ਚੰਡੀਗੜ੍ਹ – “ਅੱਜ ਮਿਤੀ 29 ਨਵੰਬਰ ਨੂੰ ਚੰਡੀਗੜ੍ਹ ਦੇ 10 ਸੈਕਟਰ ਵਿਖੇ ‘ਫ਼ੌਜੀ ਪ੍ਰਦਰਸ਼ਨੀ’ ਲਗਾਈ ਗਈ ਸੀ, ਜਿਸ ਵਿਚ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਜਥੇਬੰਦੀ ਵੱਲੋਂ ਇਸ ਪ੍ਰਦਰਸ਼ਨੀ ਵਿਚ ਸ਼ਾਮਿਲ ਹੋਣ ਲਈ ਪੰਜ ਮੈਬਰੀ ਡੈਪੂਟੇਸ਼ਨ ਜਿਨ੍ਹਾਂ ਵਿਚ ਸ. ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਪ੍ਰੋ. ਮਹਿੰਦਰਪਾਲ ਸਿੰਘ, ਸ. ਅਮਰੀਕ ਸਿੰਘ ਬੱਲੋਵਾਲ (ਤਿੰਨੋ ਜਰਨਲ ਸਕੱਤਰ), ਸ. ਹਰਭਜਨ ਸਿੰਘ ਕਸ਼ਮੀਰੀ ਸ਼ਹਿਰੀ ਪ੍ਰਧਾਨ ਪਟਿਆਲਾ ਅਤੇ ਸ. ਕੁਲਦੀਪ ਸਿੰਘ ਭਾਗੋਵਾਲ ਪ੍ਰਧਾਨ ਮੋਹਾਲੀ ਸ਼ਾਮਿਲ ਸਨ । ਜਦੋਂ ਇਹ ਪ੍ਰਦਰਸ਼ਨੀ ਵਿਚ ਦਾਖਲ ਹੋਣ ਲਈ ਅੱਗੇ ਵੱਧੇ ਤਾਂ ਚੰਡੀਗੜ੍ਹ ਪੁਲਿਸ ਵੱਲੋਂ ਇਨ੍ਹਾਂ ਨੂੰ ਕੇਵਲ ਅੰਦਰ ਜਾਣ ਤੋ ਹੀ ਨਹੀਂ ਰੋਕਿਆ ਗਿਆ, ਬਲਕਿ ਗ੍ਰਿਫ਼ਤਾਰ ਕਰਕੇ ਸੈਕਟਰ-3 ਦੇ ਥਾਣੇ ਵਿਚ ਬੰਦੀ ਬਣਾ ਦਿੱਤਾ ਗਿਆ । ਚੰਡੀਗੜ੍ਹ ਪੁਲਿਸ ਅਤੇ ਫ਼ੌਜ ਦੇ ਅਜਿਹੇ ਦੁੱਖਦਾਇਕ ਅਮਲ ਭਾਰਤੀ ਵਿਧਾਨ ਦੀ ਧਾਰਾ 14, 19 ਅਤੇ 21 ਦੀ ਘੋਰ ਉਲੰਘਣਾ ਕਰਨ ਵਾਲੇ ਅਮਲ ਹਨ । ਜਿਸਦੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਪੁਰਜੋਰ ਸ਼ਬਦਾਂ ਵਿਚ ਨਿਖੇਧੀ ਕਰਦੇ ਹੋਏ ਹੁਕਮਰਾਨਾਂ ਵੱਲੋਂ ਸਿੱਖ ਕੌਮ ਨਾਲ ਅਜਿਹਾ ਵਿਵਹਾਰ ਕਰਨ ਨੂੰ ਮੰਦਭਾਗਾਂ ਕਰਾਰ ਦਿੰਦਾ ਹੋਇਆ ਬੰਦ ਕਰਨ ਦੀ ਮੰਗ ਕਰਦਾ ਹੈ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਅੱਜ ਚੰਡੀਗੜ੍ਹ ਵਿਖੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਿੱਖ ਕੌਮ ਦੇ ਨੁਮਾਇੰਦਿਆ ਨਾਲ ਚੰਡੀਗੜ੍ਹ ਪੁਲਿਸ ਅਤੇ ਫ਼ੌਜ ਦੀ ਪ੍ਰਦਰਸ਼ਨੀ ਦੇ ਪ੍ਰਬੰਧਕਾਂ ਵੱਲੋ ਕੀਤੇ ਗਏ ਗੈਰ-ਕਾਨੂੰਨੀ ਅਮਲਾਂ ਦੀ ਪੁਰਜੋਰ ਸ਼ਬਦਾਂ ਵਿਚ ਨਿਖੇਧੀ ਕਰਦੇ ਹੋਏ ਅਤੇ ਚੰਡੀਗੜ੍ਹ ਪੁਲਿਸ ਤੇ ਪ੍ਰਸ਼ਾਸ਼ਨ ਵੱਲੋ ਇਸ ਕੀਤੀ ਗਈ ਇਸ ਕਾਰਵਾਈ ਨੂੰ ਸਿੱਖ ਕੌਮ ਵਿਰੋਧੀ ਕਰਾਰ ਦਿੰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਇਸ ਡੈਪੂਟੇਸ਼ਨ ਨੇ ਜਿਥੇ ਫ਼ੌਜੀ ਪ੍ਰਦਰਸ਼ਨੀ ਨੂੰ ਵੇਖਣਾ ਸੀ, ਉਥੇ ਇਸ ਡੈਪੂਟੇਸ਼ਨ ਨੇ 1984 ਵਿਚ ਬਲਿਊ ਸਟਾਰ ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਹੋਏ ਫ਼ੌਜੀ ਹਮਲੇ ਦੇ ਸੰਬੰਧ ਵਿਚ ਲਿਖਤੀ ਤੌਰ ਤੇ ਫ਼ੌਜੀ ਅਫ਼ਸਰਾਂ ਨੂੰ ਯਾਦ-ਪੱਤਰ ਦੇਣਾ ਸੀ । ਜੋ ਕਿ ਜਮਹੂਰੀਅਤ ਤੇ ਅਮਨਮਈ ਢੰਗਾਂ ਦੀ ਵਰਤੋ ਕਰਦੇ ਹੋਏ ਅਜਿਹਾ ਕਰਨਾ ਸੀ । ਪਰ ਚੰਡੀਗੜ੍ਹ ਪੁਲਿਸ ਤੇ ਪ੍ਰਸ਼ਾਸ਼ਨ ਨੇ ਬਿਨ੍ਹਾਂ ਕਿਸੇ ਵਜਹ ਦੇ ਸਾਡੇ ਡੈਪੂਟੇਸ਼ਨ ਦੇ ਮੈਬਰਾਂ ਨੂੰ ਗ੍ਰਿਫ਼ਤਾਰ ਕਰਕੇ ਅਤੇ ਉਨ੍ਹਾਂ ਨਾਲ ਗੈਰ-ਕਾਨੂੰਨੀ ਅਤੇ ਗੈਰ-ਸਮਾਜਿਕ ਵਿਵਹਾਰ ਕਰਕੇ ਸਾਬਤ ਕਰ ਦਿੱਤਾ ਹੈ ਕਿ ਇਥੇ ਬਹੁਗਿਣਤੀ ਹਿੰਦੂ ਕੌਮ ਲਈ ਹੋਰ ਕਾਨੂੰਨ ਹਨ ਅਤੇ ਘੱਟ ਗਿਣਤੀ ਸਿੱਖ ਕੌਮ ਲਈ ਹੋਰ । ਜਿਸ ਨੂੰ ਬਰਦਾਸਤ ਨਹੀਂ ਕੀਤਾ ਜਾਵੇਗਾ ।
ਇਸ ਡੈਪੂਟੇਸ਼ਨ ਵਿਚ ਪਹੁੰਚੇ ਡੈਪੂਟੇਸ਼ਨ ਦੇ ਆਗੂ ਸ. ਜਸਕਰਨ ਸਿੰਘ ਕਾਹਨ ਸਿੰਘ ਵਾਲਾ ਨੇ ਚੰਡੀਗੜ੍ਹ ਪ੍ਰੈਸ ਅਤੇ ਉਥੇ ਹਾਜ਼ਰੀਨ ਅਵਾਮ ਨੂੰ ਸੁਬੋਧਿਤ ਹੁੰਦੇ ਹੋਏ ਕਿਹਾ ਕਿ ਜੋ ਹਿੰਦ ਫ਼ੌਜ ਨੇ 1984 ਵਿਚ ਬਲਿਊ ਸਟਾਰ ਦੇ ਫ਼ੌਜੀ ਹਮਲੇ ਸਮੇਂ ਸਿੱਖ ਕੌਮ ਦੇ ਧਾਰਮਿਕ ਅਸਥਾਨਾਂ ਉਤੇ ਹਮਲਾਵਰਾਂ ਦੀ ਤਰ੍ਹਾਂ ਟੈਕਾਂ, ਬੰਬਾਂ ਅਤੇ ਹੋਰ ਆਧੁਨਿਕ ਹਥਿਆਰਾਂ ਨਾਲ ਹਮਲਾ ਕਰਕੇ ਕੋਈ 25 ਹਜ਼ਾਰ ਦੇ ਕਰੀਬ ਸਿੱਖਾਂ ਨੂੰ ਸ਼ਹੀਦ ਕਰਕੇ ਅਤੇ ਸਾਡੇ ਸ੍ਰੀ ਦਰਬਾਰ ਸਾਹਿਬ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਢਹਿ-ਢੇਰੀ ਕਰਕੇ ਕੌਮਾਂਤਰੀ ਮਨੁੱਖਤਾ ਪੱਖੀ ਕਾਨੂੰਨਾਂ ਅਤੇ ਆਪਣੇ ਹੀ ਹਿੰਦ ਦੇ ਵਿਧਾਨ ਦਾ ਨਿਰਾਦਰ ਕੀਤਾ ਹੈ ਅਤੇ ਸਿੱਖ ਕੌਮ ਦਾ ਬੇਰਹਿੰਮੀ ਨਾਲ ਕਤਲੇਆਮ ਕੀਤਾ ਹੈ, ਉਸ ਲਈ ਹਿੰਦ ਹਕੂਮਤ, ਹਿੰਦ ਪਾਰਲੀਮੈਂਟ, ਸੁਪਰੀਮ ਕੋਰਟ ਹਿੰਦ ਅਤੇ ਇਥੋ ਦੇ ਮੁਤੱਸਵੀ ਆਗੂ ਅਤੇ ਸੰਗਠਨ ਜਿੰਮੇਵਾਰ ਹਨ । ਜਿਨ੍ਹਾਂ ਨੇ ਸਿੱਖ ਕੌਮ ਨੂੰ ਕਦੀ ਵੀ ਨਾ ਭੁੱਲਣ ਵਾਲੇ ਡੂੰਘੇ ਜਖ਼ਮ ਦੇ ਕੇ ਬਹੁਤ ਵੱਡੀ ਗੁਸਤਾਖੀ ਕੀਤੀ ਹੈ । ਇਸ ਲਈ ਅਸੀਂ ਅੱਜ ਹਿੰਦ ਵਿਚ ਸਿੱਖ ਕੌਮ ਤੇ ਬੀਤੇ ਸਮੇਂ ਦੇ ਹੋਏ ਜ਼ਬਰ-ਜੁਲਮਾਂ, ਕਤਲੇਆਮ ਅਤੇ ਸਿੱਖ ਕੌਮ ਨੂੰ ਇਥੋ ਦੀ ਸੁਪਰੀਮ ਕੋਰਟ ਅਤੇ ਅਦਾਲਤਾਂ ਵੱਲੋਂ ਕੋਈ ਵੀ ਇਨਸਾਫ਼ ਨਾ ਦੇਣ ਦੇ ਵਿਰੁੱਧ ਜਮਹੂਰੀਅਤ ਤੇ ਅਮਨਮਈ ਤਰੀਕੇ ਜਿਥੇ ਆਵਾਜ਼ ਬੁਲੰਦ ਕਰਨ ਲਈ ਆਏ ਹਾਂ, ਉਥੇ ਅੱਜ ਅਸੀਂ ਹਿੰਦ ਦੀ ਪ੍ਰੈਸ ਤੇ ਇਥੋ ਦੇ ਇਨਸਾਫ਼ ਪਸੰਦ ਸਖਸ਼ੀਅਤਾਂ ਅਤੇ ਅਵਾਮ ਨੂੰ ਇਹ ਵੀ ਕਹਿਣਾ ਚਾਹਵਾਂਗੇ ਕਿ ਬੀਤੇ ਸਮੇਂ ਵਿਚ ਸਿੱਖ ਕੌਮ ਦੇ ਹੋਏ ਅਣਮਨੁੱਖੀ ਕਤਲੇਆਮ ਲਈ ਹਿੰਦ ਦੇ ਸਦਰ, ਹਿੰਦ ਦੀ ਪਾਰਲੀਮੈਂਟ, ਹਿੰਦ ਹਕੂਮਤ ਉਤੇ ਬੈਠੇ ਸ੍ਰੀ ਮੋਦੀ ਸਿੱਖ ਕੌਮ ਦੀ ਰੁਹਾਨੀਅਤ ਪ੍ਰਮੁੱਖ ਅਦਾਲਤ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਲਿਖਤੀ ਰੂਪ ਵਿਚ ਮੁਆਫ਼ੀ ਮੰਗਣ ਅਤੇ ਸਿੱਖ ਕੌਮ ਦੇ ਕਤਲੇਆਮ ਦੇ ਦੋਸ਼ੀਆਂ ਨੂੰ ਕਾਨੂੰਨੀ ਪ੍ਰਕਿਰਿਆ ਵਿਚੋ ਲੰਘਾਕੇ ਇਮਾਨਦਾਰੀ ਨਾਲ ਸਜ਼ਾਵਾਂ ਦਾ ਪ੍ਰਬੰਧ ਕਰਨ । ਅਜਿਹੇ ਅਮਲ ਹੋਣ ਤੇ ਹੀ ਸਿੱਖ ਕੌਮ ਦੇ ਮਨਾਂ ਤੇ ਆਤਮਾਵਾਂ ਵਿਚ ਬਲਿਊ ਸਟਾਰ ਦੇ ਹੋਏ ਫ਼ੌਜੀ ਹਮਲੇ ਅਤੇ ਨਵੰਬਰ 1984 ਵਿਚ ਹੋਏ ਸਿੱਖ ਕਤਲੇਆਮ ਪ੍ਰਤੀ ਉੱਠੇ ਡੂੰਘੇ ਰੋਸ ਨੂੰ ਕੁਝ ਘੱਟ ਕੀਤਾ ਜਾ ਸਕਦਾ ਹੈ । ਸ. ਮਾਨ ਨੇ ਡੈਪੂਟੇਸ਼ਨ ਦੇ ਮੈਬਰਾਂ ਨੂੰ ਬਿਨ੍ਹਾਂ ਸ਼ਰਤ ਤੁਰੰਤ ਰਿਹਾਈ ਦੀ ਮੰਗ ਕੀਤੀ । ਖ਼ਬਰ ਜਾਰੀ ਕਰਨ ਤੱਕ ਉਪਰੋਕਤ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਡੈਪੂਟੇਸ਼ਨ ਦੇ ਮੈਬਰ ਸੈਕਟਰ-3 ਦੇ ਪੁਲਿਸ ਸਟੇਸ਼ਨ ਵਿਚ ਬੰਦੀ ਸਨ ।