ਮਾਂ ਇੱਕ ਅਜਿਹਾ ਸ਼ਬਦ ਹੈ ਜਿਸ ਦੀ ਵਿਆਖਿਆ ਅੱਜ ਤੱਕ ਲੱਖਾਂ ਹੀ ਵਿਦਵਾਨਾਂ ਨੇ ਵੱਖ- ਵੱਖ ਭਾਸ਼ਾਵਾਂ ਵਿੱਚ ਕਰੋੜਾਂ ਵਾਰ ਕੀਤੀ ਹੈ ਅਤੇ ਸਭ ਨੇ ਇੱਕ ਗੱਲ ਤੇ ਆਪਣੀ ਸਹਿਮਤੀ ਪ੍ਰਗਟਾਈ ਹੈ ਕਿ ਮਾਂ ਦੇ ਪੈਰਾਂ ਹੇਠ ਸਵਰਗ ਹੈ। ਇਸ ਸੰਸਾਰ ਵਿੱਚ ਮਾਂ ਤੋਂ ਉੱਚਾ ਦਰਜ਼ਾ ਕਿਸੇ ਦਾ ਨਹੀਂ ਹੈ। ਮਾਂ ਪੂਜਾ ਹੈ, ਮਾਂ ਇਬਾਦਤ ਹੈ ਅਤੇ ਮਾਂ ਦਾ ਪਿਆਰ ਅਮੁੱਲ ਹੈ।
ਪੰਜਾਬੀ ਸਾਹਿਤ ਦੀ ਗੱਲ ਕਰਦਿਆਂ ਇਹ ਦ੍ਰਿਸ਼ਟੀਗੋਚਰ ਹੁੰਦਾ ਹੈ ਕਿ ਗੁਰਮਤਿ ਕਾਵਿ ਦੇ ਆਦਿ ਕਵੀ ਜਗਤ ਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਮਾਂ/ਇਸਤਰੀ ਦੀ ਤਾਰੀਫ਼ ਕਰਦਿਆਂ ਗੁਰਬਾਣੀ ਵਿੱਚ ਕਿਹਾ ਹੈ;
“ਸੋ ਕਿਉਂ ਮੰਦਾ ਆਖੀਐ ਜਿਤੁ ਜੰਮੈ ਰਾਜਾਨੁ।।” (ਗੁਰੂ ਗ੍ਰੰਥ ਸਾਹਿਬ)
ਗੁਰੂ ਸਾਹਿਬ ਗੁਰਬਾਣੀ ਵਿੱਚ ਆਖਦੇ ਹਨ ਕਿ ਉਸ ਇਸਤਰੀ/ਮਾਂ ਨੂੰ ਮਾੜਾ ਕਿਵੇਂ ਕਿਹਾ ਜਾ ਸਕਦਾ ਹੈ?, ਜਿਸ ਨੇ ਰਾਜਿਆਂ ਨੂੰ ਜਨਮ ਦਿੱਤਾ ਹੈ। ਮਾਂ ਦੀ ਕੁੱਖ ਤੋਂ ਜਨਮ ਲੈ ਕੇ, ਰਾਜੇ, ਪੀਰ- ਫ਼ਕੀਰ, ਸੰਤ, ਭਗਤ, ਗੁਰੂ ਅਤੇ ਦੇਵਤਾ ਵੀ ਆਪਣੇ- ਆਪ ਨੂੰ ਵੱਡੇ ਭਾਗਾਂ ਵਾਲਾ ਸਮਝਦੇ ਹਨ, ਫਿਰ ਉਸ ਔਰਤ ਨੂੰ ਮੰਦਾ ਕਿਵੇਂ ਕਿਹਾ ਜਾ ਸਕਦਾ ਹੈ?
