ਨਵੀਂ ਦਿੱਲੀ : ਵਿਦਿਆਰਥੀਆਂ ਨੂੰ ਉੱਚ ਸਿੱਖਿਆ ਦਾ ਖੇਤਰ ਚੁਣਨ ’ਚ ਮਦਦ ਕਰਨ ਵਾਸਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲਗਾਏ ਗਏ 2 ਦਿਨੀ ਭਵਿੱਖ ਜਾਗਰੂਕਤਾ ਮੇਲੇ ਦੀ ਅੱਜ ਸ਼ੁਰੂਆਤ ਹੋਈ। ਕਮੇਟੀ ਦੇ ਕਾਰਜਕਾਰੀ ਪ੍ਰਧਾਨ ਹਰਮੀਤ ਸਿੰਘ ਕਾਲਕਾ ਅਤੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਇਸ ਮੌਕੇ ਹਾਜ਼ਰੀ ਭਰਦੇ ਹੋਏ ਦਿੱਲੀ ਕਮੇਟੀ ਵੱਲੋਂ ਸਿੱਖਿਆ ਦੇ ਖ਼ੇਤਰ ਨੂੰ ਵਿਦਿਆਰਥੀਆਂ ਦੀ ਮੁੱਢਲੀ ਜਰੂਰਤਾਂ ਨਾਲ ਜੋੜਨ ਲਈ ਕੀਤੀਆਂ ਜਾ ਰਹੀ ਕੋਸ਼ਿਸ਼ਾਂ ਦੀ ਜਾਣਕਾਰੀ ਦਿੱਤੀ। ਮੁਖ ਮਹਿਮਾਨ ਵੱਜੋਂ ਪੀ।ਡੀ।ਐਮ। ਯੂਨੀਵਰਸਿਟੀ ਦੇ ਵਾਇਸ ਚਾਂਸਲਰ ਪ੍ਰੋ। ਏ।ਕੇ।ਬਖ਼ਸ਼ੀ, ਇੰਦਰਾ ਗਾਂਧੀ ਓਪੇਨ ਯੂਨੀਵਰਸਿਟੀ ਦੇ ਖੇਤਰੀ ਡਾਇਰੈਕਟਰ ਡਾ।ਕੇ।ਡੀ।ਸ਼ਰਮਾ ਅਤੇ ਨਿਗਮ ਪਾਰਸ਼ਦ ਬੀਬੀ ਮਨਪ੍ਰੀਤ ਕੌਰ ਕਾਲਕਾ ਨੇ ਹਾਜ਼ਰੀ ਭਰੀ।
ਕਾਲਕਾ ਨੇ ਦਿੱਲੀ ਕਮੇਟੀ ਵੱਲੋਂ ਸਿੱਖਿਆ ਦੇ ਪ੍ਰਚਾਰ-ਪ੍ਰਸਾਰ ਲਈ ਕੀਤੇ ਜਾ ਰਹੇ ਕਾਰਜਾਂ ਦਾ ਹਵਾਲਾ ਦਿੰਦੇ ਹੋਏ ਮੇਲੇ ਰਾਹੀਂ ਉੱਚ ਸਿੱਖਿਆ ਲਈ ਆਪਣੀ ਪਸੰਦ ਅਤੇ ਕਾਬਲੀਅਤ ਦੇ ਆਧਾਰ ’ਤੇ ਖੇਤਰ ਚੁਣਨ ’ਚ ਵਿਦਿਆਰਥੀਆਂ ਨੂੰ ਵੱਡੀ ਮਦਦ ਮਿਲਣ ਦਾ ਦਾਅਵਾ ਕੀਤਾ। ਕਾਲਕਾ ਨੇ ਦੱਸਿਆ ਕਿ ਭਾਈ ਲੱਖੀਸ਼ਾਹ ਵਣਜਾਰਾ ਹਾਲ ਦੀ ਛੱਤ ਹੇਠਾਂ 85 ਦੇਸ਼ੀ ਅਤੇ ਵਿਦੇਸ਼ੀ ਯੂਨੀਵਰਸਿਟੀਆਂ ਅਤੇ ਵਿਦਿਅਕ ਅਦਾਰੇ, ਵਿਦਿਆਰਥੀਆਂ ਨੂੰ ਆਪਣਾ ਸੁਰੱਖਿਅਤ ਭਵਿੱਖ ਚੁਣਨ ’ਚ ਮਦਦ ਕਰ ਰਹੇ ਹਨ। ਸਭ ਤੋਂ ਵੱਡੀ ਗੱਲ ਦਿੱਲੀ ਕਮੇਟੀ ਵੱਲੋਂ ਵਰਤਾਇਆ ਜਾ ਰਿਹਾ ਉਕਤ ਵਿਦਿਅਕ ਲੰਗਰ ਭੇਟਾ ਰਹਿਤ ਹੈ। ਜਦਕਿ ਪੇਸ਼ੇਵਰ ਅਦਾਰਿਆਂ ਵੱਲੋਂ ਲਗਾਏ ਜਾਂਦੇ ਅਜਿਹੇ ਮੇਲੇ ’ਚ ਵਿਦਿਆਰਥੀਆਂ ਤੋਂ ਮੋਟੀ ਦਾਖਲਾ ਫੀਸ ਲਈ ਜਾਂਦੀ ਹੈ।
