਰ ਹਨ ਅਤੇ ਜੋ ਨਿਰਪੱਖਤਾ ਨਾਲ ਆਪਣੀ ਜਿੰਮੇਵਾਰੀ ਨਿਭਾਉਣ ਦੇ ਪਾਬੰਦ ਹੁੰਦੇ ਹਨ, ਉਨ੍ਹਾਂ ਵੱਲੋਂ ਇਕ ਹਿੰਦੂ ਧਰਮ ਦੇ ਧਾਰਮਿਕ ਪ੍ਰੋਗਰਾਮ ਵਿਚ ਅਗਵਾਈ ਕਰਨ ਨਾਲ ਵਿਧਾਨ ਦੀ ਧਰਮ ਨਿਰਪੱਖਤਾ ਉਤੇ ਹੀ ਵੱਡਾ ਪ੍ਰਸ਼ਨ ਚਿੰਨ੍ਹ ਹੀ ਨਹੀਂ ਲੱਗ ਗਿਆ, ਬਲਕਿ ਅਜਿਹੇ ਅਮਲ ਨਾਲ ਤਿੰਨੇ ਫ਼ੌਜਾਂ ਵਿਚ ਹਿੰਦੂਤਵ, ਬ੍ਰਾਹਮਣਵਾਦੀ ਸੋਚ ਨੂੰ ਬੁੜਾਵਾ ਦੇਣ ਵਾਲੇ ਦੁੱਖਦਾਇਕ ਅਮਲ ਹੋ ਰਹੇ ਹਨ । ਜੋ ਹੋਰ ਵੀ ਚਿੰਤਾ ਦਾ ਵਿਸ਼ਾ ਹੈ । ਫਿਰ ਹਿੰਦੂ ਆਗੂਆਂ ਵੱਲੋਂ ਗਊ ਨੂੰ ਮਾਤਾ ਨਾ ਕਹਿਣ ਵਾਲਿਆ ਦੇ ਸਿਰ ਕਲਮ ਕਰ ਦੇਣ, ਭਾਰਤ ਮਾਤਾ ਦੀ ਜੈ, ਜੈ ਸ੍ਰੀ ਰਾਮ, ਜੈ ਹਿੰਦ ਨਾ ਕਹਿਣ ਵਾਲਿਆ ਨੂੰ ਭਾਰਤ ਛੱਡਣ ਦੀਆਂ ਬੇਤੁੱਕੀਆ ਅਤੇ ਬੇਅਰਥ ਬਿਆਨਬਾਜੀਆ ਕੀਤੀਆ ਜਾ ਰਹੀਆ ਹਨ, ਜੋ ਅਤਿ ਅਫ਼ਸੋਸਨਾਕ ਅਤੇ ਵਿਧਾਨ ਦੀ ਧਾਰਾ 14 ਜੋ ਸਭਨਾਂ ਨੂੰ ਬਰਾਬਰਤਾ ਦੇ ਅਧਿਕਾਰ ਪ੍ਰਦਾਨ ਕਰਦੀ ਹੈ, ਉਸਦਾ ਘੋਰ ਉਲੰਘਣ ਕਰਨ ਵਾਲੇ ਅਮਲ ਹੁਕਮਰਾਨਾਂ ਵੱਲੋ ਹੋ ਰਹੇ ਹਨ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਭਾਰਤ ਜੋ ਆਪਣੇ-ਆਪ ਨੂੰ ਵਿਧਾਨਿਕ ਤੌਰ ਤੇ ਜਮਹੂਰੀਅਤ ਤੇ ਅਮਨ ਪਸੰਦ ਕਹਾਉਦਾ ਹੈ, ਉਸਦੀ ਬਹੁ-ਵਸੋਂ ਹਿੰਦੂਆਂ ਨੂੰ ਹਥਿਆਰ ਖਰੀਦਣ ਦੇ ਦਿੱਤੇ ਜਾ ਰਹੇ ਸੰਦੇਸ਼ ਅਤੇ ਇਥੇ ਹਿੰਦੂਤਵ, ਬ੍ਰਾਹਮਣਵਾਦੀ ਸੋਚ ਨੂੰ ਤਿੰਨੇ ਫ਼ੌਜਾਂ ਜਲ, ਥਲ ਅਤੇ ਹਵਾਈ ਵਿਚ ਫੈਲਾਉਣ ਦੇ ਹੋ ਰਹੇ ਅਮਲਾਂ ਦੀ ਪੁਰਜੋਰ ਸ਼ਬਦਾਂ ਵਿਚ ਨਿਖੇਧੀ ਕਰਦੇ ਹੋਏ ਅਤੇ ਜੋ ਅਮਰੀਕਾ ਦੇ ਸਦਰ ਸ੍ਰੀ ਟਰੰਪ ਜ਼ਾਬਰ ਮੋਦੀ ਹਕੂਮਤ ਨੂੰ ਮਦਦ ਕਰ ਰਹੇ ਹਨ, ਉਨ੍ਹਾਂ ਵੱਲੋਂ ਉਪਰੋਕਤ ਗੰਭੀਰ ਵਿਸ਼ੇ ਉਤੇ ਆਪਣਾ ਪੱਖ ਸਪੱਸਟ ਕਰਨ ਦੀ ਗੱਲ ਕਰਦੇ ਹੋਏ ਜ਼ਾਹਰ ਕੀਤੇ । ਉਨ੍ਹਾਂ ਕਿਹਾ ਕਿ ਇਥੇ ਇਹ ਵਰਣਨ ਕਰਨਾ ਜ਼ਰੂਰੀ ਹੈ ਕਿ ਪ੍ਰੈਜੀਡੈਟ ਹਿੰਦ ਤਿੰਨੇ ਸੈਨਾਵਾਂ ਦੇ ਚੀਫ਼ ਇਨ ਕਮਾਂਡਰ ਹਨ । ਜਿਨ੍ਹਾਂ ਨੂੰ ਵਿਧਾਨਿਕ ਤੌਰ ਤੇ ਸਭ ਧਰਮਾਂ ਤੋ ਉਪਰ ਉੱਠਕੇ ਸਭਨਾਂ ਨੂੰ ਬਰਾਬਰ ਦੀ ਨਜ਼ਰ ਨਾਲ ਦੇਖਣ ਅਤੇ ਫ਼ੌਜਾਂ ਵਿਚ ਕਿਸੇ ਤਰ੍ਹਾਂ ਦੀ ਵੀ ਫਿਰਕੂ ਸੋਚ ਦਾਖਲ ਨਾ ਹੋਣ ਦੇਣ ਦੀ ਹਿੰਦ ਦਾ ਵਿਧਾਨ ਗੱਲ ਕਰਦਾ ਹੈ । ਜਦੋਂ ਹੁਣ ਕਮਾਡਰ ਇਨ ਚੀਫ਼ ਸ੍ਰੀ ਰਾਮਨਾਥ ਕੋਵਿੰਦ ਹੀ ਹਿੰਦੂ ਧਰਮ ਦੇ ਪ੍ਰੋਗਰਾਮਾਂ ਵਿਚ ਸਮੂਲੀਅਤ ਕਰ ਰਹੇ ਹਨ ਤਾਂ ਹੁਣ ਉਨ੍ਹਾਂ ਨੂੰ ਕੋਈ ਵਿਧਾਨਿਕ ਅਧਿਕਾਰ ਨਹੀਂ ਰਹਿ ਗਿਆ ਕਿ ਉਹ ਤਿੰਨੇ ਫ਼ੌਜਾਂ ਦੇ ਕਮਾਡਰ ਇਨ ਚੀਫ਼ ਦੇ ਤੌਰ ਤੇ ਵਿਚਰਣ । ਇਸ ਲਈ ਉਨ੍ਹਾਂ ਤੋਂ ਇਸ ਅਤਿ ਸਤਿਕਾਰਿਤ ਤੇ ਨਿਰਪੱਖਤਾ ਵਾਲੇ ਅਹੁਦੇ ਦੀਆਂ ਤਾਕਤਾਂ ਵਾਪਸ ਲੈਣੀਆ ਬਣਦੀਆ ਹਨ । ਤਾਂ ਕਿ ਕੋਈ ਵੀ ਮਿਲਟਰੀ ਅਫ਼ਸਰ ਜਾਂ ਕਮਾਡਰ ਇਨ ਚੀਫ਼ ਕਿਸੇ ਇਕ ਧਰਮ ਜਾਂ ਕਿਸੇ ਇਕ ਫਿਰਕੇ ਦੀ ਗੱਲ ਕਰਕੇ ਫ਼ੌਜ ਵਿਚ ਬੇਚੈਨੀ ਪੈਦਾ ਨਾ ਕਰ ਸਕੇ ।
ਇਸ ਉਪਰੋਕਤ ਹੋ ਰਹੇ ਵਰਤਾਰੇ ਨੂੰ ਮੱਦੇਨਜ਼ਰ ਰੱਖਦੇ ਹੋਏ ਸ. ਮਾਨ ਵੱਲੋਂ ਸਮੁੱਚੀ ਸਿੱਖ ਕੌਮ, ਸਿੱਖ ਸੰਗਠਨਾਂ, ਜਥੇਬੰਦੀਆਂ, ਫੈਡਰੇਸ਼ਨਾਂ ਅਤੇ ਘੱਟ ਗਿਣਤੀ ਕੌਮਾਂ ਨੂੰ ਅਪੀਲ ਕਰਦੇ ਹੋਏ ਕਿਹਾ ਗਿਆ ਕਿ ਛੋਟੇ-ਮੋਟੇ ਗਿਲੇ-ਸਿਕਵੇ ਅਤੇ ਵਖਰੇਵਿਆ ਨੂੰ ਪਾਸੇ ਰੱਖਕੇ, ਭਰਾਮਾਰੂ ਜੰਗ ਦਾ ਅੰਤ ਕਰਕੇ ਅੱਜ ਸਮੁੱਚੀ ਸਿੱਖ ਕੌਮ ਨੂੰ ਇਕ ਪਲੇਟਫਾਰਮ ਤੇ ਇਕੱਤਰ ਹੋਣ ਦੀ ਹੋਰ ਵੀ ਸਖ਼ਤ ਲੋੜ ਬਣ ਗਈ ਹੈ, ਕਿਉਂਕਿ ਹਿੰਦੂਤਵ ਹੁਕਮਰਾਨ, ਮੁਤੱਸਵੀ ਜਮਾਤਾਂ ਅਤੇ ਆਗੂ ਘੱਟ ਗਿਣਤੀ ਕੌਮਾਂ ਵਿਸ਼ੇਸ਼ ਤੌਰ ਤੇ ਸਿੱਖ ਕੌਮ ਨੂੰ ਨਿਸ਼ਾਨਾਂ ਬਣਾਕੇ, ਇਥੋ ਦੇ ਮਾਹੌਲ ਨੂੰ ਸਾਜਿ਼ਸ ਰਾਹੀ ਵਿਸਫੋਟਕ ਭਰਿਆ ਬਣਾ ਰਹੀਆ ਹਨ । ਇਸ ਲਈ ਡੇਰਿਆਂ ਦੀ ਨਿੱਜਪ੍ਰਸਤੀ ਵਾਲੀ ਸੋਚ ਨੂੰ ਅਲਵਿਦਾ ਕਹਿਕੇ ਸਮੁੱਚੀ ਸਿੱਖ ਕੌਮ ਨੂੰ ‘ਨਾਨਕਸ਼ਾਹੀ ਕੈਲੰਡਰ’ ਉਤੇ ਪਹਿਰਾ ਦੇਣ ਅਤੇ ਸਮੁੱਚੇ ਗੁਰੂਘਰਾਂ ਵਿਚ ਇਕੋ ਪ੍ਰਵਾਨਿਤ ਰਹਿਤ-ਮਰਿਯਾਦਾ ਨੂੰ ਲਾਗੂ ਕਰਨ ਲਈ ਕਮਰ ਕੱਸੇ ਕਰ ਲੈਣੇ ਚਾਹੀਦੇ ਹਨ । ਜੋ ਡੇਰੇਦਾਰਾਂ ਵੱਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਉਤਸਵ ਨੂੰ 25 ਦਸੰਬਰ ਨੂੰ ਮਨਾਉਣ ਦਾ ਐਲਾਨ ਕੀਤਾ ਗਿਆ ਹੈ, ਉਸ ਨੂੰ ਰੱਦ ਕਰਕੇ ਸਮੁੱਚੀ ਸਿੱਖ ਕੌਮ ਨਾਨਕਸਾਹੀ ਕੈਲੰਡਰ ਅਨੁਸਾਰ 5 ਜਨਵਰੀ ਨੂੰ ਇਸ ਮਹਾਨ ਦਿਹਾੜੇ ਨੂੰ ਮਨਾਵੇ । ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਬਹੁਗਿਣਤੀ ਸਿੱਖ ਕੌਮ ਵੀ ਇਸੇ ਦਿਨ ਨੂੰ ਸਰਧਾ ਨਾਲ ਮਨਾਉਣ ਜਾ ਰਹੀ ਹੈ । ਅਜਿਹਾ ਅਮਲ ਕਰਕੇ ਹੀ ਅਸੀਂ ਹਿੰਦੂਤਵ ਮੁਤੱਸਵੀ ਹੁਕਮਰਾਨਾਂ ਦੇ ਮੰਦਭਾਵਨਾ ਭਰੇ ਮਨਸੂਬਿਆਂ ਨੂੰ ਅਸਫ਼ਲ ਵੀ ਬਣਾ ਸਕਾਂਗੇ ਅਤੇ ਅਗਲੀ ਕੌਮੀ ਰਣਨੀਤੀ ਉਤੇ ਇਕੱਤਰ ਵੀ ਹੋ ਸਕਾਂਗੇ ।