ਮਾਂ ਆਪਣੇ ਬੱਚੇ ਲਈ ਜਿੱਥੇ ਪਿਆਰ ਦਾ ਸੋਮਾ ਹੈ ਉੱਥੇ ਉਹ ਆਪਣੇ ਬੱਚੇ ਦੇ ਜੀਵਨ ਵਿੱਚ ਅਜਿਹੀ ਪੈੜ ਉਸਾਰਨ ਦੇ ਸਮਰੱਥ ਵੀ ਹੈ ਜਿਹੜੀ ਤਮਾਮ ਉਮਰ ਬੱਚੇ ਦਾ ਮਾਰਗ- ਦਰਸ਼ਨ ਕਰਦੀ ਰਹਿੰਦੀ ਹੈ। ਬੱਚਾ ਸਭ ਤੋਂ ਜਿਆਦਾ ਪ੍ਰਭਾਵ ਆਪਣੀ ਮਾਂ ਦਾ ਹੀ ਕਬੂਲਦਾ ਹੈ, ਜਿਸ ਵੇਲੇ ਬੱਚੇ ਦਾ ਜਨਮ ਹੁੰਦਾ ਹੈ ਤਾਂ ਉਹ ਰੋਂਦਾ ਹੈ ਪਰ ਮਾਂ ਜਦੋਂ ਆਪਣਾ ਹੱਥ ਨਵਜੰਮੇ ਬੱਚੇ ਉੱਪਰ ਰੱਖਦੀ ਹੈ ਤਾਂ ਉਹ ਚੁੱਪ ਹੋ ਜਾਂਦਾ ਹੈ। ਕੀ ਬੱਚੇ ਨੂੰ ਆਪਣੀ ਮਾਂ ਦੀ ਪਛਾਣ ਹੈ? ਇਸ ਦਾ ਜੁਆਬ ਹਾਂ ਵਿੱਚ ਹੈ ਕਿਉਂਕਿ ਬੱਚਾ ਭਾਵੇਂ ਇੱਕ ਮਿਨਟ ਪਹਿਲਾਂ ਹੀ ਪੈਦਾ ਕਿਉਂ ਨਾ ਹੋਇਆ ਹੋਵੇ, ਉਸਨੂੰ ਆਪਣੀ ਮਾਂ ਦੀ ਸਮਝ ਹੁੰਦੀ ਹੈ। ਬੱਚੇ ਨੂੰ ਆਪਣੀ ਮਾਂ ਦੀ ਛੁਹ ਦੀ ਪਛਾਣ ਹੁੰਦੀ ਹੈ।
ਭਾਰਤੀ ਇਤਿਹਾਸ ਵਿੱਚ ਅਜਿਹੀਆਂ ਕਈ ਮਿਸਾਲਾਂ ਹਨ ਜਿਨ੍ਹਾਂ ਵਿੱਚ ਮਾਂਵਾਂ ਨੇ ਆਪਣੇ ਪੁੱਤਰਾਂ ਦੇ ਜੀਵਨ ਵਿੱਚ ਇਨਕਲਾਬੀ ਪਰਿਵਰਤਨ ਲਿਆਂਦਾ ਹੈ। ਸੂਫ਼ੀ ਪਰੰਪਰਾ ਦੇ ਪ੍ਰਸਿੱਧ ਫ਼ਕੀਰ ਬਾਬਾ ਫ਼ਰੀਦ ਜੀ ਨੂੰ ਉਹਨਾਂ ਦੀ ਮਾਂ ਨੇ ਹੀ ਅੱਲ੍ਹਾ ਦੀ ਇਬਾਦਤ ਵਾਲੇ ਪਾਸੇ ਜੋੜਿਆ। ਬਾਬਾ ਫ਼ਰੀਦ ਜੀ ਦੀ ਮਾਤਾ ਜੇਕਰ ਉਹਨਾਂ ਦੇ ਸੁਮੱਲੇ ਹੇਠਾਂ ਸ਼ੱਕਰ ਨਾ ਰੱਖਦੀ ਤਾਂ ਸ਼ਾਇਦ ਬਾਬਾ ਫ਼ਰੀਦ ਸੂਫ਼ੀ ਪਰੰਪਰਾ ਵਿੱਚ ਇੰਨੇ ਜਿਆਦਾ ਮਕਬੂਲ ਨਾ ਹੁੰਦੇ। ਮਹਾਂਰਾਸ਼ਟਰ ਦੇ ਸਿ਼ਵਾਜੀ ਮਰਾਠਾ ਦੀ ਮਾਤਾ ਜੀ, ਜੀਜਾ ਬਾਈ ਨੇ ਹੀ ਸਿ਼ਵਾ ਜੀ ਨੂੰ ਬਹਾਦਰ ਅਤੇ ਜ਼ੋਰਾਵਰ ਬਣਾਇਆ। ਭਗਵਾਨ ਸ਼੍ਰੀ ਕ੍ਰਿਸ਼ਨ ਆਪਣੀ ਮਾਤਾ ਯਸ਼ੋਦਾ ਜੀ ਦਾ ਪ੍ਰਭਾਵ ਸਭ ਤੋਂ ਜਿਆਦਾ ਕਬੂਲਦੇ ਸਨ। ਗੁਰੂ ਗੋਬਿੰਦ ਸਿੰਘ ਜੀ ਨੂੰ ਅਣਖ਼, ਗ਼ੈਰਤ, ਬਹਾਦਰੀ ਅਤੇ ਸਹਿਣਸ਼ੀਲਤਾ ਦਾ ਪਾਠ ਪੜ੍ਹਾਉਣ ਵਾਲੀ ਉਹਨਾਂ ਦੀ ਮਾਤਾ ਜੀ, ਗੁਜਰੀ ਜੀ ਸਨ।
ਕੋਈ ਪੁੱਤਰ ਜਿਸ ਵੇਲੇ ਆਪਣੇ ਫ਼ਰਜ਼ ਤੋਂ ਮੁੱਖ ਮੋੜ ਕੇ ਵਾਪਸ ਘਰ ਆ ਜਾਂਦਾ ਹੈ ਤਾਂ ਉਸ ਨੂੰ ਵੰਗਾਰ ਪਾਉਣ ਵਾਲੀ ਸਿਰਫ਼ ਉਸਦੀ ਮਾਂ ਹੀ ਹੁੰਦੀ ਹੈ। ਮਾਂ ਆਪਣੇ ਪੁੱਤਰ ਨੂੰ ਸੱਚ ਦੇ ਮਾਰਗ ਤੇ ਚੱਲਣ ਲਈ ਪ੍ਰੇਰਿਤ ਕਰਦੀ ਹੈ। ਮਾਂ ਦੀ ਹੱਲਾਸ਼ੇਰੀ, ਪੁੱਤ ਲਈ ਸਭ ਤੋਂ ਉਰਜਾਵਾਨ ਹੁੰਦੀ ਹੈ। ਮਾਂ ਦੀ ਹੱਲਾਸ਼ੇਰੀ ਨਾਲ ਪੁੱਤ ਦਾ ਉਤਸ਼ਾਹ ਅਤੇ ਦਲੇਰੀ ਦੁਗਣੀ ਹੋ ਜਾਂਦੀ ਹੈ।
“ਮਾਂ ਦੀ ਹੱਲਾਸ਼ੇਰੀ, ਸ਼ੇਰ ਬਣਾ ਦੇਂਦੀ।” (ਗੁਰਦਾਸ ਮਾਨ)
ਪੰਜਾਬੀ ਲੋਕਗੀਤਾਂ ਵਿੱਚ ਵੀ ਮਾਂ- ਪੁੱਤ ਬਾਰੇ ਵਾਰ- ਵਾਰ ਜਿ਼ਕਰ ਆਇਆ ਹੈ। ਮਾਂ ਦਾ ਆਪਣੇ ਪੁੱਤ ਨਾਲ ਅੰਤਾਂ ਦਾ ਮੋਹ ਹੈ। ਪਰਦੇਸਾਂ ਵਿੱਚ ਕਮਾਈ ਕਰਨ ਗਏ ਪੁੱਤ ਨੂੰ ਸਭ ਤੋਂ ਜਿਆਦਾ ਚੇਤੇ ਆਪਣੀ ਮਾਂ ਹੀ ਆਉਂਦੀ ਹੈ। ਮਾਂ ਦੇ ਹੱਥਾਂ ਦੀ ਰੋਟੀ, ਪਿਆਰ, ਲਾਡ, ਦੁਲਾਰ ਅਤੇ ਲੋਰੀਆਂ ਦੀ ਕੀਮਤ ਵਤਨੋਂ ਦੂਰ ਗਏ ਪੁੱਤ ਨੂੰ ਹੀ ਪਤਾ ਲੱਗਦੀ ਹੈ;
