ਕਿਤਾਬਾਂ ’ਚ ਸਿੱਖ ਇਤਿਹਾਸ ਨੂੰ ਸ਼ਾਮਲ ਕਰਨਾ ਸਾਡੇ ’ਤੇ ਕੋਈ ਅਹਿਸਾਨ ਨਹੀਂ ਸਗੋਂ ਸਾਡਾ ਹੱਕ : ਜੀ.ਕੇ.
ਦਿੱਲੀ ਕਮੇਟੀ ਐਨ.ਸੀ.ਈ.ਆਰ.ਟੀ. ਤੋਂ ਬਾਅਦ ਹੁਣ ਸੂਬਿਆਂ ਦੇ ਸਿੱਖਿਆ ਬੋਰਡਾਂ ਨਾਲ ਸੰਪਰਕ ਕਰੇਗੀ: ਸਿਰਸਾ
ਨਵੀਂ ਦਿੱਲੀ – ਐਨ.ਸੀ.ਈ.ਆਰ.ਟੀ. ਦੇ ਸਕੱਤਰ ਮੇਜ਼ਰ ਹਰਸ਼ ਕੁਮਾਰ ਵੱਲੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਚਾਰ ਸਾਹਿਬਜ਼ਾਦਿਆਂ ਦੇ ਇਤਿਹਾਸ ਨੂੰ ਸਕੂਲੀ ਕਿਤਾਬਾਂ ਦਾ ਹਿੱਸਾ ਬਣਾਉਣ ਸਬੰਧੀ ਪੱਤਰ ਭੇਜਣ ਲਈ ਕਮੇਟੀ ਨੇ ਪਹਿਲੀ ਵਾਰ ਮੋਦੀ ਸਰਕਾਰ ਦੀ ਤਾਰੀਫ਼ ਕੀਤੀ ਹੈ। ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ., ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਅਤੇ ਸਾਬਕਾ ਪ੍ਰਧਾਨ ਅਵਤਾਰ ਸਿੰਘ ਹਿਤ ਨੇ ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਪ੍ਰਧਾਨਮੰਤਰੀ ਨਰਿੰਦਰ ਮੋਦੀ ਦਾ ਇਸ ਮਸਲੇ ’ਤੇ ਕਮੇਟੀ ਦੀ ਮੰਗ ਨੂੰ ਪ੍ਰਵਾਨ ਕਰਨ ਲਈ ਧੰਨਵਾਦ ਵੀ ਕੀਤਾ ਹੈ।
ਜੀ.ਕੇ. ਨੇ ਕਿਹਾ ਕਿ ਸਿੱਖ ਇਤਿਹਾਸ ਮਹਾਨ ਘਟਨਾਵਾਂ ਤੇ ਕੁਰਬਾਨੀਆਂ ਦੀ ਜਿੰਦਾ ਮਿਸਾਲ ਹੈ। ਸਮਾਜ ਨੇ ਵਰਣ ਵੰਡ ਕਰਕੇ ਜਿਨ੍ਹਾਂ ਲੋਕਾਂ ਨੂੰ ਮੰਦਰ ’ਚ ਜਾਣ ਦੀ ਮਨਜੂਰੀ ਨਹੀਂ ਦਿੱਤੀ, ਗੁਰੂ ਸਾਹਿਬਾਨਾਂ ਨੇ ਉਨ੍ਹਾਂ ਭਗਤਾਂ ਦੀ ਬਾਣੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ’ਚ ਸ਼ਾਮਲ ਕਰਕੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਬੈਠਣ ਦੀ ਥਾਂ ਦੇ ਦਿੱਤੀ। ਸਿੱਖ ਇਤਿਹਾਸ ਕੁਰਬਾਨੀਆਂ ਦੇ ਨਾਲ ਹੀ ਸਮਾਜ ਨੂੰ ਸੁਧਾਰਣ ਲਈ ਗੁਰੂ ਸਾਹਿਬਾਨਾਂ ਅਤੇ ਸਿੱਖਾਂ ਵੱਲੋਂ ਕੀਤੇ ਗਏ ਸੁਧਾਰਾਂ ਦੀ ਵੀ ਗਵਾਹੀ ਭਰਦਾ ਹੈ। ਪਰ ਅਫ਼ਸੋਸ ਮੁਲਕ ਦੀਆਂ ਕਿਤਾਬਾਂ ’ਚ ਸਿੱਖ ਇਤਿਹਾਸ ਨੂੰ ਉਹ ਥਾਂ ਨਹੀਂ ਮਿਲੀ ਜਿਸਦੇ ਅਸੀਂ ਹੱਕਦਾਰ ਸੀ।
ਜੀ.ਕੇ. ਨੇ ਇੰਡੀਅਨ ਕੌਂਸਿਲ ਆੱਫ ਹਿਸਟ੍ਰੀ ਰਿਸਰਚ (ਆਈ.ਈ.ਐਚ.ਆਰ.) ਅਤੇ ਨੈਸ਼ਨਲ ਕੌਂਸਿਲ ਆੱਫ਼ ਐਜੂਕੇਸ਼ਨਲ ਰਿਸਰਚ ਐਂਡ ਟ੍ਰੇਨਿੰਗ (ਐਨ.ਸੀ.ਈ.ਆਰ.ਟੀ.) ’ਚ ਇੱਕ ਮੈਂਬਰ ਥਾਪਣ ਦੀ ਮੰਗ ਕਰਦੇ ਹੋਏ ਸ਼੍ਰੋਮਣੀ ਕਮੇਟੀ ਨਾਲ ਮਿਲਕੇ ਸਿੱਖ ਇਤਿਹਾਸਕਾਰਾਂ ਦੀ ਇੱਕ ਕਮੇਟੀ ਬਣਾਉਣ ਦਾ ਵੀ ਐਲਾਨ ਕੀਤਾ। ਜੀ.ਕੇ. ਨੇ ਕਿਹਾ ਕਿ ਅੱਜ ਸਰਕਾਰਾਂ ’ਚ ਬਹਿ ਕੇ ਕਲਮ ਚਲਾਉਣ ਵਾਲੇ ਇਸ ਗੱਲ ਨੂੰ ਯਾਦ ਰੱਖਣ ਕਿ ਸਿੱਖ ਕੌਮ ਦੀਆਂ ਕੁਰਬਾਨੀਆਂ ਕਰਕੇ ਉਹ ਰਾਜ ਭੋਗ ਰਹੇ ਹਨ। ਕਿਤਾਬਾਂ ’ਚ ਸਿੱਖ ਇਤਿਹਾਸ ਨੂੰ ਸ਼ਾਮਲ ਕਰਨਾ ਸਾਡੇ ’ਤੇ ਕੋਈ ਅਹਿਸਾਨ ਨਹੀਂ ਸਗੋਂ ਸਾਡਾ ਹੱਕ ਹੈ। ਸਾਹਿਬਜਾਦਿਆਂ ਦਾ ਇਤਿਹਾਸ ਸਾਮਾਜਿਕ ਵਿਗਿਆਨ ਅਤੇ ਇਤਿਹਾਸ ਦੀਆਂ ਸਕੂਲੀ ਕਿਤਾਬਾਂ ’ਚ ਦਰਜ਼ ਕਰਨ ਨੂੰ ਜੀ.ਕੇ. ਨੇ ਸਮੁੰਦਰ ’ਚੋਂ ਇੱਕ ਬੂੰਦ ਭਰਨ ਦੇ ਤੌਰ ਤੇ ਪਰਿਭਾਸ਼ਿਤ ਕੀਤਾ।
