ਇਸਲਾਮਾਬਾਦ – ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਜਨਰਲ ਪ੍ਰਵੇਜ਼ ਮੁਸ਼ਰੱਫ ਨੇ ਕਿਹਾ ਹੈ ਕਿ ਉਹ ਅਗਲੇ ਸਾਲ ਦੇਸ਼ ਵਿੱਚ ਹੋਣ ਵਾਲੀਆਂ ਆਮ ਚੋਣਾਂ ਵਿੱਚ ਹਾਫਿਜ਼ ਸਈਅਦ ਨਾਲ ਗਠਬੰਧਨ ਕਰਨ ਲਈ ਤਿਆਰ ਹਨ। ਆਪਣੇ ਆਪ ਨੂੰ ਹਾਫਿਜ਼ ਅਤੇ ਲਸ਼ਕਰ ਦਾ ਸਮੱਰਥਕ ਦੱਸਣ ਵਾਲੇ ਜਨਰਲ ਮੁਸ਼ਰੱਫ਼ ਨੇ ਇੱਕ ਪਾਕਿਸਤਾਨੀ ਨਿਊਜ਼ ਚੈਨਲ ਦੁਆਰਾ ਸਈਅਦ ਨਾਲ ਗਠਬੰਧਨ ਸਬੰਧੀ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਕਿਹਾ, ‘ ਅਜੇ ਤੱਕ ਉਨ੍ਹਾਂ ਦੇ ਨਾਲ ਕੋਈ ਗੱਲ ਨਹੀਂ ਹੋਈ, ਪਰ ਜੇ ਉਹ ਗਠਬੰਧਨ ਦਾ ਹਿੱਸਾ ਬਣਨਾ ਚਾਹੁੰਣਗੇ ਤਾਂ ਮੈਨ ਉਨ੍ਹਾਂ ਦਾ ਸਵਾਗਤ ਕਰਾਂਗਾ।
ਸਾਬਕਾ ਰਾਸ਼ਟਰਪਤੀ ਜਨਰਲ ਮੁਸ਼ਰੱਫ਼ ਨੇ ਪਿੱਛਲੇ ਮਹੀਨੇ ਹੀ ਇੱਕ ਵੱਡੇ ਗਠਬੰਧਨ ਦਾ ਐਲਾਨ ਕੀਤਾ ਸੀ ਜਿਸ ਵਿੱਚ ਸੁੰਨੀ ਤਹਿਰੀਕ, ਮਜਲਿਸ-ਏ-ਵਹਾਤੁਦੁਲ ਮੁਸਲਮੀਨ,ਪਾਕਿਸਤਾਨ ਆਵਾਮੀ ਤਹਿਰੀਕ ਅਤੇ ਮੁਸ਼ਰੱਫ਼ ਦੀ ਆਪਣੀ ਆਲ ਪਾਕਿਸਤਾਨ ਮੁਸਲਿਮ ਲੀਗ ਸਮੇਤ ਕਰੀਬ ਦੋ ਦਰਜ਼ਨ ਪਾਰਟੀਆਂ ਸ਼ਾਮਿਲ ਹਨ। ਭਾਂਵੇ ਕੁਝ ਦਿਨਾਂ ਬਾਅਦ ਹੀ ਕੁਝ ਦਲਾਂ ਨੇ ਆਪਣੇ ਆਪ ਨੂੰ ਇਸ ਤੋਂ ਵੱਖ ਕਰ ਲਿਆ ਸੀ। ਭਾਰਤ ਵੱਲੋਂ ਹਾਫਿਜ਼ ਸਈਅਦ ਨੂੰ ਮੁੰਬਈ ਹਮਲਿਆਂ ਦਾ ਮਾਸਟਰ ਮਾਂਈਡ ਗਰਦਾਨਿਆ ਗਿਆ ਹੈ। ਜਨਰਲ ਮੁਸ਼ਰੱਫ਼ ਇਸ ਤੋਂ ਪਹਿਲਾਂ ਵੀ ਹਾਫਿ਼ਜ਼ ਸਈਅਦ ਦਾ ਪੱਖ ਲੈ ਚੁੱਕੇ ਹਨ।
ਹਾਫਿਜ਼ ਨੇ ਹਾਲ ਹੀ ਵਿੱਚ ਇਹ ਐਲਾਨ ਕੀਤਾ ਹੈ ਕਿ ਉਹ ਪਾਕਿਸਤਾਨ ਵਿੱਚ 2018 ਵਿੱਚ ਹੋਣ ਵਾਲੀਆਂ ਆਮ ਚੋਣਾਂ ਲੜੇਗਾ। ਸਈਅਦ ਨੇ ਇਹ ਐਲਾਨ ਆਪਣੀ ਨਜ਼ਰਬੰਦੀ ਤੋਂ ਮਿਲੀ ਰਿਹਾਈ ਦੇ ਕੁਝ ਦਿਨਾਂ ਬਾਅਦ ਹੀ ਕੀਤਾ ਹੈ। ਅਮਰੀਕਾ ਨੇ ਵੀ ਉਸ ਨੂੰ ਅੱਤਵਾਦੀ ਘੋਸਿ਼ਤ ਕੀਤਾ ਹੋਇਆ ਹੈ।