“ਤੇਰੀ ਯਾਦ ਅੰਮੀਏ ਨੀਂ ਬੜੀ ਆਵੇ, ਵਿੱਚ ਪਰਦੇਸਾਂ ਦੇ।” (ਗੁਰਬਖਸ਼)
ਇਸ ਤਰ੍ਹਾਂ ਪਰਦੇਸਾਂ ਵਿੱਚ ਵੰਨ- ਸੁਵੰਨੇ ਖਾਣੇ ਖਾ ਕੇ ਵੀ ਪੁੱਤ ਨੂੰ ਆਪਣੀ ਮਾਂ ਦੇ ਹੱਥਾਂ ਦੀ ਰੋਟੀ ਦਾ ਸੁਆਦ ਹੀ ਚੇਤੇ ਆਉਂਦਾ ਹੈ ਕਿਉਂਕਿ ਮਾਂ ਆਪਣੇ ਪੁੱਤ ਲਈ ਪਿਆਰ ਨਾਲ ਰੋਟੀ ਬਣਾਉਂਦੀ ਹੈ। ਉਸਦੇ ਰੋਟੀ ਬਣਾਉਣ ਵਿੱਚ ਕੰਮ ਕਰਨ ਦੀ ਪ੍ਰੇਸ਼ਾਨੀ ਨਹੀਂ ਝਲਕਦੀ ਬਲਕਿ ਮੋਹ ਝਲਕਦਾ ਹੈ। ਇਸ ਲਈ ਪੁੱਤ ਨੂੰ ਆਪਣੀ ਮਾਂ ਦੇ ਹੱਥਾਂ ਦੀ ਰੋਟੀ ਕਦੇ ਨਹੀਂ ਭੁੱਲਦੀ।
“ਮੇਰਾ ਮਾਂ ਦੇ ਹੱਥਾਂ ਦੀਆਂ ਪੱਕੀਆਂ ਰੋਟੀਆਂ
ਖਾਣ ਨੂੰ ਬੜਾ ਚਿੱਤ ਕਰਦੈ।”(ਮਲਕੀਤ ਸਿੰਘ)
ਮਾਂ- ਪੁੱਤ ਦਾ ਪਿਆਰ ਜਿੱਥੇ ਪੰਜਾਬੀ ਸਾਹਿਤ ਵਿੱਚ ਬਿਆਨ ਕੀਤਾ ਗਿਆ ਹੈ, ਉੱਥੇ ਮਾਂ- ਧੀ ਦਾ ਰਿਸ਼ਤਾ ਵੀ ਬਹੁਤ ਵਡਿਆਇਆ ਗਿਆ ਹੈ। ਮਾਂ- ਧੀ ਦੇ ਰਿਸ਼ਤੇ ਨੂੰ ਸਹੇਲੀਆਂ ਦੇ ਰੂਪ ਵਿੱਚ ਬਿਆਨ ਕੀਤਾ ਗਿਆ ਹੈ। ਧੀ ਆਪਣੇ ਮਨ ਦੀ ਹਰ ਗੱਲ ਆਪਣੀ ਮਾਂ ਨੂੰ ਦੱਸਦੀ ਹੈ। ਸਹੁਰਿਆਂ ਦੇ ਘਰ ਵਿੱਚ ਕਿਸੇ ਦੁੱਖ ਬਾਰੇ ਸਾਂਝ ਕੇਵਲ ਮਾਂ ਨਾਲ ਹੀ ਪਾਈ ਜਾ ਸਕਦੀ ਹੈ। ਬਾਬੁਲ ਜਦੋਂ ਜਵਾਨ ਹੋਈ ਧੀ ਨੂੰ ਵਿਆਹ ਕੇ ਸਹੁਰੇ ਘਰ ਭੇਜਦਾ ਹੈ ਤਾਂ ਧੀ ਆਪਣੀ ਮਾਂ ਨੂੰ ਕਹਿੰਦੀ ਹੈ;
“ਐ ਲੈ ਮਾਏਂ ਸਾਂਭ ਕੁੰਜੀਆਂ
ਧੀਆਂ ਕਰ ਚੱਲੀਆਂ ਸਰਦਾਰੀ।” (ਲੋਕਗੀਤ)
ਸਾਹਿਤ ਤੋਂ ਇਲਾਵਾ ਜੇਕਰ ਵਿਗਿਆਨ ਦੀ ਗੱਲ ਕੀਤੀ ਜਾਵੇ ਤਾਂ ਮਨੋਵਿਗਿਆਨੀਆਂ ਦਾ ਕਥਨ ਹੈ ਕਿ ਮਨੁੱਖੀ ਮਨ ਦਾ 20 ਫੀਸਦੀ ਹਿੱਸਾ ਹੀ ਕ੍ਰਿਆਸ਼ੀਲ/ਸੁਚੇਤ ਅਵਸਥਾ ਵਿੱਚ ਰਹਿੰਦਾ ਹੈ ਅਤੇ ਬਾਕੀ 80 ਫੀਸਦੀ ਹਿੱਸਾ ਅਚੇਤ ਅਵਸਥਾ ਵਿੱਚ ਰਹਿੰਦਾ ਹੈ। ਮਨੁੱਖੀ ਮਨ ਦੇ ਇਸ 80 ਫੀਸਦੀ ਹਿੱਸੇ ਵਿੱਚ ਪੂਰੀ ਜਿੰ਼ਦਗੀ ਦੀਆਂ ਯਾਦਾਂ ਧੁੰਦਲੀਆਂ ਹੋਈਆਂ ਪਈਆਂ ਰਹਿੰਦੀਆਂ ਹਨ। ਮਾਂ ਇੱਕ ਅਜਿਹੀ ਸ਼ਕਲ/ਮੂਰਤ ਹੈ ਜੋ ਅਚੇਤ ਮਨ ਵਿੱਚ ਰਹਿੰਦਿਆਂ ਵੀ ਸੁਚੇਤ ਮਨ ਦੇ ਵਾਂਗ ਕੰਮ ਕਰਦੀ ਹੈ, ਭਾਵ ਕੋਈ ਇਨਸਾਨ ਆਪਣੀ ਮਾਂ ਤੋਂ ਭਾਵੇਂ ਕਿੰਨੇ ਸਾਲ ਦੂਰ ਕਿਉਂ ਨਾ ਰਿਹਾ ਹੋਵੇ, ਉਹ ਆਪਣੀ ਮਾਂ ਦੀ ਸ਼ਕਲ ਨਹੀਂ ਭੁੱਲ ਸਕਦਾ।
ਮਨੁੱਖ ਦੇ ਅਚੇਤ ਮਨ ਵਿੱਚ ਹੋਣ ਕਾਰਨ ‘ਮਾਂ’ ਸ਼ਬਦ ਕਈ ਵਾਰ ਨਾ ਚਾਹੁੰਦੇ ਹੋਏ ਵੀ ਮੂੰਹੋਂ ਨਿਕਲ ਜਾਂਦਾ ਹੈ। ਕਿਸੇ ਮਨੁੱਖ ਨੂੰ ਜਦੋਂ ਕੋਈ ਸੱਟ ਲੱਗਦੀ ਹੈ, ਬਹੁਤ ਵੱਡੀ ਖੁਸ਼ੀ ਦੀ ਖ਼ਬਰ ਮਿਲਦੀ ਹੈ ਤਾਂ ਮਾਂ ਸ਼ਬਦ ਅਚਾਨਕ ਹੀ ਮੂੰਹੋਂ ਨਿਕਲ ਪੈਂਦਾ ਹੈ। ਇਹ ਮਾਂ ਦੇ ਦੁੱਧ ਦੀ ਸ਼ਕਤੀ ਹੀ ਹੈ ਕਿ ਜਨਮ ਤੋਂ ਮੌਤ ਤੱਕ ਹਰ ਮਨੁੱਖ ਆਪਣੀ ਮਾਂ ਨੂੰ ਯਾਦ ਰੱਖਦਾ ਹੈ।
