ਪਰਦੇਸਾਂ ਵਿੱਚ ਆਉਣ ਲਈ, ਵਰਤੇ ਲੱਖ ਹਥਿਆਰ।
ਭੈਣ ਵਿਆਹੀ ਵੀਰ ਸੰਗ, ਰਿਸ਼ਤੇ ਤਾਰੋ ਤਾਰ।
ਮੁੱਕਣੀ ਨਾ ਏਥੇ ਕਦੇ, ਡਾਲਰ ਦੀ ਇਹ ਦੌੜ,
ਅੱਗਾ ਰਹਿਣ ਸੁਆਰਦੇ, ਪਿੱਛਾ ਹੋਇਆ ਚੌੜ।
ਵੱਡੇ ਵੱਡੇ ਘਰ ਅਤੇ, ਵੱਡੀ ਲੈ ਲਈ ਕਾਰ,
ਵੰਡੇ ਗਏ ਦਿਨ ਰਾਤ ਨੇ, ਦੋਹਾਂ ਦੇ ਵਿਚਕਾਰ।
ਏਧਰ ਓਧਰ ਮਹਿਲ ਤਾਂ, ਆਪਾਂ ਲਏ ਉਸਾਰ,
ਜੋੜਦਿਆਂ ਡਾਲਰ ਅਸੀਂ, ਹੀਰੇ ਲਏ ਵਿਸਾਰ।
ਵੱਟੇ ਸੱਟੇ ਸਾਕ ਨੇ, ਰੂਹਾਂ ਦਾ ਨਾ ਮੇਲ਼,
ਤੀਜੇ ਦਿਵਸ ਤਲਾਕ ਨੇ, ਸ਼ਾਦੀ ਸਮਝੀ ਖੇਲ।
ਦਾਦਾ ਦਾਦੀ ਕਰ ‘ਤੇ, ਘਰ ਦੇ ਵਿੱਚੋਂ ਬਾਹਰ,
ਬੱਚੇ ਬੇਬੀ ਸਿੱਟਰੀਂ, ਕੈਸਾ ਇਹ ਵਿਉਹਾਰ?
ਪੱਤੇ ਟਾਹਣਿਉਂ ਅੱਡਰੇ, ਸੁੰਨ-ਮਸੁੰਨੇ ਰੁੱਖ,
ਕੌਣ ਵੰਡਾਵੇ ਆਣਕੇ, ‘ਦੀਸ਼’ ਦਿਲਾਂ ਦੇ ਦੁੱਖ।