ਅੰਮ੍ਰਿਤਸਰ – ਮਾਨਵਤਾ ਲਈ ਧਾਰਮਿਕ ਸ਼ਰਧਾ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਅੱਜ ਲੰਡਨ ਦੇ ਮੇਅਰ ਸ੍ਰੀ ਸਾਦਿਕ ਖਾਨ ਨੇ ਨਤਮਸਤਕ ਹੋ ਕੇ ਸ਼ਰਧਾ ਭਾਵ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਦੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਸਮੇਂ ਸ਼੍ਰੋਮਣੀ ਕਮੇਟੀ ਦੇ ਅੰਤ੍ਰਿੰਗ ਮੈਂਬਰ ਐਡਵੋਕੇਟ ਸ. ਭਗਵੰਤ ਸਿੰਘ ਸਿਆਲਕਾ ਤੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਉਨ੍ਹਾਂ ਨੂੰ ਜੀ-ਆਇਆਂ ਆਖਿਆ। ਉਨ੍ਹਾਂ ਨੇ ਸ੍ਰੀ ਗੁਰੂ ਰਾਮਦਾਸ ਜੀ ਲੰਗਰ ਵਿਖੇ ਪ੍ਰਸ਼ਾਦਾ ਛਕਿਆ ਅਤੇ ਕੁਝ ਸਮਾਂ ਬਰਤਨ ਸਾਫ਼ ਕਰਨ ਦੀ ਸੇਵਾ ਵੀ ਕੀਤੀ। ਇਸ ਦੌਰਾਨ ਉਹ ਤਿਆਰ ਹੁੰਦਾ ਲੰਗਰ ਵੀ ਦੇਖਣ ਗਏ। ਪਰਕਰਮਾਂ ਕਰਦਿਆਂ ਮੁੱਖ ਸਕੱਤਰ ਡਾ. ਰੂਪ ਸਿੰਘ ਤੇ ਸੂਚਨਾ ਅਧਿਕਾਰੀ ਸ. ਜਸਵਿੰਦਰ ਸਿੰਘ ਜੱਸੀ ਨੇ ਮੇਅਰ ਸ੍ਰੀ ਸਾਦਿਕ ਖਾਨ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਇਥੇ ਸਥਿਤ ਹੋਰ ਅਸਥਾਨਾਂ ਦੇ ਇਤਿਹਾਸ ਬਾਰੇ ਜਾਣਕਾਰੀ ਦਿੱਤੀ। ਡਾ. ਰੂਪ ਸਿੰਘ ਨੇ ਉਨ੍ਹਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨਜ਼ਦੀਕ ਡਿਓਢੀ ‘ਤੇ ਜੂਨ ੧੯੮੪ ਦੌਰਾਨ ਫ਼ੌਜੀ ਹਮਲੇ ਸਮੇਂ ਲੱਗੀਆਂ ਗੋਲੀਆਂ ਦੇ ਨਿਸ਼ਾਨ ਦਿਖਾਏ ਅਤੇ ਇਸ ਦੁਖਾਂਤ ਦੇ ਸੱਚ ਬਾਰੇ ਦੱਸਿਆ।
ਇਸ ਮੌਕੇ ਆਪਣੇ ਅਨੁਭਵ ਸਾਂਝੇ ਕਰਦਿਆਂ ਸ੍ਰੀ ਸਾਦਿਕ ਖਾਨ ਨੇ ਕਿਹਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੁਨੀਆਂ ਦਾ ਮਹਾਨ ਧਾਰਮਿਕ ਅਸਥਾਨ ਹੈ ਅਤੇ ਇਥੇ ਹਰ ਧਰਮ ਦੇ ਲੋਕ ਸ਼ਰਧਾ ਨਾਲ ਪੁੱਜਦੇ ਹਨ। ਉਨ੍ਹਾਂ ਕਿਹਾ ਕਿ ਇਸ ਅਸਥਾਨ ਦੇ ਦਰਸ਼ਨ ਕਰਕੇ ਉਨ੍ਹਾਂ ਨੂੰ ਮਾਨਸਿਕ ਸਕੂਨ ਪ੍ਰਾਪਤ ਹੋਇਆ ਹੈ। ਉਨ੍ਹਾਂ ਇੰਗਲੈਂਡ ਦੀ ਤਰੱਕੀ ਵਿਚ ਸਿੱਖਾਂ ਦੇ ਯੋਗਦਾਨ ਦੀ ਸਰਾਹਨਾ ਵੀ ਕੀਤੀ।
ਇਸ ਦੌਰਾਨ ਸ੍ਰੀ ਦਰਬਾਰ ਸਾਹਿਬ ਦੇ ਸੂਚਨਾ ਕੇਂਦਰ ਵਿਖੇ ਸ੍ਰੀ ਸਾਦਿਕ ਖਾਨ ਨੂੰ ਐਡਵੋਕੇਟ ਸ. ਭਗਵੰਤ ਸਿੰਘ ਸਿਆਲਕਾ, ਮੁੱਖ ਸਕੱਤਰ ਡਾ. ਰੂਪ ਸਿੰਘ, ਨਿੱਜੀ ਸਹਾਇਕ ਸ. ਜਗਜੀਤ ਸਿੰਘ ਜੱਗੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸ. ਸੁਲੱਖਣ ਸਿੰਘ ਭੰਗਾਲੀ ਨੇ ਲੋਈ, ਸਿਰੋਪਾਓ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਸੁਨਹਿਰੀ ਮਾਡਲ ਦੇ ਕੇ ਸਨਮਾਨਿਤ ਕੀਤਾ।
ਇਸ ਮੌਕੇ ਅੰਤ੍ਰਿੰਗ ਮੈਂਬਰ ਐਡਵੋਕੇਟ ਸ. ਭਗਵੰਤ ਸਿੰਘ ਸਿਆਲਕਾ, ਮੁੱਖ ਸਕੱਤਰ ਡਾ. ਰੂਪ ਸਿੰਘ ਦੇ ਨਾਲ ਸ਼੍ਰੋਮਣੀ ਕਮੇਟੀ ਪ੍ਰਧਾਨ ਦੇ ਨਿੱਜੀ ਸਹਾਇਕ ਸ. ਜਗਜੀਤ ਸਿੰਘ, ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸ. ਸੁਲੱਖਣ ਸਿੰਘ ਭੰਗਾਲੀ, ਸੂਚਨਾ ਅਧਿਕਾਰੀ ਸ. ਜਸਵਿੰਦਰ ਸਿੰਘ ਜੱਸੀ, ਸ. ਹਰਪ੍ਰੀਤ ਸਿੰਘ, ਸ. ਅੰਮ੍ਰਿਤਪਾਲ ਸਿੰਘ, ਸ. ਸੁਖਬੀਰ ਸਿੰਘ ਐਡੀਸ਼ਨਲ ਮੈਨੇਜਰ ਆਦਿ ਹਾਜ਼ਰ ਸਨ।