ਸਿਰਸਾ ਨੇ ਕਿਹਾ ਕਿ ਸਿੱਖਾਂ ਦੇ ਇਤਿਹਾਸ ਨੂੰ ਹਮੇਸ਼ਾ ਨਜ਼ਰਅੰਦਾਜ ਕੀਤਾ ਗਿਆ ਹੈ। ਮੀਡੀਆ ਅਤੇ ਸੋਸ਼ਲ ਮੀਡੀਆ ’ਤੇ ਸਮਾਜ ਦੇ ਸਮੂਹ ਤਬਕਿਆਂ ਵੱਲੋਂ ਸਿੱਖਾਂ ਦੀ ਦੇਸ਼ ਨਿਰਮਾਣ ’ਚ ਨਿਭਾਈ ਗਈ ਉਸਾਰੂ ਭੂਮਿਕਾ ਨੂੰ ਉਭਾਰਣ ਵਾਸਤੇ ਹੁਣ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਸਲਾਘਾਯੋਗ ਹਨ। ਸਿਰਸਾ ਨੇ ਜੋਰ ਦੇ ਕੇ ਕਿਹਾ ਕਿ ਸਿੱਖ ਇਤਿਹਾਸ ਨੂੰ ਸਕੂਲੀ ਕਿਤਾਬਾਂ ਦਾ ਹਿੱਸਾ ਬਣਾਉਣ ਦੀ ਚਿੰਤਾ ਸਾਨੂੰ ਦੇਸ਼ ਦੀ ਆਜ਼ਾਦੀ ਮੌਕੇ 1947 ’ਚ ਹੀ ਕਰਨੀ ਚਾਹੀਦੀ ਸੀ। ਪਰ ਬੀਤੇ 4 ਸਾਲ ਦੌਰਾਨ ਦਿੱਲੀ ਕਮੇਟੀ ਨੇ ਸਿੱਖ ਇਤਿਹਾਸ ਨੂੰ ਮੁੜ੍ਹ ਸੁਰਜੀਤ ਕਰਨ ਲਈ ਬੜੇ ਉਪਰਾਲੇ ਕੀਤੇ ਹਨ।
ਸਿਰਸਾ ਨੇ ਪ੍ਰਧਾਨਮੰਤਰੀ ਅਤੇ ਮਨੁੱਖੀ ਸਰੋਤ ਵਿਕਾਸ ਮੰਤਰੀ ਵੱਲੋਂ ਇਸ ਮਸਲੇ ’ਤੇ ਦਿਖਾਏ ਗਏ ਹਾਂ ਪੱਖੀ ਹੁੰਗਾਰੇ ਲਈ ਧੰਨਵਾਦ ਕਰਦੇ ਹੋਏ ਕਿਹਾ ਕਿ ਦਿੱਲੀ ਕਮੇਟੀ ਹੁਣ ਐਨ.ਸੀ.ਈ.ਆਰ.ਟੀ. ਤੋਂ ਬਾਅਦ ਸੂਬਿਆਂ ਦੇ ਸਿੱਖਿਆ ਬੋਰਡਾਂ ਨਾਲ ਸੰਪਰਕ ਕਰੇਗੀ ਤਾਂਕਿ 2 ਫੀਸਦੀ ਸਿੱਖਾਂ ਦਾ ਇਤਿਹਾਸ 100 ਫੀਸਦੀ ਲੋਕਾਂ ਤਕ ਪੁੱਜ ਸਕੇ।
ਹਿਤ ਨੇ ਸਰਕਾਰ ਦੇ ਇਸ ਕਦਮ ਨੂੰ ਵੱਡਾ ਕਦਮ ਕਰਾਰ ਦਿੰਦੇ ਹੋਏੇ ਕਿਹਾ ਕਿ ਸਿੱਖਾਂ ਨੇ ਜਰ, ਜੋਰੂ ਅਤੇ ਜਮੀਨ ਲਈ ਲੜਾਈਆਂ ਨਹੀਂ ਲੜੀਆਂ ਸਗੋਂ ਧਰਮ ਲਈ ਲੜਾਈ ਲੜੀ। ਸਕੂਲੀ ਕਿਤਾਬਾਂ ’ਚ ਇਤਿਹਾਸ ਦਰਜ ਕਰਾਉਣ ’ਚ ਸਾਡਾ ਕੋਈ ਆਪਣਾ ਨਿਜ਼ੀ ਲਾਲਚ ਨਹੀਂ ਹੈ ਸਗੋਂ ਦੇਸ਼ ਨਿਰਮਾਣ ਦੇ ਗੁਆਚੇ ਤਥਾਂ ਨੂੰ ਸਨਮਾਨਿਤ ਕਰਨ ਦੀ ਮੁਹਿੰਮ ਹੈ।