ਮਾਂ ਆਪਣੇ ਪੁੱਤਰ/ਧੀ ਨੂੰ ਗਰਭ ਵਿੱਚ ਆਉਣ ਤੋਂ ਲੈ ਕੇ ਅੰਤਿਮ ਸੁਵਾਸ ਤੱਕ ਪਿਆਰ ਕਰਦੀ ਹੈ ਅਤੇ ਲਾਡ ਕਰਦੀ ਹੈ। ਮਾਂ ਦੀਆਂ ਨਜ਼ਰਾਂ ਵਿੱਚ ਉਸਦਾ ਪੁੱਤ ਪੂਰੇ ਸੰਸਾਰ ਨਾਲੋਂ ਸੋਹਣਾ ਅਤੇ ਪਿਆਰਾ ਹੁੰਦਾ ਹੈ। ਮਾਂ ਆਪਣੇ ਪੁੱਤ ਕੋਲੋਂ ਹੋਈ ਕਿਸੇ ਭੁੱਲ ਤੇ ਪਰਦਾ ਪਾਉਂਦੀ ਹੈ ਅਤੇ ਗੁੱਸੇ ਹੋਏ ਪਿਤਾ ਨੂੰ ਸਮਝਾਉਂਦੀ ਹੈ। ਪੁੱਤ ਨੂੰ ਪਿਓ ਦੀਆਂ ਝਿੜਕਾਂ ਤੋਂ ਬਚਾਉਂਦੀ ਹੈ। ਮਾਂ ਦੇ ਦਿਲ ਵਿੱਚ ਰੀਝ ਹੁੰਦੀ ਹੈ ਕਿ ਉਹ ਆਪਣੇ ਪੁੱਤ ਲਈ ਚੰਨ ਜਿਹੀ ਸੋਹਣੀ ਨੂੰਹ ਲੈ ਕੇ ਆਵੇ। ਮਾਂ ਆਪਣੇ ਘਰ ਦੇ ਵਿਹੜੇ ਵਿੱਚ ਪੋਤਰੇ- ਪੋਤਰੀਆਂ ਖੇਡਦੇ ਦੇਖਣਾ ਚਾਹੁੰਦੀ ਹੈ। ਮਾਂ ਆਪਣੇ ਪੁੱਤ ਦਾ ਜਿਸ ਦਿਨ ਵਿਆਹ ਕਰਦੀ ਹੈ ਤਾਂ ਉਹ ਦਿਨ ਉਸਦੇ ਲਈ ਸਭ ਤੋਂ ਵੱਧ ਖੁਸ਼ੀਆਂ ਵਾਲਾ ਦਿਨ ਹੁੰਦਾ ਹੈ।
ਇਸ ਤਰ੍ਹਾਂ ਮਾਂ ਦਾ ਪਿਆਰ, ਮੋਹ ਅਤੇ ਲੋਰੀਆਂ ਸੰਸਾਰਕ ਮੁੱਲ ਦੇ ਕੇ ਖਰੀਦੀਆਂ ਨਹੀਂ ਜਾ ਸਕਦੀਆਂ। ਪਰਮਾਤਮਾ ਕਰੇ ਸਾਰੇ ਸੰਸਾਰ ਦੇ ਪੁੱਤਾਂ/ਧੀਆਂ ਦੇ ਨਸੀਬਾਂ ਵਿੱਚ ਉਹਨਾਂ ਦੀਆਂ ਮਾਂਵਾਂ ਦਾ ਪਿਆਰ ਹੋਵੇ ਅਤੇ ਉਹ ਇਸ ਰੱਬੀ ਅਮਾਨਤ ਦਾ ਆਨੰਦ ਮਾਣ ਸਕਣ। ਇਹੀ ਅਰਦਾਸ ਹੈ ਮੇਰੀ। ਜੀਉਂਦੀਆਂ- ਵੱਸਦੀਆਂ ਰਹਿਣ ਸਭ ਦੀਆਂ ਕਰਮਾਂ ਵਾਲੀਆਂ ਮਾਂਵਾਂ।