ਚੌਕ ਮਹਿਤਾ / ਅੰਮ੍ਰਿਤਸਰ – ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਚੁਣੇ ਜਾਣ ’ਤੇ ਜਥੇਦਾਰ ਗੁਰਬਚਨ ਸਿੰਘ ਕਰਮੂਵਾਲ ਨੇ ਅੱਜ ਦੂਜੇ ਦਿਨ ਦਮਦਮੀ ਟਕਸਾਲ ਦੇ ਹੈ¤ਡ ਕੁਆਟਰ ਚੌਕ ਮਹਿਤਾ ਵਿਖੇ ਪਹੁੰਚ ਕੇ ਦਮਦਮੀ ਟਕਸਾਲ ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਤੋਂ ਅਸ਼ੀਰਵਾਦ ਲਿਆ। ਜਿੱਥੇ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ।
ਦਮਦਮੀ ਟਕਸਾਲ ਦੇ ਮੁਖੀ ਨੇ ਕਿਹਾ ਕਿ ਸ: ਪ੍ਰਕਾਸ਼ ਸਿੰਘ ਬਾਦਲ ਤੇ ਸ: ਸੁਖਬੀਰ ਸਿੰਘ ਬਾਦਲ ਨੇ ਜਥੇ: ਗੋਬਿੰਦ ਸਿੰਘ ਲੌਂਗੋਵਾਲ ਅਤੇ ਜਥੇ: ਕਰਮੂਵਾਲ ਨੂੰ ਕਮਾਨ ਸੌਂਪ ਕੇ ਸ਼੍ਰੋਮਣੀ ਕਮੇਟੀ ਦੀ ਅਗਵਾਈ ਯੋਗ ਹੱਥਾਂ ਵਿੱਚ ਦਿੱਤੀ ਹੈ।ਉਹਨਾਂ ਨੂੰ ਵਿਸ਼ਵਾਸ ਹੈ ਕਿ ਸ਼੍ਰੋਮਣੀ ਕਮੇਟੀ ਦੀ ਨਵੀਂ ਟੀਮ ਸਿੱਖ ਹਿਤਾਂ ਦੀ ਰਾਖੀ ਕਰਨ ਵਿੱਚ ਸਫਲ ਰਹੇਗੀ।ਉਹਨਾਂ ਨਵੇਂ ਹਾਊਸ ਨੂੰ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧ ਨੂੰ ਹੋਰ ਵੀ ਸੁਚਾਰੂ ਬਣਾਉਣ ਪ੍ਰਤੀ ਯਤਨਸ਼ੀਲ ਹੋਣ ਅਤੇ ਸਿੱਖਿਆ ਤੇ ਡਾਕਟਰੀ ਖੋਜ ਖੇਤਰ ‘ਚ ਹੋਰ ਨਵੀਆਂ ਪੁਲਾਂਘਾਂ ਪੁੱਟਣ ਵਲ ਵਿਸ਼ੇਸ਼ ਧਿਆਨ ਦੇਣ ਲਈ ਕਿਹਾ। ਸੰਤ ਹਰਨਾਮ ਸਿੰਘ ਖ਼ਾਲਸਾ ਨੇ ਕਿਹਾ ਕਿ ਪੰਥਕ ਅਤੇ ਧਾਰਮਿਕ ਮੁੱਦਿਆਂ ਪ੍ਰਤੀ ਸਹੀ ਪਹੁੰਚ ਨੂੰ ਦੇਖਦਿਆਂ ਸੰਤ ਸਮਾਜ ਵਲ਼ੋਂ ਅਕਾਲੀ ਦਲ ਦਾ ਸਾਥ ਦਿੱਤਾ ਜਾ ਰਿਹਾ ਹੈ। ਉਹਨਾਂ ਸ਼੍ਰੋਮਣੀ ਕਮੇਟੀ ਦੀ ਕਾਰਜਕਾਰਨੀ ਵਿੱਚ ਸੰਤ ਸਮਾਜ ਨਾਲ ਸੰਬੰਧਿਤ ਮੈਂਬਰਾਨ ਨੂੰ ਯੋਗ ਨੁਮਾਇੰਦਗੀ ਦੇਣ ਲਈ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸਮੂਹ ਲੀਡਰਸ਼ਿਪ ਦਾ ਧੰਨਵਾਦ ਕੀਤਾ। ਸੂਤਰਾਂ ਅਨੁਸਾਰ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸ਼੍ਰੋਮਣੀ ਕਮੇਟੀ ਦੀ ਕਾਰਜਕਾਰਨੀ ਦੀ ਨਵੀਂ ਬਾਡੀ ਲਈ ਸ਼੍ਰੋਮਣੀ ਕਮੇਟੀ ਮੈਂਬਰਾਂ, ਅਕਾਲੀ ਦਲ ਕੋਰ ਕਮੇਟੀ ਆਗੂਆਂ ਤੋਂ ਇਲਾਵਾ ਬੀਤੇ ਦਿਨੀਂ ਅੰਮ੍ਰਿਤਸਰ ਤੋਂ ਇਲਾਵਾ ਪਿੰਡ ਬਾਦਲ ਵਿਖੇ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖ਼ਾਲਸਾ ਨਾਲ ਵਿਸ਼ੇਸ਼ ਮੁਲਾਕਾਤ ਕਰਦਿਆਂ ਸ਼੍ਰੋਮਣੀ ਕਮੇਟੀ ਦੀ ਨਵੀਂ ਚੋਣ ਲਈ ਉਹਨਾਂ ਨੂੰ ਵਿਸ਼ਵਾਸ ਵਿੱਚ ਲਿਆ ਅਤੇ ਨਵੀਂ ਕਾਰਜਕਾਰਨੀ ਲਈ ਸਲਾਹ ਮਸ਼ਵਰਾ ਕੀਤਾ। ਯਾਦ ਰਹੇ ਕਿ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਅਕਾਲੀ ਦਲ ਅਤੇ ਸੰਤ ਸਮਾਜ ਨੇ ਰਲ ਕੇ ਲੜੀਆਂ ਅਤੇ ਵੱਡੀ ਜਿਤ ਹਾਸਲ ਕੀਤੀ ਸੀ।
ਇਸ ਮੌਕੇ ਜਥੇ: ਕਰਮੂਵਾਲਾ ਨੇ ਕਿਹਾ ਕਿ ਧਾਰਮਿਕ ਅਤੇ ਪੰਥਕ ਖੇਤਰ ਵਿੱਚ ਸ਼੍ਰੋਮਣੀ ਕਮੇਟੀ ਨੇ ਸ਼੍ਰੋਮਣੀ ਅਕਾਲੀ ਦਲ, ਦਮਦਮੀ ਟਕਸਾਲ ਅਤੇ ਸੰਤ ਸਮਾਜ ਨਾਲ ਆਪਸੀ ਸਹਿਯੋਗ ਸਦਕਾ ਕਈ ਅਹਿਮ ਕਾਰਜ ਕੀਤੇ ਹਨ। ਭਵਿੱਖ ਦੌਰਾਨ ਵੀ ਇਹ ਸਹਿਯੋਗ ਨਿਰੰਤਰ ਜਾਰੀ ਰਹੇਗਾ।
ਉਹਨਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦਾ ਨਵਾਂ ਹਾਊਸ ਵੱਖ-ਵੱਖ ਧਾਰਮਿਕ ਜਥੇਬੰਦੀਆਂ, ਸਿੰਘ ਸਭਾਵਾਂ, ਸਭਾ ਸੁਸਾਇਟੀਆਂ, ਟਕਸਾਲਾਂ, ਸੰਤਾਂ ਮਹਾਪੁਰਸ਼ਾਂ ਅਤੇ ਨਿਹੰਗ ਸਿੰਘ ਦਲਾਂ ਆਦਿ ਦੇ ਸਹਿਯੋਗ ਨਾਲ ਧਰਮ ਪ੍ਰਚਾਰ ਲਹਿਰ ਨੂੰ ਹੋਰ ਪ੍ਰਚੰਡ ਕਰੇਗਾ।ਇਸੇ ਦੌਰਾਨ ਸ਼੍ਰੋਮਣੀ ਕਮੇਟੀ ਦੀ ਨਵੀਂ ਕਾਰਜਕਾਰਨੀ ਦੇ ਅੱਧੀ ਦਰਜਨ ਦੇ ਕਰੀਬ ਮੈਂਬਰਾਂ ਵਲ਼ੋਂ ਦਮਦਮੀ ਟਕਸਾਲ ਦੇ ਹੈ¤ਡ ਕੁਆਟਰ ਵਿਖੇ ਆਪਣੀ ਹਾਜ਼ਰੀ ਭਰੀ ਗਈ। ਇਸ ਮੌਕੇ ਪ੍ਰੋ: ਸਰਚਾਂਦ ਸਿੰਘ, ਭਾਈ ਗੁਰਪ੍ਰੀਤ ਸਿੰਘ, ਕੈਪਟਨ ਸਵਰਨ ਸਿੰਘ ਪਖੋਪੁਰਾ, ਸਵਿੰਦਰ ਸਿੰਘ ਕਰਮੂਵਾਲਾ, ਜਸਬੀਰ ਸਿੰਘ ਕਾਹਲਵਾਂ, ਭਗਵੰਤ ਸਿੰਘ ਧੁੰਨ, ਸਰਪੰਚ ਇੰਦਰਜੀਤ ਸਿੰਘ ਕਰਮੂਵਾਲ, ਗੁਰਭੇਜ ਸਿੰਘ, ਮੇਜਰ ਸਿੰਘ, ਗੁਰਦਿਆਲ ਸਿੰਘ ਮੁੰਡਾ ਪਿੰਡ, ਗਇਦਰ ਸਿੰਘ ਟੋਨੀ,ਪ੍ਰੇਮ ਸਿੰਘ ਗੋਇੰਦਵਾਲ , ਕੁਲਦੀਪ ਸਿੰਘ ਔਲਖ, ਭਾਈ ਪ੍ਰਨਾਮ ਸਿੰਘ,ਭਾਈ ਸਤਨਾਮ ਸਿੰਘ, ਭਾਈ ਪ੍ਰਕਾਸ਼ ਸਿੰਘ ਆਦਿ ਹਾਜ਼ਰ ਸਨ।