ਦਸੂਹਾ – ਪੰਜਾਬੀ ਸਾਹਿਤ ਸਭਾ ਹੁਸ਼ਿਆਰਪੁਰ ਦੀ ਇੱਕ ਵਿਸ਼ੇਸ਼ ਮੀਟਿੰਗ ਡਾ ਕਰਮਜੀਤ ਸਿੰਘ ਅਤੇ ਪ੍ਰਿੰਸੀਪਲ ਡਾ ਪਰਮਜੀਤ ਸਿੰਘ ਦੀ ਪ੍ਰਧਾਨਗੀ ਹੇਠ ਹੋਈ । ਜਿਸ ਵਿੱਚ ਪ੍ਰੋ. ਬਲਦੇਵ ਸਿੰਘ ਬੱਲੀ ੳਚੇਚੇ ਤੌਰ ਤੇ ਸ਼ਾਮਿਲ ਹੋਏ । ਮੀਟਿੰਗ ਵਿੱਚ ਕਹਾਣੀਕਾਰ ਲਾਲ ਸਿੰਘ ਦਾ ਸੱਤਵਾਂ ਕਹਾਣੀ ਸੰਗ੍ਰਹਿ ‘ਸੰਸਾਰ ’ ਦਾ ਲੋਕ ਅਰਪਣ ਕੀਤਾ ਗਿਆ । ਕਹਾਣੀਕਾਰ ਦੀ ਕਹਾਣੀ ਬਾਰੇ ਗੱਲ ਕਰਦਿਆਂ ਡਾ. ਕਰਮਜੀਤ ਸਿੰਘ ਨੇ ਕਿਹਾ ਕਿ ਲਾਲ ਸਿੰਘ ਆਪਦੀ ਕਹਾਣੀ ਵਿੱਚ ਮਾਨਵਵਾਦੀ ਚੇਤਨਾ ਨੂੰ ਦੁਆਬੀ ਭਾਸ਼ਾ ਵਿੱਚ ਗੁੰਨ ਕੇ ਪੇਸ਼ ਕਰਨ ਵਾਲਾ , ਜੁਗਾੜਬੰਦੀ ਤੋਂ ਕੋਹਾਂ ਦੂਰੀ ਤੇ ਰਹਿਣ ਵਾਲਾ ਕਹਾਣੀਕਾਰ ਹੈ । ਉਹਨਾਂ ਕਿਹਾ ਕਿ ਕਹਾਣੀਕਾਰ ਅਤੇ ਚਿੰਤਕ ਮਾਸਟਰ ਲਾਲ ਸਿੰਘ ਮਾਰਕਸਵਾਦੀ ਵਿਚਾਰਧਾਰਾ ਨਾਲ ਜੁੜਿਆ ਹੋਣ ਕਰਕੇ ਬੁਨਿਆਦੀ ਤੌਰ ਉਤੇ ਵਿਚਾਰਧਾਰਕ ਪ੍ਰਤੀਬੱਧਤਾ ਵਾਲਾ ਕਥਾਕਾਰ ਹੈ ।ਡਾ. ਪਰਮਜੀਤ ਸਿੰਘ ਨੇ ਉਸਨੂੰ ਮਾਰਕਸਵਾਦੀ ਵਿਚਾਰਧਾਰਾ ਨਾਲ ਜੁੜਿਆ ਤੇ ਬੁਨਿਆਦੀ ਤੌਰ ਤੇ ਵਿਚਾਰਧਾਰਾ ਪ੍ਰਤੀਬੱਧਤਾ ਵਾਲਾ ਕਥਾਕਾਰ ਕਿਹਾ । ਜਿਹੜਾ ਕਹਾਣੀ ਦੀ ਵਿਧਾ ਨੂੰ ਗਣਿਤ ਸ਼ਾਸ਼ਤਰੀ ਵਾਂਗ ਸਮਝਣ ਦਾ ਨਿਵੇਕਲਾ ਸੁਹਜ ਸ਼ਾਸ਼ਤਰ ਘੜਦਾ ਹੈ । ਉਸ ਨੇ ਕਹਾਣੀ ਲਿਖਣ ਲਈ ਅਤੇ ਇਸਦੇ ਸੁਹਜ ਤੇ ਪ੍ਰਭਾਵ ਨੂੰ ਤਿਮੇਰਾ ਕਰਨ ਲਈ ਸਮਾਜੀ ਸ਼ਬਦਾਂ ਦੀ ਭਰਪੂਰ ਵਰਤੋਂ ਕੀਤੀ ਹੈ । ਉਸ ਦੀ ਕਹਾਣੀ ਦੀ ਬਣਤਰ ਨੂੰ ਸਮਝਣਾ ਉਨ੍ਹਾਂ ਸਥਿਤੀਆਂ ਨੂੰ ਵੀ ਸਮਝਣਾ ਹੈ , ਜਿਨ੍ਹਾਂ ਕਾਰਨ ਇਹ ਪੈਦਾ ਹੋਈ ਹੈ । ਪ੍ਰੋ ਬਲਦੇਵ ਸਿੰਘ ਬੱਲੀ ਅਤੇ ਮਦਨ ਵੀਰਾ ਨੇ ਲਾਲ ਸਿੰਘ ਨੂੰ ਪੰਜਾਬ ਨੂੰ ਪੰਜਾਬ ਦੇ ਸੱਭਿਆਚਾਰਕ ਵਰਤਾਰੇ ਵਿੱਚੋਂ ਆਮ ਲੋਕਾਂ ਦੇ ਆਰਥਿਕ , ਰਾਜਨੀਤਕ , ਸਮਾਜਿਕ , ਵਿੱਦਿਅਕ , ਸਾਹਿਤਕ ,ਮਨੋਵਿਗਆਨਕ ਸਮੱਸਿਆ ਗ੍ਰਸਤ ਪਹਿਲੂਆਂ ਨੂੰ ਦਰਸਾਉਣ ਵਾਲਾ ਅਤੇ ਇਨ੍ਹਾਂ ਨਾਲ ਸਬੰਧਤ ਢਾਚਿਆਂ ਉੱਤੇ ਵਿਅੰਗਆਤਮਕ ਸੱਟ ਮਾਰਨ ਵਾਲਾ ਕਹਾਣੀਕਾਰ ਕਿਹਾ । ਡਾ. ਮਨਮੋਹਨ ਸਿੰਘ ਤੀਰ ਨੇ ਲਾਲ ਸਿੰਘ ਦੀ ਕਹਾਣੀ ਨੂੰ ਸਮਕਾਲੀ ਪੰਜਾਬੀ ਕਹਾਣੀ ਦੀ ਨਿਵੇਕਲੀ ਪਛਾਣ ਕਿਹਾ । ਸਮਾਗਮ ਦੌਰਾਨ ਸਟੇਜ ਦੀ ਕਾਰਵਾਈ ਡਾ.ਜਸਵੰਤ ਰਾਏ ਨੇ ਨਿਭਾਈ । ਇਸ ਮੌਕੇ ਸ਼ਾਇਰ ਜਸਬੀਰ ਸਿੰਘ ਧੀਮਾਨ, ਤ੍ਰਿਪਤਾ ਕੇ ਸਿੰਘ , ਪ੍ਰਿੰ ਸਤਵੰਤ ਕਲੋਟੀ , ਸਤੀਸ਼ ਕੁਮਾਰ, ਅਮਰਜੀਤ ਸਿੰਘ , ਆਯੂਸ਼ ਸ਼ਰਮਾ , ਸੰਦੀਪ ਕੁਮਾਰ , ਗੁਰਪ੍ਰੀਤ ਕੌਰ, ਸੁਰਿੰਦਰ ਕੰਗਵੀ ,ਲਖਵਿੰਦਰ ਰਾਮ, ਡਾ. ਪਰਮਜੀਤ ਕੌਰ ,ਡਾ. ਲਖਵਿੰਦਰ ਰਾਮ, ਡਾ. ਰਵਿੰਦਰ ਕੌਰ, ਡਾ. ਧਰਮਪਾਲ ਸਾਹਿਲ, ਪ੍ਰੀਤ ਨੀਤ ਪੁਰ, ਕਰਨੈਲ ਸਿੰਘ ਨੇਮਨਾਮਾ, ਸੁਰਿੰਦਰ ਸਿੰਘ ਨੇਕੀ , ਡਾ. ਭੁਪਿੰਦਰ ਕੌਰ, ਹਰਵਿੰਦਰ ਸਾਹਬੀ , ਸੋਮਦੱਤ ਦਿਲਗੀਰ , ਗੌਰਵ ਕਾਲੀਆ ਅਤੇ ਸਾਹਿਤ ਪ੍ਰੇਮੀ ਹਾਜ਼ਿਰ ਸਨ ।