ਸਿਰਸਾ ਨੇ ਕਿਹਾ ਕਿ ਜਮਾਨਾ ਬਦਲ ਗਿਆ ਹੈ। ਅੱਜਕਲ ਦੇ ਬੱਚਿਆਂ ਦਾ ਆਤਮ ਵਿਸ਼ਵਾਸ਼ ਸਿੱਖਰ ’ਤੇ ਹੈ। ਇਸ ਕਰਕੇ ਸਿੱਖਿਆ ਹੀ ਸਮਾਜ ਦੀ ਮੁਖਧਾਰਾ ਨਾਲ ਜੁੜਨ ਦਾ ਮਾਧਿਅਮ ਹੈ। ਜਿਸ ਕਰਕੇ ਦਿੱਲੀ ਕਮੇਟੀ ਵੱਲੋਂ ਨੌਜਵਾਨਾਂ ਦੀ ਸੋਚ ਨੂੰ ਬਦਲਣ ਵਾਸਤੇ ਅਜਿਹੇ ਉਪਰਾਲੇ ਕੀਤੇ ਜਾ ਰਹੇ ਹਨ ਤਾਂਕਿ ਸੁਨਹਿਰੇ ਭਵਿੱਖ ਦੀ ਪ੍ਰਾਪਤੀ ਅਤੇ ਖਦਸਿਆਂ ਦੇ ਨਿਵਾਰਣ ਲਈ ਉਸਾਰੂ ਮਾਹੌਲ ਸਿਰਜਿਆ ਜਾ ਸਕੇ। ਸਿਰਸਾ ਨੇ ਦਾਅਵਾ ਕੀਤਾ ਕਿ ਕਮੇਟੀ ਦੇ ਏਜੰਡੇ ’ਚ ਸਿਖਿਆ ਸਭ ਤੋਂ ਅੱਗੇ ਹੈ। ਗੁਰੂ ਸਾਹਿਬ ਨੇ ਵੀ ਇਸੇ ਗੱਲ ’ਤੇ ਜੋਰ ਦਿੱਤਾ ਹੈ। ਦੁਨੀਆਂ ’ਚ ਰਾਜ ਕਰਨ ਵਾਲੇ ਵੀ ਅੱਜ ਸਿਖਿਆ ਦੀ ਲੋੜ ਨੂੰ ਨਕਾਰ ਨਹੀਂ ਸਕਦੇ। ਸਿਖਿਆ ਵਿਦਿਆਰਥੀ ਨੂੰ ਬੁਲੰਦੀ ਦੇ ਲੈ ਜਾਂਦੀ ਹੈ ਜਿਸਤੋਂ ਬਾਅਦ ਅਸੀਂ ਮਨੁੱਖਤਾ ਦੇ ਨਾਲ ਕੌਮ ਦੀ ਸੇਵਾ ਦਾ ਵੀ ਮਾਧਿਅਮ ਬਣਦੇ ਹਾਂ।
ਮੇਲੇ ’ਚ ਭਾਰਤੀ ਫੌਜ਼ ਤੇ ਏਅਰਫੋਰਸ ਆਦਿਕ ਦੇ ਲੱਗੇ ਸਟਾਲਾਂ ਦਾ ਜ਼ਿਕਰ ਕਰਦੇ ਹੋਏ ਸਿਰਸਾ ਨੇ ਕਿਹਾ ਕਿ ਸਿਖਿਆ ਦੇ ਖੇਤਰ ’ਚ ਅੱਗੇ ਵੱਧ ਕੇ ਹੀ ਅਜਿਹੀ ਸੰਭਾਨਾਵਾਂ ਨੂੰ ਆਪਣੀ ਮੁੱਠੀ ’ਚ ਕੀਤਾ ਜਾ ਸਕਦਾ ਹੈ। ਦਿੱਲੀ ਕਮੇਟੀ ਦੀ ਕੋਸ਼ਿਸ਼ ਹਰ ਬੱਚੇ ਨੂੰ ਸਿੱਖਿਆ ਅਤੇ ਸਿੱਖੀ ਦੀ ਮੁਖਧਾਰਾ ਨਾਲ ਜੋੜ ਕੇ ਸਮਾਜ ਅਤੇ ਕੌਮ ਦੀ ਚੜ੍ਹਦੀਕਲਾ ਕਰਾਉਣ ਦੀ ਹੈ।
ਹੈਡ ਗ੍ਰੰਥੀ ਸਾਹਿਬ ਵੱਲੋਂ ਉਦਘਾਟਨ ਮੌਕੇ ਗੁਰੂ ਚਰਨਾਂ ’ਚ ਬੱਚਿਆਂ ਦੇ ਚੰਗੇ ਭਵਿੱਖ ਲਈ ਅਰਦਾਸ ਕੀਤੀ ਗਈ। ਇਸ ਮੌਕੇ ਦਿੱਲੀ ਕਮੇਟੀ ਮੈਂਬਰ ਵਿਕਰਮ ਸਿੰਘ ਰੋਹਿਣੀ, ਬੀਬੀ ਰਣਜੀਤ ਕੌਰ, ਭੂਪਿੰਦਰ ਸਿੰਘ ਭੁੱਲਰ, ਚਮਨ ਸਿੰਘ, ਰਮਿੰਦਰ ਸਿੰਘ ਸਵੀਟਾ, ਪਰਮਜੀਤ ਸਿੰਘ ਚੰਢੋਕ ਆਦਿਕ ਮੌਜੂਦ ਸਨ। ਕਮੇਟੀ ਵੱਲੋਂ 2 ਦਿਨੀਂ ਮੇਲੇ ਦੌਰਾਨ ਹਜ਼ਾਰਾਂ ਵਿਦਿਆਰਥੀਆਂ ਦੀ ਆਮਦ ਦੀ ਆਸ਼ਾ ਜਤਾਈ ਗਈ ਹੈ।